ਕਿਸ਼ਨਪੁਰਾ ਕਲਾਂ (ਭਿੰਡਰ) – ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਪਿੰਡ ਜਲਾਲਾਬਾਦ ਤੋਂ ਕੋਕਰੀ ਕਲਾਂ ਤੱਕ ਵਾਇਆ ਭਿੰਡਰ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਠੇਕੇਦਾਰ ਵੱਲੋਂ ਲਗਭਗ 90 ਫੀਸਦੀ ਕੰਮ ਪੂਰਾ ਕਰਨ ਉਪਰੰਤ ਪਿੰਡ ਭਿੰਡਰ ਕਲਾਂ ਦੀ ਫਿਰਨੀ ਦਾ ਲਗਭਗ 4 ਕਿਲੋਮੀਟਰ ਸੜਕ ਦਾ ਟੋਟਾ ਅੱਧ-ਵਿਚਕਾਰ ਛੱਡ ਦਿੱਤਾ ਗਿਆ, ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਚਿੱਕੜ 'ਚੋਂ ਲੰਘਣ ਲਈ ਮਜਬੂਰ ਹਨ। ਇਸ ਸੜਕ ਤੋਂ ਜਗਰਾਓਂ ਤੋਂ ਭਿੰਡਰ ਅਤੇ ਮੋਗਾ ਤੋਂ ਤਲਵੰਡੀ ਮੱਲ੍ਹੀਆਂ ਨੂੰ ਆਉਣ ਵਾਲੀਆਂ ਬੱਸਾਂ, ਸਕੂਲੀ ਵੈਨਾਂ, ਮੋਟਰਸਾਈਕਲਾਂ ਤੋਂ ਇਲਾਵਾ ਹੋਰ ਭਾਰੀ ਵਾਹਨ ਲੰਘਦੇ ਹਨ। ਛੱਪੜ ਦਾ ਰੂਪ ਧਾਰਨ ਕਰ ਚੁੱਕੀ ਇਸ ਸੜਕ 'ਤੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ।
ਪਿੰਡ ਵਾਸੀਆਂ ਸ਼ਿੰਦਰ ਸਿੰਘ ਛੀਨਾ, ਬਲਦੇਵ ਰਾਜ ਗਾਬਾ, ਵਿਜੇ ਕੁਮਾਰ ਬੱਬੀ, ਭੂਸ਼ਨ ਕੁਮਾਰ, ਸੁਖਦੇਵ ਸਿੰਘ, ਕਰਮ ਸਿੰਘ, ਭਿੰਦਾ ਸਿੰਘ, ਵਿੱਕੀ ਮਿਸਤਰੀ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਘਰ ਇਸ ਸੜਕ 'ਤੇ ਹੋਣ ਕਾਰਨ ਸਾਨੂੰ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ ਹੀ ਸਾਡੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਇਸ ਚਿੱਕੜ 'ਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਇਸ ਸੜਕ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਕਰਵਾਏ।
ਅਕਾਲੀ ਦਲ ਨੇ ਵਿਧਾਨ ਸਭਾ ਦਾ ਸੈਸ਼ਨ ਵਧਾਉਣ ਲਈ ਸਪੀਕਰ ਨੂੰ ਸੌਂਪਿਆ ਮੰਗ ਪੱਤਰ
NEXT STORY