ਅੰਮ੍ਰਿਤਸਰ (ਕਮਲ)— ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਬਿਆਨ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲੀ ਕਿਸ਼ਤ 'ਚ ਦੇਸ਼ ਦੇ 50 ਕਰੋੜ ਲੋਕਾਂ ਨੂੰ 5 ਲੱਖ ਦਾ ਸਿਹਤ ਲਾਭ ਦੇਣ ਦੀ ਯੋਜਨਾ ਸ਼ੁਰੂ ਕਰਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬਦਕਿੱਸਮਤੀ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਰੋੜਾਂ ਪਰਿਵਾਰਾਂ ਨੂੰ 5 ਲੱਖ ਦੇ ਸਿਹਤ ਲਾਭ ਤੋਂ ਵਾਂਝਾ ਰੱਖਣ ਦਾ ਪਾਪ ਕੀਤਾ ਹੈ।
ਚੁੱਘ ਨੇ ਕਿਹਾ ਕਿ ਪੰਜਾਬ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 'ਚ ਸ਼ਾਮਲ ਨਹੀ ਹੋਇਆ ਸੀ ਜਿਸਦਾ ਨੁਕਸਾਨ ਹੁਣ ਦੀ ਵਰਖਾ ਦੀ ਤ੍ਰਾਸਦੀ 'ਚ ਪੰਜਾਬ ਨੂੰ ਝੱਲਣਾ ਪੈ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਸਲ ਬੀਮਾ ਕਵਰ 'ਚ ਸ਼ਾਮਲ ਨਾ ਹੋਣ ਉੱਤੇ ਕਮਜ਼ੋਰ ਦਿਖਾਈ ਦੇ ਰਹੇ ਹਨ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਆਫਤ 'ਚ ਹਰ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ । ਚੁੱਘ ਨੇ ਆਯੁਸ਼ਮਾਨ ਭਾਰਤ ਨੂੰ ਪੰਜਾਬ 'ਚ ਲਾਗੂ ਨਾ ਕਰਨ ਨੂੰ ਇਤਿਹਾਸਿਕ ਭੁੱਲ ਦੱਸਦੇ ਹੋਏ ਕਿਹਾ ਕਿ ਪੂਰਾ ਦੇਸ਼ ਜਿਸ 5 ਲੱਖ ਦੇ ਕਵਰ 'ਚ ਸ਼ਾਮਿਲ ਹੋ ਰਿਹਾ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਨਾ ਸ਼ਾਮਲ ਹੋਣ ਦਾ ਕੀ ਤੁਕ ਹੈ। ਚੁੱਘ ਨੇ ਆਯੁਸ਼ਮਾਨ ਯੋਜਨਾ ਦੇਸ਼ ਦੇ ਮੱਧ ਵਰਗ, ਗਰੀਬ ਪਰਵਾਰਾਂ ਸਮੇਤ ਦਲਿਤ, ਪੱਛੜੇ ਅਤੇ ਸਮਾਜ ਦੇ ਆਖਰੀ ਸਿਰੇ ਉੱਤੇ ਖੜੇ ਬੇਸਹਾਰਾ ਪਰਿਵਾਰਾਂ ਦੇ ਕਿਸੇ ਮੈਂਬਰ ਦੀ ਗੰਭੀਰ ਰੋਗ ਹੋਣ ਉੱਤੇ ਸਰਕਾਰੀ ਹਸਪਤਾਲ ਸਮੇਤ ਮਾਹਰ ਡਾਕਟਰਾਂ ਨਾਲ ਲੈੱਸ ਪ੍ਰਾਈਵੇਟ ਹਸਪਤਾਲ 'ਚ ਵੀ 5 ਲੱਖ ਰੁਪਏ ਤੱਕ ਮੁਫਤ ਇਲਾਜ ਕਰਵਾਇਆ ਜਾ ਸਕਦਾ ਹੈ ਪਰ ਇਸ ਯੋਜਨਾ ਨੂੰ ਰੋਕਣਾ ਕਾਂਗਰਸ ਦੀ ਘੱਟੀਆ ਰਾਜਨੀਤੀ ਦਾ ਨਤੀਜਾ ਹੈ ।
ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਸਾਰ ਦੀ ਸਭ ਤੋਂ ਵੱਡੀ ਆਯੁਸ਼ਮਾਨ ਯੋਜਨਾ ਨੂੰ ਪੰਜਾਬ 'ਚ ਲਾਗੂ ਨਾ ਕਰਵਾ ਕੇ ਲੱਖਾਂ ਗਰੀਬਾਂ ਤੇ ਬੇਸਹਾਰਾ ਪਰਿਵਾਰਾਂ ਨੂੰ ਮਿਲਣ ਵਾਲੀ ਇਸ ਯੋਜਨਾ ਦੇ ਲਾਭ ਤੋਂ ਵਾਂਝਾ ਰੱਖ ਕੇ ਉਨ੍ਹਾਂ ਦੇ ਜਖਮਾਂ ਉੱਤੇ ਲੂਣ ਛਿੜਕ ਰਹੀ ਹੈ । ਚੁੱਘ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਿਆਸੀ ਰੰਜਿਸ਼ ਦੇ ਕਾਰਨ ਪ੍ਰਧਾਨ ਮੰਤਰੀ ਦੀਆਂ ਗਰੀਬ ਹਿਤੈਸ਼ੀ ਯੋਜਨਾਵਾਂ ਨੂੰ ਪੰਜਾਬ 'ਚ ਲਾਗੂ ਨਾ ਕੀਤਾ ਤਾਂ ਅਗਾਮੀ ਲੋਕਸਭਾ ਚੋਣਾਂ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਸਾਰੀਆਂ 13 ਲੋਕਸਭਾ ਸੀਟਾਂ ਉੱਤੇ ਹਰਾ ਕੇ ਸਬਕ ਸਿਖਾਏਗੀ।
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਮਗਾਮ 'ਚੋਂ ਗੈਰ-ਹਾਜ਼ਰ ਰਹਿਣਗੇ ਕੈਪਟਨ ਅਮਰਿੰਦਰ ਸਿੰਘ
NEXT STORY