ਬਰਨਾਲਾ (ਵੈੱਬ ਡੈਸਕ) : ਸ਼ਰਾਬ ਪੀਣ ਦੀ ਆਦਤ ਨੂੰ ਲੈ ਕੇ ਅਕਸਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿਣ ਵਾਲੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ਼ਰਾਬ ਪੀਣ ਤੋਂ ਤੌਬਾ ਕਰ ਲਈ ਹੈ। ਬਰਨਾਲਾ ਵਿਖੇ ਅਰਵਿੰਦ ਕੇਜਰੀਵਾਲ ਦੀ ਰੈਲੀ ਵਿਚ ਸ਼ਰਾਬ ਛੱਡਣ ਦਾ ਐਲਾਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀਆਂ ਵਲੋਂ ਉਨ੍ਹਾਂ ਖਿਲਾਫ ਝੂਠਾ ਪ੍ਰਚਾਰ ਕੀਤਾ ਗਿਆ। ਮੇਰੇ 'ਤੇ ਸ਼ਰਾਬ ਪੀ ਕੇ ਟੱਲੀ ਰਹਿਣ ਦੇ ਦੋਸ਼ ਲਗਾਏ ਗਏ, ਪੁਰਾਣੀਆਂ ਵੀਡੀਓ ਲੱਭ ਕੇ ਮੈਨੂੰ ਬਦਨਾਮ ਕੀਤਾ ਗਿਆ ਪਰ ਕਲਾਕਾਰੀ ਦੇ ਪੇਸ਼ੇ ਵਿਚ ਕਦੇ-ਕਦੇ ਉਹ ਸ਼ਰਾਬ ਜ਼ਰੂਰ ਪੀਂਦੇ ਸਨ, ਜਦਕਿ ਵਿਰੋਧੀਆਂ ਨੇ ਮੈਨੂੰ ਬਦਨਾਮ ਜ਼ਿਆਦਾ ਕਰ ਦਿੱਤਾ ਹੈ।

ਬਰਨਾਲਾ ਰੈਲੀ 'ਚ ਭਗਵੰਤ ਮਾਨ ਨੇ ਆਪਣੀ ਮਾਂ ਦੇ ਸਾਹਮਣੇ ਸ਼ਰਾਬ ਛੱਡਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਇਸ ਵਾਰ ਨਵੇਂ ਸਾਲ 'ਤੇ ਅਹਿਦ ਲਿਆ ਹੈ ਕਿ ਜਿੱਥੇ ਜ਼ਿੰਦਗੀ ਵਿਚ ਹੋਰ ਚੀਜ਼ਾਂ ਛੱਡੀਆਂ, ਉੱਥੇ ਸ਼ਰਾਬ ਨੂੰ ਵੀ ਛੱਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1 ਜਨਵਰੀ ਤੋਂ ਲਏ ਇਸ ਫੈਸਲੇ ਨੂੰ ਉਹ ਪੂਰੀ ਜ਼ਿੰਦਗੀ ਨਿਭਾਉਣਗੇ। ਮਾਨ ਨੇ ਕਿਹਾ ਕਿ ਉਹ ਗੁਰਦੁਆਰਾ ਮਸਤੁਆਣਾ ਸਾਹਿਬ ਜਾ ਕੇ ਅਰਦਾਸ ਕਰਨਗੇ ਕਿ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਗਾਉਣਗੇ। ਸਟੇਜ 'ਤੇ ਸੰਬੋਧਨ ਕਰਦੇ ਹੋਏ ਭਾਵੁਕ ਹੋਏ ਮਾਨ ਦੇ ਬੋਲ ਸੁਣ ਕੇ ਉਨ੍ਹਾਂ ਦੀ ਮਾਂ ਵੀ ਭਾਵੁਕ ਹੋ ਗਈ।
ਸਣਯੋਗ ਹੈ ਕਿ ਸ਼ਰਾਬ ਕਰਕੇ ਭਗਵੰਤ ਮਾਨ ਕਈ ਵਿਵਾਦਾਂ ਵਿਚ ਘਿਰ ਚੁੱਕੇ ਹਨ। ਇਕ ਧਾਰਮਿਕ ਸਟੇਜ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ਼ਰਾਬ ਪੀ ਕੇ ਜਾਣ ਦੇ ਦੋਸ਼ ਵੀ ਭਗਵੰਤ ਮਾਨ 'ਤੇ ਲੱਗੇ ਸਨ। ਇਸ ਤੋਂ ਇਲਾਵਾ ਸਾਥੀ ਸੰਸਦ ਮੈਂਬਰਾਂ ਵਲੋਂ ਵੀ ਉਨ੍ਹਾਂ 'ਤੇ ਸ਼ਰਾਬ ਪੀ ਕੇ ਸੰਸਦ ਵਿਚ ਜਾਣ ਦੇ ਦੋਸ਼ ਵੀ ਮੜ੍ਹੇ ਗਏ ਸਨ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਉੱਤਰਾਖੰਡ ਦੇ ਸੀ. ਐੱਮ. ਰਾਵਤ
NEXT STORY