ਜਲੰਧਰ (ਇੰਟ)-ਪੰਜਾਬ ਵਿਚ ਮੋਹਲੇਧਾਰ ਮੀਂਹ ਨੇ ਪਹਿਲਾਂ ਹੀ 10 ਤੋਂ 14 ਅਗਸਤ ਦੇ ਵਿਚਕਾਰ ਭਿਆਨਕ ਹੜ੍ਹ ਦੇ ਸੰਕੇਤ ਦੇ ਦਿੱਤੇ ਸਨ, ਜਦੋਂ ਉੱਪਰੀ ਬਿਆਸ ਕੈਚਮੈਂਟ ਖੇਤਰ ’ਚ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਪਰ ਸਥਿਤੀ ਉਦੋਂ ਵਿਗੜ ਗਈ ਜਦੋਂ ਅਗਸਤ ਦੇ ਆਖਰੀ ਹਫ਼ਤੇ ਦੌਰਾਨ ਉੱਤਰੀ ਪਾਕਿਸਤਾਨ ਨਾਲ ਲੱਗਦੇ ਪੰਜਾਬ ’ਤੇ ਸਰਗਰਮ ਮਾਨਸੂਨ ਅਤੇ ਪੱਛਮੀ ਗੜਬੜ ਕਾਰਨ ਬਹੁਤ ਜ਼ਿਆਦਾ ਮੀਂਹ ਪੈਂਦਾ ਰਿਹਾ। ਇਸ ਕਾਰਨ ਹਿਮਾਚਲ ਨਾਲ ਲੱਗਦੇ 3 ਡੈਮਾਂ ਤੋਂ ਪਾਣੀ ਛੱਡਿਆ ਜਾਣਾ ਸ਼ੁਰੂ ਹੋ ਗਿਆ ਅਤੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਲਗਭਗ 1700 ਪਿੰਡਾਂ ਨੂੰ ਲਪੇਟ ’ਚ ਲੈ ਲਿਆ।
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸ਼ਹਿਰੀ ਡ੍ਰੇਨੇਜ ਸਿਸਟਮ ਅਤੇ ਪੇਂਡੂ ਬੁਨਿਆਦੀ ਢਾਂਚਾ ਉੱਚ-ਤੀਬਰਤਾ ਵਾਲੇ ਮੀਂਹ ਨੂੰ ਸੰਭਾਲਣ ਦੇ ਸਮਰੱਥ ਨਹੀਂ ਹਨ। ਇਸ ਨਾਲ ਸ਼ਹਿਰਾਂ ’ਚ ਅਤੇ ਵਿਆਪਕ ਪੇਂਡੂ ਇਲਾਕਿਆਂ, ਦੋਵਾਂ ’ਚ ਹੜ੍ਹ ਜ਼ੋਖਮ ਵਧ ਜਾਂਦਾ ਹੈ, ਜੋ ਕੁਦਰਤੀ ਹੜ੍ਹ ਦੇ ਮੈਦਾਨਾਂ ’ਤੇ ਕਬਜ਼ੇ ਵਰਗੇ ਕਾਰਕਾਂ ਨਾਲ ਹੋਰ ਵੀ ਬਦਤਰ ਹੋ ਜਾਂਦਾ ਹੈ। ਜਲਵਾਯੂ ਮਾਡਲ ਅਤੇ ਖੋਜਾਂ ਸੰਕੇਤ ਦਿੰਦੇ ਹਨ ਕਿ ਪੰਜਾਬ ਵਿਚ ਹੜ੍ਹਾਂ ਦਾ ਖ਼ਤਰਾ ਜਲਵਾਯੂ ਪਰਿਵਰਤਨ ਕਾਰਨ ਵਧ ਰਿਹਾ ਹੈ, ਜੋ ਮੁੱਖ ਤੌਰ ’ਤੇ ਵਧੇਰੇ ਤੀਬਰ ਅਤੇ ਬੇਮੌਸਮੀ ਮੀਂਹ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ।
ਇਹ ਵੀ ਪੜ੍ਹੋ: ਗ੍ਰਿਫ਼ਤਾਰ MLA ਰਮਨ ਅਰੋੜਾ ਦੀ ਵਿਗੜੀ ਸਿਹਤ, ਅੰਮ੍ਰਿਤਸਰ ਕੀਤਾ ਗਿਆ ਰੈਫਰ
ਚਾਰ ਗੱਲਾਂ ਨਾਲ ਸਮਝੋ ਪੰਜਾਬ ’ਚ ਕਿਵੇਂ ਸ਼ੁਰੂ ਹੋਇਆ ਹੜ੍ਹਾਂ ਦਾ ਸਿਲਸਿਲਾ
