ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਸੰਗਰੂਰ ਤੇ ਬਰਨਾਲਾ 'ਚ ਦਲਿਤ ਵਿਦਿਆਰਥੀਆਂ ਲਈ ਸਰਕਾਰੀ ਹੋਸਟਲ ਬਣਾਉਣਗੇ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦਿੱਲੀ 'ਚ ਕੇਂਦਰੀ ਸਮਾਜਿਕ-ਨਿਆਂ ਤੇ ਸ਼ਸਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਤੇ ਰਾਜ ਮੰਤਰੀ ਰਤਨ ਲਾਲ ਕਟਾਰੀਆ ਨਾਲ ਮੁਲਾਕਾਤ ਕਰਕੇ ਦਲਿਤ ਵਿਦਿਆਰਥੀਆਂ ਤੇ ਅਪਾਹਜ ਨਾਗਰਿਕਾਂ ਨੂੰ ਦਰਪੇਸ਼ ਚੁਣੌਤੀਆਂ-ਸਮੱਸਿਆਵਾਂ ਵੀ ਉਠਾਈਆਂ।
ਭਗਵੰਤ ਮਾਨ ਨੇ ਦੱਸਿਆ ਕਿ ਸਮਾਜਿਕ ਨਿਆਂ ਤੇ ਸ਼ਸ਼ਕਤੀਕਰਨ ਮੰਤਰਾਲੇ ਨੇ ਉਨ੍ਹਾਂ (ਮਾਨ) ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਿਆ ਤੇ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ 'ਚ ਦਲਿਤ ਵਿਦਿਆਰਥੀਆਂ ਲਈ 2 ਸਰਕਾਰੀ ਹੋਸਟਲ ਬਣਾਉਣ ਦੀ ਤਜਵੀਜ਼ ਨੂੰ ਸਵੀਕਾਰ ਕਰ ਲਿਆ। ਮਾਨ ਨੇ ਕਿਹਾ ਕਿ ਇਹ ਹੋਸਟਲ ਇਲਾਕੇ ਦੇ ਦਲਿਤ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਛੇਤੀ ਹੀ ਮੁੱਢਲੀ ਉਪਚਾਰਿਕਤਾ ਪੂਰੀ ਕਰਕੇ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਅਪਾਹਜ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਦਰਪੇਸ਼ ਦਿੱਕਤਾਂ ਵੀ ਦੋਵੇਂ ਮੰਤਰੀਆਂ ਨਾਲ ਸਾਂਝੀਆਂ ਕੀਤੀਆਂ। ਜਿਸ 'ਤੇ ਪਹਿਲੇ ਪੜਾਅ 'ਚ ਬੈਟਰੀ ਨਾਲ ਚੱਲਣ ਵਾਲੀਆਂ 150 ਵਹੀਲ ਚੇਅਰਾਂ ਲੋਕ ਸਭਾ ਹਲਕਾ ਸੰਗਰੂਰ ਨੂੰ ਮਿਲ ਰਹੀਆਂ ਹਨ। ਮਾਨ ਨੇ ਦੱਸਿਆ ਕਿ ਪ੍ਰਤੀ ਵਹੀਲ ਚੇਅਰ ਲਈ ਐਮ. ਪੀ. ਕੋਟੇ (ਐਮ. ਪੀ. ਐਲ. ਏ. ਡੀ) ਦੇ ਫ਼ੰਡ 'ਚੋਂ 12 ਹਜ਼ਾਰ ਦਿੱਤੇ ਜਾਣਗੇ ਤੇ ਬਾਕੀ ਹਿੱਸੇ ਕੇਂਦਰ ਸਰਕਾਰ ਵਲੋਂ ਪਾਇਆ ਜਾਵੇਗਾ। ਇਸ ਤੋਂ ਇਲਾਵਾ ਸਮਾਜਿਕ ਨਿਆਂ ਤੇ ਸ਼ਸ਼ਕਤੀਕਰਨ ਮੰਤਰਾਲੇ ਵੱਲੋਂ ਸੰਗਰੂਰ 'ਚ ਕੈਂਪ ਲਗਾ ਕੇ ਕੰਨਾਂ ਵਾਲੀਆਂ ਮਸ਼ੀਨਾਂ ਤੇ ਐਨਕਾਂ ਵੀ ਲੋੜਵੰਦਾਂ ਨੂੰ ਮੁਹੱਈਆ ਕੀਤੀਆਂ ਜਾਣਗੀਆਂ।
ਧਨੇਰ ਦੀ ਸਜ਼ਾ ਮੁਆਫੀ ਲਈ ਗ੍ਰਹਿ ਸਕੱਤਰ ਕੋਲ ਪੁੱਜੀ 'ਆਪ'
NEXT STORY