ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹਵਾਈ ਸਫਰ ਦੇ ਖਰਚ ਲਈ ਸੂਬੇ ਦੇ ਸਰਕਾਰੀ ਖਜ਼ਾਨੇ ’ਚੋਂ ਕਰੋੜਾਂ ਰੁਪਏ ਕਿਉਂ ਖਰਚ ਕਰ ਰਹੇ ਹਨ ਅਤੇ ਰਾਜ ਸਰਕਾਰ ਨੇ ਫਿਕਸ ਵਿੰਗ ਹਵਾਈ ਜਹਾਜ਼ ਖਰੀਦਣ ਦਾ ਫੈਸਲਾ ਕਿਉਂ ਲਿਆ ਹੈ ਜਦਕਿ ਇਸ ਕੋਲ ਪਹਿਲਾਂ ਹੀ ਹੈਲੀਕਾਪਟਰ ਮੌਜੂਦ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ‘ਆਪ’ ਦੇ ਕਨਵੀਨਰ ਤੇ ਉਨ੍ਹਾਂ ਦੇ ਨਾਲ ਸਫਰ ਕਰਨ ਵਾਲਿਆਂ ਲਈ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫਿਕਸ ਵਿੰਗ ਵਾਲੇ ਹਵਾਈ ਜਹਾਜ਼ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸਦਾ ਭੁਗੌਲਿਕ ਖੇਤਰ ਬਹੁਤ ਛੋਟਾ ਹੈ ਅਤੇ ਇਸਦੀ ਵਰਤੋਂ ਪੰਜਾਬ ਤੋਂ ਬਾਹਰ ਕੇਜਰੀਵਾਲ ਦੇ ਚੋਣ ਪ੍ਰਚਾਰ ਲਈ ਹੋਰ ਸੂਬਿਆਂ ਦੇ ਦੌਰੇ ਕਰਨ ਵੇਲੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੌਜੂਦਾ ਸਮੇਂ ਵਿਚ ਪ੍ਰਾਈਵੇਟ ਜੈੱਟ ਕਿਰਾਏ ’ਤੇ ਲੈ ਰੱਖੇ ਹਨ ਜਿਨ੍ਹਾਂ ਦੀ ਕੀਮਤ 44 ਲੱਖ ਰੁਪਏ ਤੇ 55 ਲੱਖ ਰੁਪਏ ਪ੍ਰਤੀ ਦੌਰਾ ਕੇਜਰੀਵਾਲ ਦੇ ਗੁਜਰਾਤ ਚੋਣਾਂ ਲਈ ਪ੍ਰਚਾਰ ਲਈ ਖਰਚ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਕਨਵੀਨਰ ਦੇਸ਼ ਭਰ ਵਿਚ ਘੁੰਮਣਾ ਚਾਹੁੰਦੇ ਹਨ ਅਤੇ ਭਗਵੰਤ ਮਾਨ ਨੇ ਪੰਜਾਬੀਆਂ ਵੱਲੋਂ ਇਸਦਾ ਬਿੱਲ ਮਾਰਨ ਦੀ ਜ਼ਿੰਮੇਵਾਰੀ ਚੁੱਕੀ ਹੈ।
ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ 10 ਸੀਟਾਂ ਵਾਲਾ ਇਕ ਸਾਲ ਲਈ ਡੈਸਾਲਟ ਫੈਲਕਨ 2000 ਫਿਕਸ ਵਿੰਗ ਹਵਾਈ ਜਹਾਜ਼ ਇਕ ਸਾਲ ਵਾਸਤੇ ਕਿਰਾਏ ’ਤੇ ਲੈਣ ਦਾ ਆਪਣਾ ਫੈਸਲਾ ਵਾਪਸ ਲੈਣ। ਉਨ੍ਹਾਂ ਕਿਹਾ ਕਿ ਪੈਸੇ ਦੀ ਇਹ ਬਰਬਾਦੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਸੂਬੇ ਦੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ। ਕਮਜ਼ੋਰ ਵਰਗਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਨਹੀਂ ਮਿਲੇ ਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ‘ਆਪ’ ਸਰਕਾਰ ਨੇ ਸਰਕਾਰੀ ਹੈਲੀਕਾਪਟਰ ਰਾਹੀਂ ਸਫਰ ’ਤੇ ਕਰੋੜਾਂ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਫਿਕਸ ਵਿੰਗ ਹਵਾਈ ਜਹਾਜ਼ ਕਿਰਾਏ ’ਤੇ ਲੈਣ ਨਾਲ ਇਹ ਭਾਰ ਹੋਰ ਜ਼ਿਆਦਾ ਵੱਧ ਜਾਵੇਗਾ।
ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਅਸਲ ਰੰਗ ਵਿਖਾ ਰਹੀ ਹੈ। ਉਹਨਾਂ ਕਿਹਾ ਕਿ ਇਹ ਉਹੀ ਪਾਰਟੀ ਹੈ ਜਿਸਦਾ ਮੁਖੀ ਵੈਗਨ ਆਰ ਕਾਰ ਰਾਹੀਂ ਸਫਰ ਕਰਨ ਦਾ ਡਰਾਮਾ ਕਰਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਸਾਦਗੀ ਦੀਆਂ ਅਖੌਤੀ ਕਹਾਣੀਆਂ ਦੱਸਣ ਦਾ ਪੂਰਾ ਚਾਅ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ ਜਿਹਨਾਂ ਨੇ ਪ੍ਰਾਈਵੇਟ ਹਵਾਈ ਜਹਾਜ਼ ਕਿਰਾਏ ’ਤੇ ਲਏ ਹਨ ਤੇ ਇਹ ਇਕ ਥਾਂ ਤੋਂ ਦੂਜੀ ਥਾਂ ਗੇੜੇ ’ਤੇ ਗੇੜੇ ਮਾਰ ਰਹੇ ਹਨ ਤੇ ਇਨ੍ਹਾਂ ਨੂੰ ਸਰਕਾਰੀ ਖਜ਼ਾਨੇ ’ਤੇ ਪੈ ਰਹੇ ਭਾਰ ਦੀ ਕੋਈ ਪਰਵਾਹ ਨਹੀਂ ਹੈ।
ਐੱਸ.ਸੀ.ਕਮਿਸ਼ਨ ਦੇ ਦਖਲ ਤੋਂ ਬਾਅਦ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਵਿਰੁੱਧ ਕੇਸ ਦਰਜ
NEXT STORY