ਚੰਡੀਗੜ੍ਹ (ਰਮਨਜੀਤ) : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਦੇਰ ਨਾਲ ਹੀ ਸਹੀ ਪਰ ਚੰਗੀ ਗੱਲ ਹੈ ਕਿ ਕਾਂਗਰਸ ਸਰਕਾਰ ਨੂੰ ਸਮਝ ਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਪੱਸ਼ਟ ਕਰਨ ਕਿ ਅੱਤਵਾਦੀ ਸੰਗਠਨ ਨਾਲ ਜੁੜੇ ਅਵਤਾਰ ਸਿੰਘ ਪੰਨੂ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਕਿਸਦੀ ਸਿਫਾਰਿਸ਼ ’ਤੇ ਅਤੇ ਕਿਉਂ ਪੰਜਾਬ ਜੈਨਕੋ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਾਲਾਂਕਿ ਸਰਕਾਰ ਨੇ ਅਕਾਲੀ ਦਲ ਦੇ ਦਬਾਅ ’ਚ ਨਰਮਾਈ ਵਰਤੀ ਅਤੇ ਪੰਨੂ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਕੋਟਲਾਬਾਮਾ ਨੂੰ ਪੰਜਾਬ ਜੈਨਕੋ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਪਰ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕਿਸੇ ਰਾਸ਼ਟਰ ਵਿਰੋਧੀ ਦੇ ਪਰਿਵਾਰ ਨੂੰ ਉੱਚੇ ਅਹੁਦੇ ’ਤੇ ਬਿਠਾਉਣ ਲਈ ਉਨ੍ਹਾਂ ’ਤੇ ਕੀ ਦਬਾਅ ਪਾਇਆ ਗਿਆ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਭਾਰਤ ਸਰਕਾਰ ਨੇ ‘ਸਿੱਖਸ ਫਾਰ ਜਸਟਿਸ’ ਨਾਂ ਦੇ ਸੰਗਠਨ ਨੂੰ ਅੱਤਵਾਦੀ ਸੰਗਠਨ ਐਲਾਨ ਕੀਤਾ ਹੋਇਆ ਸੀ ਅਤੇ ਉਕਤ ਸੰਗਠਨ ਦੇ ਸਰਗਰਮ ਅਤੇ ਪ੍ਰਮੁੱਖ ਮੈਂਬਰ ਵੀ ਭਾਰਤ ਸਰਕਾਰ ਦੇ ਰਾਡਾਰ ’ਤੇ ਹਨ।
ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਨ੍ਹਾਂ ’ਤੇ ਅਜਿਹੇ ਰਾਸ਼ਟਰ ਵਿਰੋਧੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਆਪਣੇ ਕੈਬਨਿਟ ਸਾਥੀਆਂ ਦਾ ਦਬਾਅ ਹੈ। ਮਜੀਠੀਆ ਨੇ ਪੂਰੀ ਨਿਯੁਕਤੀ ਦੀ ਜਾਂਚ ਦੇ ਨਾਲ-ਨਾਲ ਬਲਵਿੰਦਰ ਸਿੰਘ ਕੋਟਲਾਬਾਮਾ ਦੀਆਂ ਗਤੀਵਿਧੀਆਂ ਦੀ ਜਾਂਚ ਦੀ ਵੀ ਮੰਗ ਕੀਤੀ। ਉਧਰ, ਕਾਂਗਰਸ ਨੇਤਾ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਇਸ ਮਾਮਲੇ ’ਚ ਚੰਨੀ ਸਰਕਾਰ ’ਤੇ ਟਿੱਪਣੀ ਕੀਤੀ ਹੈ।
ਰਵਨੀਤ ਸਿੰਘ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਹੈ ਕਿ ਐੱਸ. ਐੱਫ਼. ਜੇ. ਨਾਲ ਜੁੜੇ ਵਿਅਕਤੀ ਦੇ ਪਰਿਵਾਰਿਕ ਮੈਂਬਰ ਨੂੰ ਸੂਬੇ ਦੇ ਇਕ ਸਰਕਾਰ ਅਧੀਨ ਸੰਸਥਾਨ ’ਚ ਚੇਅਰਮੈਨ ਲਗਾਏ ਜਾਣ ਤੋਂ ਬਾਅਦ ਕਾਂਗਰਸੀਆਂ ’ਚ ਵੱਡੇ ਪੱਧਰ ’ਤੇ ਰੋਸ ਪੈਦਾ ਹੋਇਆ ਸੀ। ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਬਲਵਿੰਦਰ ਸਿੰਘ ਪੰਨੂ ਨੂੰ ਪੰਜਾਬ ਜੈਨਕੋ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਏ ਜਾਣ ਦਾ ਫ਼ੈਸਲਾ ਸੁਆਗਤਯੋਗ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਕਰਨਾ ਵਾਲਾ ਅਨਿਲ ਅਰੋੜਾ ਗ੍ਰਿਫ਼ਤਾਰ
NEXT STORY