ਜਲੰਧਰ/ਟਾਂਡਾ/ਕਪੂਰਥਲਾ/ਫਗਵਾੜਾ/ਨੂਰਮਹਿਲ (ਸੋਨੂੰ, ਮਨਜੀਤ, ਵਰਿੰਦਰ ਪੰਡਿਤ, ਮਹਾਜਨ, ਹਰਜੋਤ,ਸ਼ਰਮਾ)- ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਲੰਮੇਂ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਮੁਕੰਮਲ ਤੌਰ ਉਤੇ ਭਾਰਤ ਬੰਦ ਕੀਤਾ ਗਿਆ ਹੈ। ਬੰਦ ਦੌਰਾਨ ਕਿਸਾਨਾਂ ਵੱਲੋਂ ਹਰ ਜ਼ਿਲ੍ਹੇ ਦੇ ਮੁੱਖ ਮਾਰਗਾਂ 'ਤੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਬਾਜ਼ਾਰ ਬੰਦ ਰੱਖਣ ਦੇ ਨਾਲ-ਨਾਲ਼ ਸੜਕੀ ਸਮੇਤ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ।

ਭਾਰਤ ਬੰਦ ਦਾ ਅਸਰ ਪੂਰੇ ਦੋਆਬੇ ਵਿਚ ਵਿਚ ਵੀ ਵਿਆਪਕ ਰੂਪ ਨਾਲ ਵੇਖਣ ਨੂੰ ਮਿਲਿਆ। ਇਕ ਪਾਸੇ ਜਿੱਥੇ ਜਲੰਧਰ, ਹੁਸ਼ਿਆਰਪੁਰ, ਟਾਂਡਾ, ਕਪੂਰਥਲਾ, ਫਗਵਾੜਾ, ਨਵਾਂਸ਼ਹਿਰ, ਰੂਪਨਗਰ ਵਿਚ ਕਿਸਾਨਾਂ ਵੱਲੋਂ ਹਾਈਵੇਅ ਉਤੇ ਚੱਕਾ ਜਾਮ ਕੀਤਾ ਗਿਆ, ਉਥੇ ਹੀ ਬਾਜ਼ਾਰ ਅਤੇ ਦੁਕਾਨਾਂ ਨੂੰ ਬੰਦ ਰੱਖ ਕੇ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ।

ਦੂਜੇ ਪਾਸੇ ਪੰਜਾਬ ਪੁਲਸ ਨੇ ਬੰਦ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਰੋਕਣ ਲਈ ਸੁਰੱਖਿਆ ਪ੍ਰਬੰਧਾਂ ਲਈ ਵੱਧ ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹਨ। ਕਿਸਾਨਾਂ ਦੇ ਭਾਰਤ ਬੰਦ ਨੂੰ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਧਾਰਮਿਕ, ਸਮਾਜਿਕ ਅਤੇ ਵਪਾਰਕ ਸੰਸਥਾਵਾਂ ਨੇ ਵੀ ਹਮਾਇਤ ਦਿੱਤੀ ਹੈ। ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਮਾਰਚ ਕੱਢ ਕੇ ਲੋਕਾਂ ਨੂੰ ਸਹਿਯੋਗ ਕੀਤਾ ਜਾ ਰਿਹਾ ਹੈ।
ਭਾਰਤ ਬੰਦ ਅੰਦੋਲਨ ਦੌਰਾਨ ਟਾਂਡਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਾਏ ਗਏ ਧਰਨੇ
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ )- ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਦਾ ਟਾਂਡਾ ਇਲਾਕੇ ਵਿੱਚ ਭਰਵਾਂ ਅਸਰ ਵੇਖਣ ਨੂੰ ਮਿਲਿਆ। ਜਿੱਥੇ ਬਾਜ਼ਾਰ ਮੁਕੰਮਲ ਬੰਦ ਹਨ।

ਇਸ ਦੌਰਾਨ ਦੋਆਬਾ ਕਿਸਾਨ ਕਮੇਟੀ ਵੱਲੋ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ, ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਥਪਾਲ ਸਿੰਘ ਗੁਰਾਇਆ, ਹਰਦੀਪ ਖੁੱਡਾ, ਮਨਜੀਤ ਸਿੰਘ ਖ਼ਾਲਸਾ ਗੁਰਪ੍ਰੀਤ ਸਿੰਘ ਤੱਲਾ, ਬਲਬੀਰ ਸਿੰਘ ਸੋਹੀਆਂ, ਸ਼ਿਵ ਪੂਰਨ ਸਿੰਘ, ਗੁਰਮਿੰਦਰ ਸਿੰਘ, ਰਤਨ ਸਿੰਘ, ਹਰਭਜਨ ਸਿੰਘ ਰਾਪੁਰ ਅਤੇ ਹੋਰਨਾਂ ਆਗੂਆਂ ਦੀ ਦੇਖ ਰੱਖੀ ਵਿੱਚ ਟਾਂਡਾ ਦੇ ਬਿਜਲੀ ਘਰ ਚੋਂਕ ਵਿੱਚ ਹਾਈਵੇ ਜਾਮ ਕਰ ਦਿੱਤਾ ਗਿਆ ਹੈ।

