ਗੁਰਦਾਸਪੁਰ (ਹਰਮਨ) : ਕਰੀਬ ਚਾਰ ਦਿਨ ਪਹਿਲਾਂ ਗੁਰਦਾਸਪੁਰ ਸ਼ਹਿਰ ਅੰਦਰ ਦਿਨ ਦਿਹਾੜੇ ਇੱਕ ਸਰਾਫ ਦੇ ਘਰ ਹੋਈ ਕਰੋੜਾਂ ਰੁਪਏ ਦੀ ਡਕੈਤੀ ਦੇ ਮਾਮਲੇ ਵਿੱਚ ਪੀੜਤ ਸਰਾਫ ਵਰੁਣ ਮਹਾਜਨ ਨੇ ਸਮੂਹ ਦੁਕਾਨਦਾਰਾਂ ਨੂੰ ਭਾਵਕ ਅਪੀਲ ਕਰਦਿਆਂ 9 ਮਾਰਚ ਨੂੰ ਗੁਰਦਾਸਪੁਰ ਸ਼ਹਿਰ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ ਹੈ, ਸਗੋਂ ਸ਼ਹਿਰ ਦੇ ਵਪਾਰੀਆਂ 'ਚ ਵੀ ਡਰ ਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਵਰੁਣ ਮਹਾਜਨ ਨੇ ਕਿਹਾ ਕਿ ਉਨ੍ਹਾਂ ਦੇ ਘਰ ਜੋ ਵੱਡੀ ਡਕੈਤੀ ਵਾਪਰੀ ਹੈ, ਉਸ ਦਾ ਦਰਦ ਸਿਰਫ਼ ਉਹਨਾਂ ਦਾ ਪਰਿਵਾਰ ਹੀ ਸਮਝ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਆਮ ਤੌਰ ’ਤੇ ਲੋਕ ਫਿਲਮਾਂ ਵਿੱਚ ਹੀ ਦੇਖਦੇ ਹਨ, ਪਰ ਗੁਰਦਾਸਪੁਰ ਵਿੱਚ ਵਾਪਰੀ ਇਹ ਘਟਨਾ ਸ਼ਾਇਦ ਪੂਰੇ ਦੇਸ਼ ਅੰਦਰ ਪਹਿਲੀ ਵਾਰ ਇਸ ਢੰਗ ਨਾਲ ਵਾਪਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਉਸ ਦਿਨ ਤੋਂ ਬਾਅਦ ਉਹ ਅਤੇ ਉਨ੍ਹਾਂ ਦਾ ਪਰਿਵਾਰ ਲਗਾਤਾਰ ਪਰੇਸ਼ਾਨੀ ਅਤੇ ਤਣਾਅ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ।
ਇਸ ਮੌਕੇ ਉਨ੍ਹਾਂ ਵਪਾਰ ਮੰਡਲ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ ਅਤੇ ਇਨਸਾਫ਼ ਦੀ ਮੰਗ ਵਿੱਚ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਉਠਾਈ। ਵਰੁਣ ਮਹਾਜਨ ਨੇ ਕਿਹਾ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਜਥੇਬੰਦੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਸਤਿਕਾਰ ਸਹਿਤ ਅਪੀਲ ਕਰਦੇ ਹਨ ਕਿ ਉਹ 9 ਮਾਰਚ ਨੂੰ ਗੁਰਦਾਸਪੁਰ ਬੰਦ ਕਰਕੇ ਇਸ ਵੱਡੀ ਡਕੈਤੀ ਦੇ ਵਿਰੋਧ ਵਿੱਚ ਆਪਣੀ ਇੱਕਜੁੱਟਤਾ ਦਰਸਾਉਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਪ੍ਰਸ਼ਾਸਨ ਉੱਤੇ ਵੀ ਦਬਾਅ ਬਣੇ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਨਾਲ ਨਾ ਸਿਰਫ਼ ਪੀੜਤ ਪਰਿਵਾਰ ਨੂੰ ਨੈਤਿਕ ਸਹਾਰਾ ਮਿਲੇਗਾ, ਸਗੋਂ ਇਹ ਸੰਦੇਸ਼ ਵੀ ਜਾਵੇਗਾ ਕਿ ਸ਼ਹਿਰ ਦਾ ਵਪਾਰੀ ਵਰਗ ਅਜਿਹੀਆਂ ਘਟਨਾਵਾਂ ਦੇ ਵਿਰੁੱਧ ਇੱਕਜੁੱਟ ਹੈ।
ਉਲੇਖਣਯੋਗ ਹੈ ਕਿ ਇਹ ਵੱਡੀ ਡਕੈਤੀ ਵਾਪਰਨ ਦੇ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੁੱਖ ਦੋਸ਼ੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਹਾਲਾਂਕਿ ਬੀਤੇ ਦਿਨ ਪੁਲਸ ਨੂੰ ਦੋਸ਼ੀਆਂ ਵੱਲੋਂ ਵਰਤੀ ਗਈ ਕਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਸੁੰਨੇ ਸਥਾਨ ਤੋਂ ਬਰਾਮਦ ਹੋ ਗਈ ਸੀ, ਪਰ ਅਜੇ ਤੱਕ ਪੁਲਸ ਵੱਲੋਂ ਇਸ ਮਾਮਲੇ ਵਿੱਚ ਕੋਈ ਵੱਡਾ ਖੁਲਾਸਾ ਨਹੀਂ ਕੀਤਾ ਗਿਆ। ਇਸ ਕਾਰਨ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ ਅਤੇ ਉਹ ਮੰਗ ਕਰ ਰਹੇ ਹਨ ਕਿ ਇਸ ਡਕੈਤੀ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇ ਅਤੇ ਲੁੱਟੀ ਗਈ ਕਰੋੜਾਂ ਰੁਪਏ ਦੀ ਨਕਦੀ ਅਤੇ ਗਹਿਣੇ ਵੀ ਬਰਾਮਦ ਕਰਵਾਏ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜ਼ਮੀਨ ਦੇ ਝਗੜੇ ’ਚ ਇਕ 70 ਸਾਲਾ ਬਜ਼ੁਰਗ ਦੀ ਕੁੱਟਮਾਰ ਨਾਲ ਮੌਤ
NEXT STORY