ਭਿੱਖੀਵਿੰਡ/ਖਾਲੜਾ (ਭਾਟੀਆ) : ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਬੱਲਿਆਂ ਵਾਲਾ ਦਾ ਨਿਵਾਸੀ ਨੌਜਵਾਨ ਨਿਸ਼ਾਨ ਸਿੰਘ ਭੁੱਲਰ ਜੋ ਕਿ ਆਪਣੇ ਆਪ ਨੂੰ ਆਈ. ਪੀ. ਐੱਸ ਦਾ ਟੈਸਟ ਪਾਸ ਦੱਸ ਰਿਹਾ ਹੈ, ਉਹ ਲੋਕਾਂ ਨਾਲ ਕੋਝਾ ਮਜ਼ਾਕ ਕਰ ਰਿਹਾ ਹੈ। ਨਿਸ਼ਾਨ ਸਿੰਘ ਵਲੋਂ ਕਈ ਸਿਆਸੀ ਆਗੂਆਂ ਨਾਲ ਫੋਟੋਆਂ ਵੀ ਖਿਚਵਾਈਆਂ ਜਾ ਰਹੀਆਂ ਹਨ ਤੇ ਉਹ ਵੱਖ-ਵੱਖ ਅਖਬਾਰਾਂ 'ਚ ਖਬਰਾਂ ਵੀ ਲਗਵਾ ਰਿਹਾ ਹੈ, ਜਿਸ 'ਚ ਉਹ ਆਪਣੇ ਆਪ ਨੂੰ ਸਿਵਲ ਸਰਵਿਸ ਦੇ 73ਵੇਂ ਰੈਂਕ 'ਤੇ ਪਾਸ ਦੱਸ ਰਿਹਾ ਹੈ, ਜਦਕਿ ਯੂ. ਪੀ. ਐੱਸ. ਸੀ. ਦੀ ਲਿਸਟ ਮੁਤਾਬਕ 73ਵਾਂ ਰੈਂਕ ਦਲੀਪ ਕੁਮਾਰ ਦਾ ਹੈ ਤੇ ਉਸ ਪੂਰੀ ਲਿਸਟ 'ਚ ਕਿਧਰੇ ਵੀ ਨਿਸ਼ਾਨ ਸਿੰਘ ਦਾ ਨਾਂ ਨਜ਼ਰ ਨਹੀਂ ਆ ਰਿਹਾ ਹੈ।
ਇਸ ਬਾਰੇ ਜਦੋਂ ਨਿਸ਼ਾਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੀਆਂ ਗੱਲਾਂਬਾਤਾਂ ਤੋਂ ਪਤਾ ਲੱਗਾ ਕਿ ਉਹ ਯੂ. ਪੀ. ਐੱਸ. ਸੀ. ਦੇ ਇਮਤਿਹਾਨ ਤੋਂ ਕੋਰਾ ਅਣਜਾਣ ਹੈ। ਨਿਸ਼ਾਨ ਸਿੰਘ ਨੇ ਕਿਹਾ ਕਿ ਕੁਲ 103 ਉਮੀਦਵਾਰਾਂ ਨੇ ਸਿਵਲ ਸਰਵਿਸ ਦਾ ਟੈਸਟ ਦਿੱਤਾ ਹੈ, ਜਿਸ 'ਚੋਂ 73 ਉਮੀਦਵਾਰ ਪਾਸ ਹੋਏ ਹਨ, ਜਦਕਿ ਅਸਲੀਅਤ 'ਚ ਜੂਨ 2018 'ਚ ਯੂ. ਪੀ. ਐੱਸ. ਸੀ. ਦੇ ਦੁਬਾਰਾ ਲਏ ਗਏ ਟੈਸਟ 'ਚ 8 ਲੱਖ ਦੇ ਕਰੀਬ ਲੋਕਾਂ ਨੇ ਭਾਗ ਲਿਆ ਸੀ, ਜਿਸ 'ਚ 10 ਹਜ਼ਾਰ 500 ਵਿਅਕਤੀ ਪਾਸ ਹੋਏ ਸਨ, ਜਿਨ੍ਹਾਂ 'ਚੋਂ 1994 ਉਮੀਦਵਾਰਾਂ ਦਾ ਪ੍ਰਸਨੈਲਿਟੀ ਟੈਸਟ ਤੇ ਇੰਟਰਵਿਊ ਲਿਆ ਗਿਆ, ਜਿਨ੍ਹਾਂ 'ਚੋਂ ਇੰਟਰਵਿਊ ਤੋਂ ਬਾਅਦ 759 ਉਮੀਦਵਾਰ ਅਫਸਰ ਬਣਨ ਲਈ ਸਿਲੈਕਟ ਹੋਏ ਹਨ।
