ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ’ਚ ਸਿਰਫ਼ 6 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਪੰਜਾਬ ਸਰਕਾਰ ਨੇ ਆਪਣਾ ਪਹਿਲਾ ਵਾਅਦਾ ਪੂਰਾ ਕਰ ਦਿੱਤਾ। ਐਤਵਾਰ ਗੁਜਰਾਤ ਦੇ ਖੇਦ ਬ੍ਰਹਮਾ ’ਚ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ 72 ਲੱਖ ਘਰਾਂ ’ਚੋਂ ਲਗਭਗ 50 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਸਰਦੀਆਂ ’ਚ 90 ਫ਼ੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਏਗਾ ਕਿਉਂਕਿ ਸਰਦੀਆਂ ’ਚ ਬਿਜਲੀ ਦੀ ਖ਼ਪਤ ਹੋਰ ਘੱਟ ਹੋ ਜਾਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਦਿੱਲੀ ਅਤੇ ਪੰਜਾਬ ਸਰਕਾਰਾਂ ਲੋਕਾਂ ਦੇ ਬਿਜਲੀ ਬਿੱਲ ਮੁਆਫ਼ ਕਰ ਸਕਦੀ ਹੈ ਤਾਂ ਫਿਰ ਦੇਸ਼ ਦੇ ਹੋਰ ਸੂਬੇ ਅਜਿਹਾ ਕਿਉਂ ਨਹੀਂ ਕਰ ਸਕਦੇ। ਗੁਜਰਾਤ ਦੇ ਲੋਕ ਵੀ ਹੁਣ ਪੰਜਾਬ ਵਾਂਗ ਬਦਲਾਅ ਦੇ ਰਾਹ ’ਤੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ’ਚ ਈਮਾਨਦਾਰ ਸਰਕਾਰਾਂ ਕੰਮ ਕਰ ਰਹੀਆਂ ਹਨ। ਪੰਜਾਬ ’ਚ ‘ਆਪ’ ਸਰਕਾਰ ਨੇ 17 ਹਜ਼ਾਰ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਇਹ 6 ਮਹੀਨੇ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਭ੍ਰਿਸ਼ਟਾਚਾਰ ਖ਼ਿਲਾਫ਼ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲਿਆ। ਕਈ ਸਾਬਕਾ ਮੰਤਰੀਆਂ ਨੂੰ ਜੇਲ੍ਹਾਂ ’ਚ ਭੇਜਿਆ ਗਿਆ ਅਤੇ ਕਈ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਜੇਕਰ ਉੱਪਰ ਬੈਠੇ ਆਗੂਆਂ ਦੀ ਨੀਅਤ ਸਾਫ਼ ਹੋਵੇ ਤਾਂ ਹੇਠਾਂ ਵਾਲੇ ਵੀ ਈਮਾਨਦਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਦੇਸ਼ ਪੱਧਰੀ ਸਰਵੇਖਣ ’ਚ 154ਵੇਂ ਰੈਂਕ ’ਤੇ ਆਇਆ ਜਲੰਧਰ ਸ਼ਹਿਰ, ਸਵੱਛਤਾ ਰੈਂਕਿੰਗ ’ਚ 7 ਅੰਕਾਂ ਦਾ ਸੁਧਾਰ
ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਹੋਏ ਕਿਹਾ ਕਿ ਉਹ ਜਿੰਨੇ ਮਰਜੀ ਹੀਰੇ-ਮੋਤੀ ਇਕੱਠੇ ਕਰ ਲੈਣ ਪਰ ਕਫ਼ਨ ’ਤੇ ਕੋਈ ਜੇਬ ਨਹੀਂ ਹੁੰਦੀ ਹੈ। ਭ੍ਰਿਸ਼ਟਾਚਾਰ ਨਾਲ ਪੈਸਾ ਇਕੱਠਾ ਕਰਨ ਵਾਲੇ ਇਹ ਗੱਲ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੂੰ ਗ਼ਰੀਬਾਂ ਦੀਆਂ ਅਸੀਸਾਂ ਨਹੀਂ ਮਿਲਣਗੀਆਂ ਅਤੇ ਗਰੀਬਾਂ ਦੀਆਂ ਅਸੀਸਾਂ ਸਿੱਧੇ ਪ੍ਰਮਾਤਮਾ ਤੱਕ ਪਹੁੰਚਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਇੱਕਜੁੱਟ ਸਨ ਪਰ ਪੰਜਾਬ ’ਚ ਲੋਕਾਂ ਨੇ 6 ਮਹੀਨੇ ਪਹਿਲਾਂ ਹੀ ਬਦਲਾਅ ਲਿਆਂਦਾ ਸੀ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਸਨ, ਸਗੋਂ ਆਮ ਲੋਕਾਂ ’ਚੋਂ ਚੰਗੇ ਲੋਕਾਂ ਨੂੰ ਟਿਕਟਾਂ ਦਿੱਤੀਆਂ, ਜਿਨ੍ਹਾਂ ਨੇ ਦਿੱਗਜ ਕਾਂਗਰਸ ਆਗੂਆਂ ਨੂੰ ਹਰਾਇਆ। ਲੋਕਤੰਤਰ ’ਚ ਲੋਕ ਹਮੇਸ਼ਾ ਵੱਡੇ ਹੁੰਦੇ ਹਨ, ਹੁਣ ਗੁਜਰਾਤ ’ਚ ਵੀ ਪੰਜਾਬ ਵਰਗੇ ਨਤੀਜੇ ਆਉਣ ਦੀ ਉਮੀਦ ਹੈ ਕਿਉਂਕਿ ਇਨ੍ਹਾਂ ਜਨਸਭਾਵਾਂ ’ਚ ਲੋਕ ਖ਼ੁਦ ਆਏ ਹਨ, ਜੋਕਿ ਬਦਲਾਅ ਦਾ ਸੰਕੇਤ ਹੈ। ਕਾਂਗਰਸ ’ਤੇ ਚੁਟਕੀ ਲੈਂਦਿਆਂ, ਭਗਵੰਤ ਮਾਨ ਨੇ ਕਿਹਾ ਕਿ ਉਸ ਦਾ ਪ੍ਰਧਾਨ ਬਣਨ ਲਈ ਕੋਈ ਵੀ ਵਿਅਕਤੀ ਤਿਆਰ ਨਹੀਂ ਹੋ ਰਿਹਾ। ਹਰ ਰੋਜ਼ ਕਾਂਗਰਸ ਦੇ ਵਿਧਾਇਕ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਅਸੀਂ ਗੁਜਰਾਤ ’ਚ ਵਿਕਣ ਵਾਲੇ ਵਿਧਾਇਕਾਂ ਨੂੰ ਨਹੀਂ ਚੁਣਨਾ ਕਿਉਂਕਿ ਜਦੋਂ ਵਿਧਾਇਕ ਵਿਕ ਜਾਣ ਤਾਂ ਸਮਝੋ ਕਿ ਲੋਕਾਂ ਦੀ ਵੋਟ ਖਰੀਦੀ ਗਈ। ਜਦੋਂ ਲੋਕ ਜਾਗਦੇ ਹਨ ਤਾਂ ਬਦਲਾਅ ਆਉਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ’ਚ 27 ਸਾਲਾਂ ਤੋਂ ਲੋਕਾਂ ਨੇ ਆਪਣੇ ਗੁੱਸੇ ਨੂੰ ਪੀਤਾ ਹੋਇਆ ਸੀ। ਇਸ ਲਈ ਹੁਣ ਜਨਤਾ 27 ਸਾਲਾਂ ਦਾ ਹਿਸਾਬ 27 ਮਿੰਟਾਂ ’ਚ ਲਵੇਗੀ।
ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ ਰੇਲ ਦਾ ਸਫ਼ਰ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ, ਅੱਜ 3 ਘੰਟੇ ਬੰਦ ਰਹਿਣਗੇ ਰੇਲਵੇ ਟਰੈਕ
NEXT STORY