-10 ਤੋਂ 14 ਅਗਸਤ ਤੱਕ ਉੱਪਰੀ ਬਿਆਸ ਕੈਚਮੈਂਟ ਖੇਤਰ ’ਚ ਪਏ ਮੋਹਲੇਧਾਰ ਮੀਂਹ ਕਾਰਨ ਸਾਵਧਾਨੀ ਦੇ ਤੌਰ ’ਤੇ ਪੌਂਗ ਡੈਮ ’ਚੋਂ ਪਾਣੀ ਛੱਡਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ। ਹੁਸ਼ਿਆਰਪੁਰ-ਕਪੂਰਥਲਾ (ਟਾਂਡਾ ਖੇਤਰ) ’ਚ ਬਿਆਸ ਦਰਿਆ ਦੇ ਕੰਢੇ ਸਥਿਤ ਹੇਠਲੇ ਪਿੰਡਾਂ ਵਿਚ ਉੱਪਰਲੇ ਇਲਾਕਿਆਂ ’ਚੋਂ ਆਏ ਪਾਣੀ ਦੇ ਵਹਾਅ ’ਚ ਵਾਧੇ ਕਾਰਨ ਦਰਿਆ ਦੇ ਕੰਢਿਆਂ ਤੋਂ ਪਾਣੀ ਓਵਰਫਲੋ ਗਿਆ ਅਤੇ ਖੇਤਾਂ ਦੇ ਪਾਣੀ ਵਿਚ ਡੁੱਬਣ ਦੀ ਸੂਚਨਾ ਮਿਲੀ।
-ਐਡਵਾਈਜਰੀ ਅਨੁਸਾਰ 20-22 ਅਗਸਤ ਦੇ ਵਿਚਕਾਰ ਭਾਖੜਾ-ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ.) ਨੇ ਸੁਰੱਖਿਆ ਬਣਾਈ ਰੱਖਣ ਲਈ ਪੌਂਗ ਡੈਮ (75,000 ਕਿਊਸਿਕ) ਅਤੇ ਭਾਖੜਾ ਡੈਮ (43,000 ਕਿਊਸਿਕ) ’ਚੋਂ ਲਗਾਤਾਰ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ। ਇਸ ਨਾਲ ਕਈ ਜ਼ਿਲ੍ਹਿਆਂ ਵਿਚ ਸਤਲੁਜ ਅਤੇ ਬਿਆਸ ਦਰਿਆਵਾਂ ’ਚ ਹੜ੍ਹਾਂ ਦਾ ਖ਼ਤਰਾ ਵਧ ਗਿਆ।
-ਪਹਿਲਾ ਮੋਹਲੇਧਾਰ ਮੀਂਹ 22-28 ਅਗਸਤ ਨੂੰ ਉੱਤਰੀ ਪਾਕਿਸਤਾਨ ਨਾਲ ਲੱਗਦੇ ਪੰਜਾਬ ’ਚ ਸਰਗਰਮ ਮਾਨਸੂਨ ਤੇ ਪੱਛਮੀ ਗੜਬੜੀ ਕਾਰਨ ਪਿਆ। ਇਸ ਕਾਰਨ ਵਿਆਪਕ ਮੀਂਹ ਪਿਆ, ਕਈ ਥਾਵਾਂ ’ਤੇ ਬਹੁਤ ਜ਼ਿਆਦਾ ਮੀਂਹ ਪਿਆ, ਖ਼ਾਸ ਕਰਕੇ 25-27 ਅਗਸਤ ਨੂੰ।
-24-27 ਅਗਸਤ ਨੂੰ ਆਏ ਹੜ੍ਹਾਂ ਕਾਰਨ ਕੁਝ ਦਿਨਾਂ ਵਿਚ ਹੀ ਪੰਜਾਬ ’ਚ ਮੌਸਮ ਦੀ ਸਥਿਤੀ ਬਦਲ ਗਈ। 27 ਅਗਸਤ ਤੱਕ ਤਰਨਤਾਰਨ, ਗੁਰਦਾਸਪੁਰ, ਲੁਧਿਆਣਾ, ਮੋਗਾ ਵਰਗੇ ਜ਼ਿਲ੍ਹੇ ਮੋਹਲੇਧਾਰ ਮੀਂਹ ਦੀ ਮਾਰ ਹੇਠ ਤੇਜ਼ੀ ਨਾਲ ਆ ਗਏ।

ਇਹ ਵੀ ਪੜ੍ਹੋ: ਪੰਜਾਬੀਓ ਰਹੋ ਅਜੇ ਸਾਵਧਾਨ! ਮੌਸਮ ਦੀ ਆ ਗਈ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert
ਡੈਮਾਂ ਦੇ ਪ੍ਰਬੰਧਨ ’ਤੇ ਉੱਠੇ ਵੱਡੇ ਸਵਾਲ