ਇਥੇ ਕਿਸਾਨਾਂ ਦਾ ਪ੍ਰਦਰਸ਼ਨ ਸ਼ਾਮ 6 ਵਜੇ ਤੱਕ ਚੱਲੇਗਾ | ਇਸੇ ਤਰਾਂ ਦਾਰਾਪੁਰ ਰੇਲਵੇ ਫਾਟਕ ਉਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਟਾਂਡਾ ਜੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿੱਚ ਸੈਂਕੜੇ ਕਿਸਾਨ ਅਤੇ ਹੋਰ ਵਰਗਾ ਕਿੱਤਿਆਂ ਦੇ ਲੋਕ ਰੇਲਵੇ ਟ੍ਰੈਕ ਤੇ ਆਕੇ ਬੈਠ ਗਏ ਹਨ ਅਤੇ ਮੋਦੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ।

ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਿਆਸ ਦਰਿਆ ਪੁਲ ਨਜ਼ਦੀਕ ਜਾਮ ਲਾ ਦਿੱਤਾ ਹੈ। ਇਸ ਦੌਰਾਨ ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ ਅਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਦੀ ਅਗਵਾਈ ਵਿੱਚ ਪੁਲਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।
ਕਪੂਰਥਲਾ ਤੇ ਫਗਵਾੜਾ ਵਿਚ ਭਾਰਤ ਦਾ ਅਸਰ

ਫਗਵਾੜਾ/ਕਪੂਰਥਲਾ (ਹਰਜੋਤ, ਮਹਾਜਨ)- ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਦਾ ਫਗਵਾੜਾ ਅਤੇ ਕਪੂਰਥਲਾ ਵਿੱਚ ਵੀ ਭਰਵਾਂ ਅਸਰ ਵੇਖਣ ਨੂੰ ਮਿਲਿਆ। ਜਿੱਥੇ ਬਾਜ਼ਾਰ ਮੁਕੰਮਲ ਬੰਦ ਹਨ, ਉਥੇ ਸੜਕਾਂ ਦੀ ਆਵਾਜਾਈ ਵੀ ਮੁਕੰਮਲ ਤੌਰ ਉਤੇ ਬੰਦ ਕੀਤੀ ਗਈ ਹੈ।

ਭਾਰਤ ਬੰਦ ਦੇ ਸੱਦੇ ਨੂੰ ਭੋਗਪੁਰ ਵਿਖੇ ਭਰਪੂਰ ਹੁੰਗਾਰਾ, ਸੜਕਾਂ ’ਤੇ ਪਸਰਿਆ ਸੰਨਾਟਾ
ਭੋਗਪੁਰ (ਰਾਣਾ ਭੋਗਪੁਰੀਆ, ਰਾਜੇਸ਼ ਸੂਰੀ)- ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਨੂੰ ਭੋਗਪੁਰ ਤੋਂ ਭਰਪੂਰ ਹੁੰਗਾਰਾ ਮਿਲਿਆ। ਬੰਦ ਦੇ ਸੱਦੇ ਕਾਰਨ ਭੋਗਪੁਰ ਦੇ ਸਾਰੇ ਮੁੱਖ ਬਾਜ਼ਾਰ ਮੁਕੰਮਲ ਤੌਰ ਉਤੇ ਬੰਦ ਰਹੇ।

ਇਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਜੀ. ਟੀ. ਰੋਡ ਉਤੇ ਆਦਮਪੁਰ ਟੀ-ਪੁਆਇੰਟ ਉਤੇ ਸਵੇਰ ਤੋਂ ਧਰਨਾ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਦੇ ਦੋਹੀਂ ਪਾਸੀਂ ਟਰਾਲੀਆਂ ਖੜ੍ਹੀਆਂ ਕਰਕੇ ਟਰੈਫਿਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਜੀ. ਟੀ. ਰੋਡ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।

ਭਾਰਤ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਨੂਰਮਹਿਲ ਰਿਹਾ ਮੁਕੰਮਲ ਬੰਦ
ਨੂਰਮਹਿਲ (ਸ਼ਰਮਾ)- ਕਿਸਾਨਾਂ ਵੱਲੋਂ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਉਤੇ ਨੂਰਮਹਿਲ ਦੀਆਂ ਸੜਕਾਂ-ਬਜਾਰਾਂ ਤੇ ਪੂਰੀ ਤਰ੍ਹਾਂ ਸੰਨਾਟਾ ਪਸਰਿਆ ਰਿਹਾ। ਨੂਰਮਹਿਲ ਹਲਕੇ ਤੋਂ ਕਿਸਾਨ ਜਥੇਬੰਦੀਆਂ ਦੇ ਸਥਾਨਕ ਆਗੂਆਂ ਵੱਲੋਂ ਪੁਰਾਣਾ ਬੱਸ ਅੱਡਾ ਨੂਰਮਹਿਲ ਵਿਖੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਉਤੇ ਖੱਜਲ-ਖੁਆਰ ਹੋ ਰਿਹਾ ਹੈ
ਬਠਿੰਡਾ ’ਚ ਭਾਰਤ ਬੰਦ ਨੂੰ ਪੂਰਨ ਸਮਰਥਨ, ਸੜਕਾਂ ’ਤੇ ਛਾਇਆ ਸੰਨਾਟਾ
NEXT STORY