ਚੰਡੀਗੜ੍ਹ, (ਰਮਨਜੀਤ)- ‘ਆਪ’ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਸਬੰਧੀ ਕੀਤੀ ਗਈ ਬਿਆਨਬਾਜ਼ੀ ’ਤੇ ਤਿੱਖਾ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਇਸ ਗੱਲ ਦਾ ਦੁੱਖ ਹੈ ਕਿ ਭਗਵੰਤ ਮਾਨ ਨੇ ਸੰਸਦ ਭਵਨ ਵਿਚ ਉਨ੍ਹਾਂ ਦੇ ਬੌਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕਿਸਾਨਾਂ ਦੇ ਹੱਕ ਵਿਚ ਕਾਲੇ ਕਾਨੂੰਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਕੈ. ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਜਦੋਂ ਕਾਂਗਰਸ ਦੇ ਐੱਮ.ਪੀ. ਇਸ ਗੱਲ ’ਤੇ ਚੁੱਪੀ ਧਾਰ ਸਕਦੇ ਹਨ ਤਾਂ ਭਗਵੰਤ ਮਾਨ ਨੂੰ ਨਰਿੰਦਰ ਮੋਦੀ ਖਿਲਾਫ਼ ਨਾਅਰੇਬਾਜ਼ੀ ਕਰਨ ਦੀ ਕੀ ਜ਼ਰੂਰਤ ਸੀ। ਚੀਮਾ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਤਾਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਹਨ ਪਰ ਸੇਕ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਲੱਗ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਝੂਠਾ ਕਹਿਣ ਵਾਲੇ ਕੈ. ਅਮਰਿੰਦਰ ਸਿੰਘ ਖੁਦ ਦੱਸਣ ਕਿ ਜਦ ਉਨ੍ਹਾਂ ਨੂੰ ਖੇਤੀ ਸਬੰਧੀ ਆ ਰਹੇ ਕਾਲੇ ਕਾਨੂੰਨਾਂ ਬਾਰੇ ਪਤਾ ਸੀ ਤਾਂ ਉਨ੍ਹਾਂ (ਕੈਪਟਨ) ਨੇ ਪੰਜਾਬ ਦੇ ਕਿਸਾਨਾਂ ਨੂੰ 3 ਮਹੀਨੇ ਤੱਕ ਇਹ ਕਿਉਂ ਨਹੀਂ ਇਨ੍ਹਾਂ ਤਿੰਨ ਕਾਨੂੰਨਾਂ ਬਾਰੇ ਦੱਸਿਆ। ਹੋਰ ਤਾਂ ਹੋਰ ਕੈਪਟਨ ਬੜੀ ਸਫ਼ਾਈ ਨਾਲ ਝੂਠ ਬੋਲ ਰਹੇ ਹਨ ਕਿ ਪੰਜਾਬ ਵਿਚ ਇਹ ਕਾਨੂੰਨ ਲਾਗੂ ਨਹੀਂ ਕੀਤੇ ਜਾਣਗੇ, ਜਦੋਂ ਕਿ ਉਨ੍ਹਾਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਮੰਨ ਚੁੱਕੇ ਹਨ ਕਿ ਪੰਜਾਬ ਵਿਚ ਕਾਲੇ ਕਾਨੂੰਨ ਲਾਗੂ ਹੋ ਚੁੱਕੇ ਹਨ। ਆਸ਼ੂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਝੋਨੇ ਦੀ ਫਸਲ ਇਨ੍ਹਾਂ ਕਾਨੂੰਨਾਂ ਦੇ ਤਹਿਤ ਹੀ ਖਰੀਦੀ ਗਈ ਹੈ ਅਤੇ ਆਉਣ ਵਾਲੀ ਕਣਕ ਦੀ ਫਸਲ ਵੀ ਇਨ੍ਹਾਂ ਕਾਨੂੰਨਾਂ ਦੇ ਤਹਿਤ ਹੀ ਖਰੀਦੀ ਜਾਵੇਗੀ।
ਭਾਜਪਾ ਵਰਕਰਾਂ ਨੂੰ ਘੱਟ ਸਮਝਣ ਦੀ ਗਲਤੀ ਨਾ ਕਰਨ ਕਾਂਗਰਸੀ : ਅਸ਼ਵਨੀ ਸ਼ਰਮਾ
NEXT STORY