ਨਿਸ਼ਾਨ ਸਿੰਘ ਨੇ ਕਿਹਾ ਕਿ ਕਿ ਉਸ ਨੇ ਜਨਵਰੀ 2018 'ਚ ਪੇਪਰ ਦਿੱਤਾ ਸੀ, ਜਦਕਿ ਅਸਲੀਅਤ 'ਚ 3 ਜੂਨ 2018 ਨੂੰ ਪ੍ਰੀਲਿਮਰੀ ਪੇਪਰ ਹੋਇਆ ਅਤੇ ਮੇਨ ਟੈਸਟ 28 ਸਤੰਬਰ ਤੋਂ ਲੈ ਕੇ 7 ਅਕਤੂਬਰ 2018 ਦੇ ਵਿਚਕਾਰ ਹੋਇਆ ਸੀ। ਨਿਸ਼ਾਨ ਸਿੰਘ ਦੱਸਦਾ ਹੈ ਕਿ ਉਸ ਦੇ ਕੁਲ 5 ਪੇਪਰ ਹੋਏ ਸਨ, ਜਦਕਿ ਅਸਲੀਅਤ 'ਚ ਪ੍ਰੀਲਿਮਰੀ ਦੇ ਦੋ ਪੇਪਰ ਅਤੇ ਮੇਨ ਦੇ 9 ਪੇਪਰ ਹੋਏ ਸਨ। ਨਿਸ਼ਾਨ ਸਿੰਘ ਇਹ ਦੱਸਦਾ ਹੈ ਕਿ ਉਸ ਦੀ ਸਿਲੈਕਸ਼ਨ ਹੋ ਗਈ ਹੈ ਤੇ ਉਸ ਦੀ ਆਈ. ਪੀ. ਐੱਸ. ਦੀ ਮੁਢਲੀ ਪੋਸਟਿੰਗ ਹੌਲਦਾਰ ਜਾਂ ਏ. ਐੱਸ. ਆਈ. ਵਜੋਂ ਹੋਵੇਗੀ, ਜਦਕਿ ਅਸਲੀਅਤ 'ਚ ਸਾਰੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਆਈ. ਪੀ. ਐੱਸ. ਪਾਸ ਅਫਸਰ ਦੀ ਸ਼ੁਰੂਆਤ 'ਚ ਪੋਸਟਿੰਗ ਏ. ਐੱਸ. ਪੀ. ਵਜੋਂ ਹੁੰਦੀ ਹੈ। ਇਥੇ ਹੀ ਬਸ ਨਹੀਂ, ਨਿਸ਼ਾਨ ਸਿੰਘ ਆਪਣੇ ਆਪ ਨੂੰ ਪੰਜਾਬ ਪੁਲਸ 'ਚ ਬਤੌਰ ਏ. ਐੱਸ. ਆਈ. ਤਰਨਤਾਰਨ ਪੁਲਸ ਲਾਈਨ 'ਚ ਤਇਨਾਤ ਦੱਸਦਾ ਹੈ। ਉਸ ਨੇ ਆਪਣੇ ਘਰ ਦੇ ਬੂਹੇ ਅੱਗੇ ਏ. ਐੱਸ. ਆਈ. ਪੰਜਾਬ ਪੁਲਸ ਬੈਲਟ ਨੰਬਰ 1421 ਲਿਖਿਆ ਹੋਇਆ ਹੈ, ਜਿਸ ਬਾਰੇ ਜਦੋਂ ਪੁਲਸ ਲਾਈਨ ਤਰਨਤਾਰਨ ਦੇ ਮੁੱਖ ਮੁਨਸ਼ੀ ਮਲਕੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਨਾਂ ਦਾ ਕੋਈ ਵੀ ਏ. ਐੱਸ. ਆਈ. ਇਥੇ ਨੌਕਰੀ ਨਹੀਂ ਕਰਦਾ, ਜਦਕਿ 1421 ਬੈਲਟ ਨੰਬਰ ਕਿਸੇ ਹੋਰ ਏ. ਐੱਸ. ਆਈ. ਦੇ ਨਾਂ 'ਤੇ ਦਰਜ ਹੈ।
ਸ੍ਰੀ ਦਰਬਾਰ ਸਾਹਿਬ ਪਹੁੰਚੀ ਮਿਸ ਯੂਨੀਵਰਸ ਸੁਸ਼ਮਿਤਾ ਸੇਨ
NEXT STORY