ਪੰਜਾਬ ’ਚ ਹਰ ਥਾਂ ਗੰਦੇ ਪਾਣੀ ਨਾਲ ਤਬਾਹੀ ਦੇ ਦ੍ਰਿਸ਼ ਦਿਖਾਈ ਦੇਣ ਲੱਗੇ। ਇਸ ਦੌਰਾਨ ਲੋਕ ਹੁਣ ਹਿਮਾਲਿਆ ਦੀਆਂ ਪਹਾੜੀਆਂ ਦੇ ਪੈਰਾਂ ’ਚ ਬਣੇ ਤਿੰਨ ਡੈਮਾਂ, ਰਣਜੀਤ ਸਾਗਰ, ਭਾਖੜਾ ਡੈਮ ਅਤੇ ਪੌਂਗ ਡੈਮ ਨੂੰ ਪੰਜਾਬ ’ਚ ਹੋਈ ਤਬਾਹੀ ਲਈ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾ ਰਹੇ ਹਨ। ਪੰਜਾਬ ਦੇ ਬੁੱਧੀਜੀਵੀ ਡੈਮਾਂ ਦੇ ਪ੍ਰਬੰਧਨ ’ਤੇ ਵੱਡੇ ਸਵਾਲ ਉਠਾ ਰਹੇ ਹਨ ਅਤੇ ਇਸ ’ਤੇ ਸਿਆਸੀ ਗਲਿਆਰਿਆਂ ਵਿਚ ਵੀ ਜ਼ੋਰਦਾਰ ਚਰਚਾ ਹੋਣ ਲੱਗੀ ਹੈ। ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਅਜਿਹੀਆਂ ਆਫ਼ਤਾਂ ਸਮੇਂ-ਸਮੇਂ ’ਤੇ ਵਾਪਰਦੀਆਂ ਰਹਿਣਗੀਆਂ ਅਤੇ ਸਰਕਾਰ ਨੂੰ ਇਸ ਆਫ਼ਤ ਤੋਂ ਸਬਕ ਸਿੱਖਣਾ ਚਾਹੀਦਾ ਹੈ।
ਕਿਸਾਨਾਂ ਨੂੰ ਵੱਡੇ ਨੁਕਸਾਨ ਦਾ ਨਹੀਂ ਸੀ ਜ਼ਰਾ ਵੀ ਅੰਦਾਜ਼ਾ
ਹਾਲਾਂਕਿ ਪੰਜਾਬ ਅਗਸਤ ਦੇ ਸ਼ੁਰੂ ਵਿਚ ਕਮਜ਼ੋਰ ਮਾਨਸੂਨ ਅਤੇ ਮੌਸਮੀ ਮੀਂਹ ਦੀ ਘਾਟ ਦਾ ਸਾਹਮਣਾ ਕਰ ਰਿਹਾ ਸੀ ਪਰ ਕਿਸਾਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਅਤੇ ਉਨ੍ਹਾਂ ਦੀਆਂ ਫਸਲਾਂ ਇਕੋ ਵੇਲੇ ਬਰਬਾਦੀ ਦੇ ਕੰਢੇ ’ਤੇ ਪਹੁੰਚ ਜਾਣਗੀਆਂ। ਜਦੋਂ ਹਿਮਾਚਲ ਨਾਲ ਲੱਗਦੇ ਰਣਜੀਤ ਸਾਗਰ, ਭਾਖੜਾ ਅਤੇ ਪੌਂਗ ਡੈਮਾਂ ਤੋਂ ਪਾਣੀ ਛੱਡਿਆ ਗਿਆ ਤਾਂ ਖੇਤ ਪਾਣੀ ’ਚ ਡੁੱਬ ਗਏ, ਨਹਿਰਾਂ ਭਰ ਗਈਆਂ ਅਤੇ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ।
21 ਤੋਂ 31 ਅਗਸਤ ਤਕ ਉੱਤਰ-ਪੱਛਮੀ ਭਾਰਤ ’ਚ ਲਗਾਤਾਰ ਮੋਹਲੇਧਾਰ ਮੀਂਹ ਨੇ ਪੰਜਾਬ ਦੇ ਮਾਨਸੂਨ ਨੂੰ ਤੇਜ਼ ਮੀਂਹ ’ਚ ਬਦਲ ਦਿੱਤਾ, ਜਿਸ ਨਾਲ ਦਰਿਆ ਅਤੇ ਜਲ ਭੰਡਾਰਾਂ ’ਚ ਪਾਣੀ ਬਹੁਤ ਜ਼ਿਆਦਾ ਵਧ ਗਿਆ। ਅਚਾਨਕ ਹੋਏ ਇਸ ਬਦਲਾਅ ਨੇ ਕਿਸਾਨਾਂ, ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਸੂਬੇ ’ਚ ਦਹਾਕਿਆਂ ਬਾਅਦ ਆਏ ਸਭ ਤੋਂ ਭਿਆਨਕ ਹੜ੍ਹਾਂ ਨਾਲ ਨਜਿੱਠਣ ਲਈ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ। ਸੂਬੇ ਵਿਚ 24 ਅਗਸਤ ਤੋਂ ਸ਼ੁਰੂ ਹੋਇਆ 5 ਫੀਸਦੀ ਤੋਂ ਘੱਟ ਮੀਂਹ 27 ਅਗਸਤ ਤਕ ਵਧ ਕੇ 25 ਫ਼ੀਸਦੀ ਹੋ ਗਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਦੇ ਇਸ ਜ਼ਿਲ੍ਹੇ 'ਚ 30 ਸਕੂਲ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ, DC ਵੱਲੋਂ ਹਦਾਇਤਾਂ ਜਾਰੀ

ਭਾਖੜਾ ਡੈਮ ਦੇ ਗੇਟ ਖੁੱਲ੍ਹਦੇ ਸਾਰ ਹੀ ਮਚ ਗਈ ਤਬਾਹੀ
ਰਾਵੀ ਦਰਿਆ ਵਿਚ ਆਏ ਹੜ੍ਹ ਕਾਰਨ ਗੁਰਦਾਸਪੁਰ ਦੇ 324 ਪਿੰਡ, ਅੰਮ੍ਰਿਤਸਰ ਦੇ 190 ਅਤੇ ਪਠਾਨਕੋਟ ਜ਼ਿਲ੍ਹੇ ਦੇ 88 ਪਿੰਡ ਪ੍ਰਭਾਵਿਤ ਹੋਏ ਹਨ। ਰਾਵੀ ਵਾਂਗ ਸੂਬੇ ’ਚ ਸਤਲੁਜ ਅਤੇ ਬਿਆਸ ਦਰਿਆਵਾਂ ਨੇ ਵੀ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਰਾਵੀ ਵਾਂਗ ਸਤਲੁਜ ਦਰਿਆ ’ਤੇ ਸਥਿਤ ਭਾਖੜਾ ਡੈਮ ਵੀ ਭਾਰੀ ਦਬਾਅ ਹੇਠ ਸੀ।
25 ਅਗਸਤ ਨੂੰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1668.57 ਫੁੱਟ ’ਤੇ ਪਹੁੰਚ ਗਿਆ, ਜੋਕਿ ਖ਼ਤਰੇ ਦੇ ਨਿਸ਼ਾਨ (1680 ਫੁੱਟ) ਤੋਂ ਸਿਰਫ਼ 11 ਫੁੱਟ ਹੇਠਾਂ ਸੀ। ਡੈਮ ਦੇ ਦਰਵਾਜ਼ੇ ਦੋ-ਦੋ ਫੁੱਟ ਖੋਲ੍ਹੇ ਗਏ ਅਤੇ ਪਾਣੀ ਛੱਡਿਆ ਗਿਆ, ਜਿਸ ਨਾਲ ਸਤਲੁਜ ਦਾ ਵਹਾਅ 2.6 ਲੱਖ ਕਿਊਸਿਕ ਹੋ ਗਿਆ। 26-27 ਅਗਸਤ ਨੂੰ ਡੈਮ ਤੋਂ ਛੱਡਿਆ ਗਿਆ ਪਾਣੀ ਹੇਠਲੇ ਇਲਾਕਿਆਂ ਵੱਲ ਵਹਿ ਤੁਰਿਆ, ਜਿਸ ਕਾਰਨ ਫਾਜ਼ਿਲਕਾ ਦੇ 77, ਫਿਰੋਜ਼ਪੁਰ ਦੇ 102 ਅਤੇ ਰੂਪਨਗਰ ਦੇ 44 ਪਿੰਡ ਡੁੱਬ ਗਏ।
ਪੌਂਗ ਡੈਮ ’ਚ ਸਮਰੱਥਾ ਨਾਲੋਂ ਵੱਧ ਪਾਣੀ
