ਭਵਾਨੀਗੜ੍ਹ (ਕਾਂਸਲ,ਵਿਕਾਸ, ਸੰਜੀਵ): ਪੰਚਾਇਤੀ ਜ਼ਮੀਨ ਦੀ ਕਾਣੀ ਵੰਡ ਦੇ ਖਿਲਾਫ਼ ਇਨਸਾਫ ਪਾਉਣ ਲਈ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ਅੱਗੇ ਧਰਨਾ ਦੇਣ ਲਈ ਆਪਣੇ ਪਾਲਤੂ ਪਸ਼ੂਆਂ ਸਮੇਤ ਬੁੱਧਵਾਰ ਨੂੰ ਪਿੰਡ ਘਰਾਚੋਂ ਦੀ ਅਨਾਜ ਮੰਡੀ 'ਚ ਇੱਕਤਰ ਹੋਏ ਸੈਂਕੜੇ ਦਲਿਤਾਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਪਹਿਲਾਂ ਜ਼ਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ ਤੇ ਪਿੰਡ ਇਕਾਈ ਦੇ ਪ੍ਰਧਾਨ ਗੁਰਚਰਨ ਸਿੰਘ ਦੀ ਅਗਵਾਈ ਹੇਠ ਦਲਿਤ ਭਾਈਚਾਰੇ ਦੇ ਲੋਕਾਂ ਵਲੋਂ ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕਰਦਿਆਂ, ਪਸ਼ੂਆਂ ਸਮੇਤ ਕੈਬਨਿਟ ਮੰਤਰੀ ਸਿੰਗਲਾ ਦੀ ਸੰਗਰੂਰ ਵਿਖੇ ਸਥਿਤ ਕੋਠੀ ਅੱਗੇ ਪੱਕਾ ਮੋਰਚਾ ਲਾ ਕੇ ਬੈਠਣ ਦਾ ਐਲਾਨ ਕਰ ਦਿੱਤਾ ਸੀ।
ਜਥੇਬੰਦੀ ਦੇ ਆਗੂਆਂ ਨੇ ਦਲਿਤ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕਰੀਬ 70 ਦਿਨਾਂ ਤੋਂ ਲਗਾਤਾਰ ਦਲਿਤ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਹਾਸਲ ਕਰਨ ਲਈ ਪੱਕੇ ਮੋਰਚੇ 'ਤੇ ਡਟੇ ਹੋਏ ਹਨ, ਪਰ ਸਬੰਧਤ ਵਿਭਾਗ ਪ੍ਰਸ਼ਾਸਨ ਸੰਘਰਸ਼ਕਾਰੀਆਂ ਦੀ ਸਾਰ ਨਾ ਲੈ ਕੇ ਢੀਠ ਬਣਿਆ ਬੈਠਾ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੀ ਸ਼ਹਿ 'ਤੇ ਪਿੰਡ ਦੇ ਘੜੰਮ ਚੌਧਰੀਆਂ ਵਲੋਂ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਦਲਿਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਲਿਤਾਂ ਨਾਲ ਧੱਕੇਸ਼ਾਹੀ ਸਹਿਣ ਨਹੀਂ ਕਰੇਗੀ ਤੇ ਇਨਸਾਫ਼ ਮਿਲਣ ਤੱਕ ਸ਼ੰਘਰਸ਼ ਜਾਰੀ ਰਹੇਗਾ।
ਇਸ ਦੌਰਾਨ ਭਾਰੀ ਪੁਲਸ ਫੋਰਸ ਨਾਲ ਪਹੁੰਚੇ ਗੋਬਿੰਦਰ ਸਿੰਘ ਡੀ.ਐੱਸ.ਪੀ. ਭਵਾਨੀਗੜ੍ਹ, ਗੁਰਲੀਨ ਕੌਰ ਤਹਿਸੀਲਦਾਰ ਭਵਾਨੀਗੜ੍ਹ ਸਮੇਤ ਥਾਣਾ ਮੁਖੀ ਰਮਨਦੀਪ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਕੈਬਨਿਟ ਮੰਤਰੀ ਦੀ ਕੋਠੀ ਦੇ ਘਿਰਾਓ ਸਬੰਧੀ ਉਲੀਕੇ ਪ੍ਰੋਗਰਾਮ ਨੂੰ ਰੱਦ ਕਰਕੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਕਿਹਾ। ਇਸ ਸਬੰਧੀ ਜਥੇਬੰਦੀ ਵਲੋਂ ਹਾਮੀ ਨਹੀਂ ਭਰੀ ਗਈ ਤੇ ਬਾਅਦ 'ਚ 100 ਦੇ ਕਰੀਬ ਸੈਂਕੜੇ ਦਲਿਤਾਂ ਜਿਨ੍ਹਾਂ 'ਚ ਜਨਾਨੀਆਂ ਵੀ ਸ਼ਾਮਲ ਸਨ ਨੇ ਪੁਲਸ ਨੂੰ ਅਪਣੀਆਂ ਗ੍ਰਿਫਤਾਰੀ ਦੇ ਦਿੱਤੀਆਂ। ਦੂਜੇ ਪਾਸੇ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ੍ਹ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਪਿੰਡ ਘਰਾਚੋਂ ਵਿਖੇ ਸਰਕਾਰ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਤੋਂ ਉਲਟ ਹੋ ਕੇ ਭਾਰੀ ਇਕੱਠ ਕਰਨ ਦੇ ਦੋਸ਼ ਹੇਠ ਪੁਲਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ।
ਨੂਰਪੁਰਬੇਦੀ ਸ਼ਹਿਰ 'ਚ ਪਹਿਲੀ ਵਾਰ ਕੋਰੋਨਾ ਨੇ ਦਿੱਤੀ ਦਸਤਕ
NEXT STORY