ਜਲੰਧਰ/ਚੰਡੀਗੜ੍ਹ (ਧਵਨ)–ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਜਪਾ ਹਰ ਸੂਬੇ ’ਚ ਵੱਡੇ-ਵੱਡੇ ਨਾਅਰੇ ਦਿੰਦੀ ਹੈ ਪਰ ਉਸ ਨੇ ਦਿੱਲੀ ਵਿਚ ਕਦੇ ਵੀ ਸੀਟਾਂ ਜਿੱਤਣ ਨੂੰ ਲੈ ਕੇ ਵੱਡਾ ਨਾਅਰਾ ਨਹੀਂ ਦਿੱਤਾ। ਮੁੱਖ ਮੰਤਰੀ ਬੀਤੇ ਦਿਨ ਇਥੇ ਗਾਂਧੀ ਨਗਰ ਵਿਧਾਨ ਸਭਾ ਹਲਕਾ, ਦਿੱਲੀ ’ਚ ‘ਆਪ’ ਦੇ ਉਮੀਦਵਾਰ ਦੇ ਹੱਕ ਵਿਚ ਰੋਡ ਸ਼ੋਅ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵੋਟਰਾਂ ਨੇ ਇਹ ਫ਼ੈਸਲਾ ਕਰਨਾ ਹੈ ਕਿ ਕਿਹੜੀ ਪਾਰਟੀ ਨਫ਼ਰਤ ਦੀ ਸਿਆਸਤ ਨਹੀਂ ਕਰਦੀ ਜਾਂ ਕਿਹੜੇ ਉਮੀਦਵਾਰ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ, ਉਨ੍ਹਾਂ ਵਿਚੋਂ ਚੰਗੇ ਉਮੀਦਵਾਰਾਂ ਦੀ ਚੋਣ ਕਰਨੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਹੈ ਅਤੇ ਚੰਡੀਗੜ੍ਹ, ਜਲੰਧਰ ਅਤੇ ਪਟਿਆਲਾ ’ਚ ਆਮ ਆਦਮੀ ਪਾਰਟੀ ਦੇ ਮੇਅਰ ਕੰਮ ਕਰ ਰਹੇ ਹਨ। ਸਾਡੀ ਪਾਰਟੀ ਕੌਮੀ ਪਾਰਟੀ ਬਣ ਚੁੱਕੀ ਹੈ, ਜਿਸ ਦਾ ਆਧਾਰ ਗੁਜਰਾਤ ਅਤੇ ਗੋਆ ਵਿਚ ਵੀ ਹੈ। ਭਾਵੇਂ ਮੁਹੱਲਾ ਕਲੀਨਿਕ, ਹਸਪਤਾਲ, ਮੁਫ਼ਤ ਬਿਜਲੀ ਦੇਣ ਜਾਂ ਚੰਗੇ ਸਕੂਲ ਬਣਾਉਣ ਦਾ ਕੰਮ ਹੋਵੇ, ਦਿੱਲੀ ਵਿਚ ਪੂਰੇ ਕੰਮ ਕੇਜਰੀਵਾਲ ਸਰਕਾਰ ਨੇ ਕੀਤੇ ਹਨ ਅਤੇ ਪੰਜਾਬ ਵਿਚ ਵੀ ਇਹ ਕੰਮ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ 850 ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਜਿੱਥੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੀ ਗਈ ਹੈ, ਜਿੱਥੋਂ ਦੇ ਵਿਦਿਆਰਥੀ ਜੇ. ਈ., ਆਈ. ਆਈ. ਟੀ. ਅਤੇ ਮੈਡੀਕਲ ਦੀਆਂ ਪ੍ਰੀਖਿਆਵਾਂ ਕਲੀਅਰ ਕਰ ਰਹੇ ਹਨ। ਇਹ ਉਹ ਬੱਚੇ ਹਨ, ਜਿਨ੍ਹਾਂ ਦੇ ਮਾਪੇ ਬਹੁਤ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ।
ਇਹ ਵੀ ਪੜ੍ਹੋ : ਜਲੰਧਰ ਵਿਖੇ ਖ਼ੂਹ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਨਵਾਂ ਮੋੜ, ਮੰਗੇਤਰ ਨੇ ਖੋਲ੍ਹਿਆ ਵੱਡਾ ਰਾਜ਼
ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਭਾਜਪਾ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਹ ਧਰਮ ਦੀ ਸਿਆਸਤ ਕਰਦੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਰੋਜ਼ਗਾਰ ਦੀ ਗੱਲ ਕਰਦੀ ਹੈ, ਜਿਸ ਨੇ ਪੰਜਾਬ ਵਿਚ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅਸੀਂ ਚੰਗੇ ਹਸਪਤਾਲਾਂ ਤੇ ਚੰਗੇ ਸਕੂਲਾਂ ਦੀ ਗੱਲ ਕਰਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਪਹਿਲਾਂ ਚੋਣ ਮੈਨੀਫੈਸਟੋ ਜਾਰੀ ਕਰਦੀਆਂ ਸਨ ਪਰ ਜਦੋਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਚੋਣ ਗਾਰੰਟੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਤਾਂ ਇਨ੍ਹਾਂ ਪਾਰਟੀਆਂ ਨੇ ਵੀ ਸਾਡੀ ਨਕਲ ਕਰਕੇ ਗਾਰੰਟੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦਿੱਲੀ ਵਿਚ ਚੰਗੇ ਸਕੂਲ ਤੇ ਹਸਪਤਾਲ ਬਣਾਉਣ ਵਾਲਿਆਂ ਨੂੰ ਜੇਲ ਭੇਜ ਦਿੱਤਾ ਗਿਆ। ਕੇਜਰੀਵਾਲ ਨੂੰ ਵੀ ਜੇਲ ’ਚ ਭੇਜਿਆ ਗਿਆ ਪਰ ਉਨ੍ਹਾਂ ਦੀ ਸੋਚ ਨੂੰ ਭਾਜਪਾ ਕੈਦ ਨਹੀਂ ਕਰ ਸਕੀ। ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਬਣਨ ਜਾ ਰਹੀ ਹੈ। ਲੋਕਾਂ ਨੇ ਮਨ ਬਣਾ ਲਿਆ ਹੈ। ਹੁਣ ਤਾਂ ਬਸ ਰਸਮ ਹੀ ਬਾਕੀ ਰਹਿ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ: Instagram'ਤੇ Followers ਵਧਾਉਣ ਲਈ ਬੇਜ਼ੁਬਾਨਾਂ 'ਤੇ ਢਾਇਆ ਕਹਿਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਰਾਜ ਡੀਅਰ ਲੋਹੜੀ ਮਹਾਂਬੰਪਰ ਦਾ ਡਰਾਅ ਭਲਕੇ, ਲੋਕਾਂ 'ਚ ਭਾਰੀ ਉਤਸ਼ਾਹ
NEXT STORY