ਬਿਆਸ ਦਰਿਆ ’ਤੇ ਸਥਿਤ ਪੌਂਗ ਡੈਮ ’ਚ ਪਾਣੀ ਦਾ ਪੱਧਰ ਵੀ 25-26 ਅਗਸਤ ਨੂੰ 1393 ਫੁੱਟ ਤਕ ਪਹੁੰਚ ਗਿਆ, ਜੋਕਿ ਇਸ ਦੀ ਸਮਰੱਥਾ ਤੋਂ ਵੱਧ ਸੀ। ਡੈਮ ’ਚੋਂ ਛੱਡੇ ਗਏ ਪਾਣੀ ਕਾਰਨ ਕਪੂਰਥਲਾ ਦੇ 123, ਹੁਸ਼ਿਆਰਪੁਰ ਦੇ 125, ਜਲੰਧਰ ਦੇ 64 ਅਤੇ ਤਰਨਤਾਰਨ ਦੇ 70 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ। ਬਿਆਸ ਦਾ ਵਹਾਅ ਆਪਣੀ ਆਮ ਸਮਰੱਥਾ (80 ਹਜ਼ਾਰ ਕਿਊਸਿਕ) ਨਾਲੋਂ ਬਹੁਤ ਜ਼ਿਆਦਾ ਵਧ ਗਿਆ, ਜਿਸ ਕਾਰਨ ਖੇਤ ਅਤੇ ਪਿੰਡ ਡੁੱਬ ਗਏ। ਸਤਲੁਜ ਅਤੇ ਬਿਆਸ ਦੋਵੇਂ ਦਰਿਆ ਤਰਨਤਾਰਨ ਜ਼ਿਲੇ ਦੇ ਹਰੀਕੇ ਕਸਬੇ ਦੇ ਨੇੜੇ ਆਪਸ ’ਚ ਮਿਲਦੇ ਹਨ ਅਤੇ ਇਕ ਵੱਡਾ ਸੰਗਮ ਬਣਾਉਂਦੇ ਹਨ, ਜਿਸ ਨੂੰ ਹਰੀਕੇ ਪੱਤਣ ਕਿਹਾ ਜਾਂਦਾ ਹੈ। ਇਸ ਸਾਲ ਜਦੋਂ ਦੋਵਾਂ ਦਰਿਆਵਾਂ ਵਿਚ ਵਧਿਆ ਪਾਣੀ ਹਰੀਕੇ ਪੱਤਣ ਵਿਖੇ ਆਇਆ ਤਾਂ ਇਸ ਨਾਲ ਉੱਥੇ ਲਗਭਗ 30 ਪਿੰਡ ਪ੍ਰਭਾਵਿਤ ਹੋਏ।
ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਮਗਰੋਂ ਸਿੱਖਿਆ ਬੋਰਡ ਵੱਡਾ ਫ਼ੈਸਲਾ, ਵਿਦਿਆਰਥੀਆਂ ਲਈ ਨਵੇਂ ਹੁਕਮ ਜਾਰੀ
ਪੁਰਾਣੇ ਬੁਨਿਆਦੀ ਢਾਂਚੇ ਅਤੇ ਰੱਖ-ਰਖਾਅ ਦੀ ਘਾਟ ਨੇ ਵਧਾਈ ਸਮੱਸਿਆ
ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚ ਪਏ ਮੋਹਲੇਧਾਰ ਮੀਂਹ ਕਾਰਨ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਵਿਚ ਹੜ੍ਹ ਆ ਗਏ, ਜਿਨ੍ਹ ਾਂ ਨੇ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ ਸਣੇ ਪੰਜਾਬ ਦੇ ਹੋਰ ਕਈ ਜ਼ਿਲਿਆਂ ਵਿਚ ਤਬਾਹੀ ਮਚਾ ਦਿੱਤੀ। ਰਾਵੀ ਦਰਿਆ ’ਤੇ ਬਣਿਆ ਰਣਜੀਤ ਸਾਗਰ ਡੈਮ ਅਗਸਤ ਦੇ ਅੰਤ ਤੱਕ ਆਪਣੀ ਵੱਧ ਤੋਂ ਵੱਧ ਸਮਰੱਥਾ 527 ਮੀਟਰ ਦੇ ਨੇੜੇ ਪਹੁੰਚ ਗਿਆ ਸੀ। 