ਲੁਧਿਆਣਾ: ਲੁਧਿਆਣਾ ਦੀ ਸੈਸ਼ਨ ਕੋਰਟ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਹੋਟਲ ਪਾਰਕ ਪਲਾਜ਼ਾ ਦੇ ਮਾਲਕ ਜਸਬੀਰ ਸਿੰਘ ਉਰਫ਼ ਜੱਸੀ ਖੰਗੂੜਾ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਬਰਿੰਦਰ ਸਿੰਘ ਰਮਾਣਾ ਦੀ ਅਦਾਲਤ ਵੱਲੋਂ ਸਾਲ 2008 ਦੇ ਇਕ ਮਾਮਲੇ ਵਿਚ ਸੁਣਾਇਆ ਗਿਆ ਹੈ, ਜਿਸ ਵਿੱਚ ਖੰਗੂੜਾ ਨੂੰ ਸਰਕਾਰੀ ਕੰਮ ਵਿਚ ਅੜਿੱਕਾ ਪਾਉਣ ਦਾ ਦੋਸ਼ੀ ਪਾਇਆ ਗਿਆ ਹੈ।
ਇਹ ਵਿਵਾਦ ਸਾਲ 2008 ਦੀਆਂ ਬਲਾਕ ਸਮਿਤੀ ਚੋਣਾਂ ਦੌਰਾਨ ਸ਼ੁਰੂ ਹੋਇਆ ਸੀ। ਲੁਧਿਆਣਾ ਦੇ ਡੇਹਲੋਂ ਇਲਾਕੇ ਵਿਚ ਵੋਟਿੰਗ ਦੌਰਾਨ ਜੱਸੀ ਖੰਗੂੜਾ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਚੋਣ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਨਾਲ ਬਦਤਮੀਜ਼ੀ ਕੀਤੀ ਅਤੇ ਉਨ੍ਹਾਂ ਨੂੰ ਬੈਲੇਟ ਬਾਕਸ ਲਿਜਾਣ ਤੋਂ ਰੋਕਿਆ। ਇਸ ਸਬੰਧੀ ਰਿਟਰਨਿੰਗ ਅਫ਼ਸਰ ਫਕੀਰ ਸਿੰਘ ਨੇ ਕੋਰਟ ਵਿਚ ਕੇਸ ਦਾਇਰ ਕੀਤਾ ਸੀ।
ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਜੱਸੀ ਖੰਗੂੜਾ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ। ਖੰਗੂੜਾ ਦੇ ਕਾਨੂੰਨੀ ਸਲਾਹਕਾਰ ਕੇ.ਕੇ. ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਫੈਸਲੇ ਵਿਰੁੱਧ ਹਾਈ ਕੋਰਟ ਵਿਚ ਅਪੀਲ ਕਰਨਗੇ। ਜੱਸੀ ਖੰਗੂੜਾ ਲੁਧਿਆਣਾ ਦੇ ਇਕ ਪ੍ਰਮੁੱਖ ਸਿਆਸਤਦਾਨ ਅਤੇ ਕਾਰੋਬਾਰੀ ਹਨ, ਜੋ 2007 ਵਿੱਚ ਕਿਲਾ ਰਾਏਪੁਰ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸੀ, ਪਰ ਲੋਕ ਸਭਾ ਚੋਣਾਂ ਦੌਰਾਨ ਟਿਕਟ ਨਾ ਮਿਲਣ 'ਤੇ ਉਹ ਵਾਪਸ ਕਾਂਗਰਸ ਵਿਚ ਆ ਗਏ ਸਨ।
ਪੰਜਾਬ : ਔਰਤ ਦੇ ਕੰਨ 'ਚੋਂ ਸੋਨੇ ਦਾ ਟਾਪਸ ਝਪਟ ਕੇ ਲੈ ਗਿਆ ਬਾਂਦਰ
NEXT STORY