ਸ਼ੇਰਪੁਰ (ਸਿੰਗਲਾ)- ਸੋਸ਼ਲ ਮੀਡੀਆ 'ਤੇ ਜ਼ਿਲਾ ਮੋਗਾ ਦੇ ਪਿੰਡ ਘੋਲੀਆਂ ਖੁਰਦ ਦੇ ਨੌਜਵਾਨ ਨੇ ਦੁਬਈ 'ਚ ਫਸੇ ਹੋਣ ਦੀ ਆਪਣੀ ਵੀਡੀਓ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਪਾਉਂਦੇ ਹੋਏ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਦੁਬਈ 'ਚ ਫਸ ਚੁੱਕਿਆ ਹੈ ਅਤੇ ਹੋਰ ਮੁੰਡੇ ਵੀ ਇੱਥੇ ਫਸੇ ਹੋਏ ਹਨ, ਉਨ੍ਹਾਂ ਦਾ ਵੀ ਬੁਰਾ ਹਾਲ ਹੈ। ਨੌਜਵਾਨ ਰੋ-ਰੋ ਕੇ ਆਪਣੇ ਆਪ ਨੂੰ ਬਚਾ ਲੈਣ ਲਈ ਅਪੀਲ ਕਰ ਰਿਹਾ ਹੈ। ਨੌਜਵਾਨ ਦੱਸ ਰਿਹਾ ਹੈ ਕਿ ਪੰਜਗਰਾਈਆਂ ਦੇ ਇਕ ਏਜੰਟ ਨੇ ਉਸ ਨੂੰ ਕੁਵੈਤ ਭੇਜਣ ਦਾ ਕਿਹਾ ਸੀ ਪਰ ਦੁਬਈ ਭੇਜ ਦਿੱਤਾ ਹੈ। ਜਦਕਿ ਰੋਟੀ-ਪਾਣੀ ਕੰਪਨੀ ਦਾ ਕਿਹਾ ਗਿਆ ਸੀ ਅਤੇ ਸੈਲਰੀ 800 ਪਲੱਸ 200 ਕਹੀ ਗਈ ਸੀ ਪਰ ਏਜੰਟ ਦੀ ਇਕ ਵੀ ਗੱਲ ਪੂਰੀ ਨਹੀਂ ਹੋਈ। ਨੌਜਵਾਨ ਦੇ ਦੱਸਣ ਅਨੁਸਾਰ ਇਕ ਤਰੀਕੇ ਨਾਲ ਏਜੰਟ ਨੇ ਉਨ੍ਹਾਂ ਨੂੰ ਇੱਥੇ ਵੇਚ ਦਿੱਤਾ ਹੈ।
ਇਹ ਲੋਕ ਜਿੱਥੇ ਉਨ੍ਹਾਂ ਨੂੰ ਸੈਲਰੀ ਚੰਗੀ ਮਿਲਦੀ ਹੈ, ਉਹ ਬੰਦੇ ਨੂੰ ਉੱਥੇ ਭੇਜਦੇ ਹਨ। ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ 23 ਰੁਪਏ ਹੀ ਸੈਲਰੀ ਮਿਲਦੀ ਹੈ ਜਦਕਿ ਸੈਲਰੀ 700 ਰੁਪਏ ਹੈ, ਜਿਸ ਕਰਕੇ ਉਨ੍ਹਾਂ ਦਾ ਇੱਥੇ ਬੁਰਾ ਹਾਲ ਹੈ, ਉਹ ਰੋਟੀ-ਪਾਣੀ ਆਪ ਬਣਾਉਂਦੇ ਹਨ। ਨੌਜਵਾਨ ਨੇ ਰੋਂਦੇ ਹੋਏ ਫਿਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਇੱਥੋਂ ਕਢਵਾਇਆ ਜਾਵੇ ਅਤੇ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਏਜੰਟ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਦਾ ਲਾਇਲੈਂਸ ਰੱਦ ਕੀਤਾ ਜਾਵੇ ਤਾਂ ਜੋ ਇਹ ਏਜੰਟ ਹੋਰ ਲੋਕਾਂ ਨੂੰ ਗੁੰਮਰਾਹ ਨਾ ਕਰ ਸਕੇ। ਉਨ੍ਹਾਂ ਦੇ ਏਜੰਟ ਨੇ 1 ਲੱਖ 50 ਹਜ਼ਾਰ ਰੁਪਏ ਲਗਵਾ ਦਿੱਤੇ ਹਨ, ਜਿਸ ਕਰਕੇ ਹੁਣ ਉਸ ਦੇ ਘਰ ਦੀ ਹਾਲਤ ਵੀ ਤਰਸਯੋਗ ਬਣ ਚੁੱਕੀ ਹੈ। ਜਦੋਂ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਇਸ ਨੌਜਵਾਨ ਦਾ ਪਾਸਪੋਰਟ ਨੰਬਰ ਪ੍ਰਾਪਤ ਕਰ ਰਹੇ ਹਨ ਅਤੇ ਉਸ ਦੇ ਤਰੁੰਤ ਬਾਅਦ ਵਿਦੇਸ਼ ਮੰਤਰਾਲਾ ਨਾਲ ਗੱਲਬਾਤ ਕਰ ਕੇ ਇਸ ਨੌਜਵਾਨ ਨੂੰ ਵਿਦੇਸ਼ ਤੋਂ ਦੇਸ਼ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਬੰਦੂਕ ਦੀ ਸਫਾਈ ਕਰਦੇ ਸਮੇਂ ਚੱਲੀ ਗੋਲੀ, ਸਾਬਕਾ ਸਰਪੰਚ ਦੀ ਮੌਤ
NEXT STORY