26-27 ਅਗਸਤ ਨੂੰ ਡੈਮ ’ਚੋਂ 2 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਗਿਆ। ਪਾਣੀ ਦਾ ਇਹ ਵੱਡਾ ਵਹਾਅ ਮਾਧੋਪੁਰ ਬੈਰਾਜ ਤਕ ਪਹੁੰਚਿਆ, ਜਿੱਥੇ ਪੁਰਾਣੇ ਬੁਨਿਆਦੀ ਢਾਂਚੇ ਅਤੇ ਰੱਖ-ਰਖਾਅ ਦੀ ਘਾਟ ਨੇ ਸਥਿਤੀ ਨੂੰ ਹੋਰ ਵਿਗੜ ਦਿੱਤਾ। ਬੈਰਾਜ ਦੇ ਗੇਟ ਜਾਮ ਹੋ ਗਏ ਅਤੇ ਕਈ ਟੁੱਟ ਗਏ, ਜਿਸ ਕਾਰਨ ਗੁਰਦਾਸਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਦੇ ਪਿੰਡ ਪਾਣੀ ਵਿਚ ਡੁੱਬ ਗਏ। ਰਾਵੀ ਦਰਿਆ ਨੇ ਕਈ ਥਾਵਾਂ ’ਤੇ ਦਰਿਆ ਤੋਂ ਲਗਭਗ 2 ਕਿਲੋਮੀਟਰ ਦੂਰ ਧੁੱਸੀ ਬੰਨ੍ਹ ਤੋੜ ਦਿੱਤੇ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ ’ਚ ਹੜ੍ਹ ਆ ਗਿਆ।
ਘੱਗਰ ਦਰਿਆ ਵੀ ਬਣਿਆ ਆਫ਼ਤ
ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ’ਚੋਂ ਨਿਕਲਣ ਵਾਲਾ ਘੱਗਰ ਦਰਿਆ ਵੀ ਅਚਾਨਕ ਭਿਆਨਕ ਰੂਪ ਧਾਰਨ ਕਰ ਗਿਆ। ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲਿਆਂ ਵਿਚੋਂ ਲੰਘਦਾ ਇਹ ਦਰਿਆ ਮੀਂਹ ਤੋਂ ਬਾਅਦ ਬਹੁਤ ਸੰਵੇਦਨਸ਼ੀਲ ਹੋ ਗਿਆ। ਇਸ ਦਾ ਬੰਨ੍ਹਾਂ ਨੂੰ ਤੋੜਨ ਦਾ ਇਤਿਹਾਸ ਰਿਹਾ ਹੈ। ਅਗਸਤ ਦੇ ਅਖੀਰ ਵਿਚ ਪਏ ਮੀਂਹ ਕਾਰਨ ਰੋਪੜ ਤੇ ਲੁਧਿਆਣਾ ਅਤੇ ਦੁਆਬੇ ਦੇ ਵੱਖ-ਵੱਖ ਇਲਾਕਿਆਂ ਵਿਚ ਸਰਹਿੰਦ ਦਰਿਆ ਵੀ ਚੜ੍ਹ ਗਿਆ, ਜਿਸ ਨਾਲ ਆਲੇ-ਦੁਆਲੇ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ।
ਜਿਨ੍ਹਾਂ ਟਰੈਕਟਰਾਂ ਨਾਲ ਕੀਤੀ ਸੀ ਨਫ਼ਰਤ, ਉਹੀ ਕੰਮ ਆਏ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਟਰੈਕਟਰਾਂ ਨਾਲ ਸਰਕਾਰ ਨਫ਼ਰਤ ਕਰਦੀ ਸੀ, ਉਹ ਅੱਜ ਪਿੰਡ-ਪਿੰਡ ਮਦਦ ਪਹੁੰਚਾ ਰਹੇ ਹਨ। ਕਿਸਾਨ ਇਨ੍ਹਾਂ ਟਰੈਕਟਰਾਂ ਨਾਲ ਮਿੱਟੀ ਢੋਅ ਕੇ ਹੜ੍ਹਾਂ ਨਾਲ ਨੁਕਸਾਨੇ ਬੰਨ੍ਹਾਂ ਦੀ ਮੁਰੰਮਤ ਕਰ ਰਹੇ ਹਨ। ਇਸ ਸਾਰੀ ਤਬਾਹੀ ਦੇ ਵਿਚਕਾਰ ਸਰਕਾਰ ਗਾਇਬ ਹੈ ਅਤੇ ਉਸ ਦੀ ਹਮਦਰਦੀ ਵੀ। ਪੰਜਾਬ ਦੇ ਸ਼ਹਿਰਾਂ ਦੀਆਂ ਗਲੀਆਂ ਤੋਂ ਲੈ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਲੋਕ ਆਪਣੇ ਦੁੱਖ ਭੁੱਲ ਕੇ ਇਕ-ਦੂਜੇ ਲਈ ਜੀਅ ਰਹੇ ਹਨ। ਕੁਝ ਟਰੈਕਟਰ-ਟਰਾਲੀਆਂ ਵਿਚ ਰਾਹਤ ਸਮੱਗਰੀ ਲੈ ਕੇ ਹੜ੍ਹਾਂ ਪ੍ਰਭਾਵਿਤ ਪਿੰਡਾਂ ਤਕ ਪਹੁੰਚ ਰਹੇ ਹਨ, ਜਦੋਂ ਕਿ ਕੁਝ ਮਿੱਟੀ ਨਾਲ ਭਰੀਆਂ ਟਰਾਲੀਆਂ ਨਾਲ ਬੰਨ੍ਹਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਜਾਣੋ ਕਦੋਂ ਖੁੱਲ੍ਹਣਗੇ ਸਕੂਲ
ਕੇਂਦਰੀ ਮੰਤਰੀ ਨੇ ਬੀ. ਬੀ. ਐੱਮ. ਬੀ. ਨੂੰ ਠਹਿਰਾਇਆ ਜ਼ਿੰਮੇਵਾਰ
ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲਿਆਂ ਦੀ ਨੁਮਾਇੰਦਗੀ ਕਰਨ ਵਾਲੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਬੀ. ਬੀ. ਐੱਮ. ਬੀ. ’ਤੇ ਸੂਬੇ ਤੋਂ ਮਿਲ ਰਹੀਆਂ ਹੜ੍ਹ ਦੀਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਇਕ ਆਫ਼ਤ ਹੈ। ਰਣਜੀਤ ਸਾਗਰ ਡੈਮ ਦੇ ਅਸਫਲ ਹੋਣ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਕਾਰਨ ਹੀ ਖੇਤੀਬਾੜੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਪੰਜਾਬ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਮੁਆਵਜ਼ੇ ਸਬੰਧੀ ਆਪਣੀਆਂ ਮੰਗਾਂ ਕੇਂਦਰ ਸਰਕਾਰ ਨੂੰ ਸੌਂਪ ਦਿੱਤੀਆਂ ਹਨ। ਅੰਦਾਜ਼ਾ ਲਾਇਆ ਗਿਆ ਹੈ ਕਿ ਪੰਜਾਬ ਵਿਚ 10.7 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ ਲਗਭਗ 4,000-5,000 ਕਰੋੜ ਰੁਪਏ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਹਾਲਾਂਕਿ, ਸੂਬੇ ਦੇ ਆਪਣੇ ਅਧਿਕਾਰੀ ਕਹਿੰਦੇ ਹਨ ਕਿ ‘ਹਰ ਸਾਲ ਬਿਆਨ ਹੜ੍ਹਾਂ ਤੋਂ ਬਾਅਦ ਹੀ ਆਉਂਦੇ ਹਨ।’
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫੈਕਟਰੀ ’ਚ ਕੰਮ ਕਰ ਰਹੀ ਔਰਤ ਦੀ ਚੁੰਨੀ ਮਸ਼ੀਨ ’ਚ ਫਸੀ, ਮੌਤ
NEXT STORY