ਜਲੰਧਰ (ਰਮਨਦੀਪ ਸਿੰਘ ਸੋਢੀ) : ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਇਸ ਸਮੇਂ ਪੰਜਾਬ ਦੀ ਸਭ ਤੋਂ ਹੌਟ ਸੀਟ ਬਣੀ ਹੋਈ ਹੈ। ਇਸ ਸੀਟ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣ ਮੈਦਾਨ ’ਚ ਹਨ ਤੇ ਉਨ੍ਹਾਂ ਦਾ ਸਿੱਧਾ ਮੁਕਾਬਲਾ ਉਨ੍ਹਾਂ ਦੇ ਕੱਟੜ ਵਿਰੋਧੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨਾਲ ਹੈ ਪਰ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮਜੀਠੀਆ ਮੁਕਾਬਲੇ ਲਈ ਨਹੀਂ ਸਗੋਂ ਡਰ ਕਾਰਨ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਹਨ। ਇਹੀ ਕਾਰਨ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠਿਆ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਨੇ ਮੇਰੇ ਸੀ. ਐੱਮ. ਫੇਸ ਨਾ ਬਣਨ ’ਤੇ ਲੱਡੂ ਵੰਡੇ ਸਨ। ਨਵਜੋਤ ਸਿੱਧੂ ਇਨ੍ਹਾਂ ਲਈ ਬਦਲਾਅ ਦੀ ਤਰ੍ਹਾਂ ਹਨ। ਨਵਜੋਤ ਸਿੱਧੂ ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਤੇ ਰੇਤ ਮਾਫੀਆ ਦਾ ਬਦਲਾਅ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ’ਤੇ ਤੰਜ ਕੱਸਦਿਆਂ ਸਿੱਧੂ ਨੇ ਕਿਹਾ ਕਿ ‘ਆਪ’ ਵਾਲੇ ਕਹਿ ਰਹੇ ਹਨ ਕਿ ਅਸੀ ਬਦਲਾਅ ਦੇਵਾਂਗੇ ਪਰ ਉਨ੍ਹਾਂ ਨੇ ਅਜੇ ਤੱਕ ਵਿਦੇਸ਼ਾਂ ਤੋਂ ਆਏ ਫੰਡ ਦਾ ਜਵਾਬ ਤਾਂ ਦਿੱਤਾ ਨਹੀਂ ਹੈ, ਫਿਰ ਪੰਜਾਬ ਨੂੰ ਬਦਲਾਅ ਕਿਵੇਂ ਦੇਣਗੇ। ਉਨ੍ਹਾਂ ਕਿਹਾ ਨਵਜੋਤ ਸਿੰਘ ਕਾਂਗਰਸ ’ਚ ਬਦਲਾਅ ਹੈ ਤੇ ਸਿੱਧੂ ਦੇ ਬਦਲਾਅ ਨੂੰ ਦੂਜੀਆਂ ਪਾਰਟੀਆਂ ਵਾਲੇ ਕਾਪੀ ਕਰਦੇ ਹਨ।
ਪੰਜਾਬ ’ਚ ਦੁਬਾਰਾ ਅਕਾਲੀਆਂ ਦੀ ਸਰਕਾਰ ਨਹੀਂ ਬਣ ਸਕਦੀ
ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਮਾਤਾ ਵੈਸ਼ਨੋ ਦੇਵੀ ਨਤਮਸਤਕ ਹੋ ਕੇ ਆਏ ਹਨ, ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਮੰਨਤ ਮੰਗੀ ਤਾਂ ਇਸ ’ਤੇ ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਭਲੇ ਦੀ ਅਰਦਾਸ ਕਰ ਕੇ ਆਇਆ ਹਾਂ। ਪੰਜਾਬ ਦੇ ਕਲਿਆਣ ’ਚ ਹੀ ਉਨ੍ਹਾਂ ਦਾ ਕਲਿਆਣ ਹੈ । ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਧਰਮਾਂ ’ਚ ਵੰਡ ਰਹੇ ਹਾਂ, ਜਦਕਿ ਧਰਮਾਂ ਦੀ ਮੰਜ਼ਿਲ ਇਕ ਹੈ ਪਰ ਰਸਤੇ ਵੱਖ-ਵੱਖ ਹੋ ਸਕਦੇ ਹਨ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਰਾਜਨੀਤੀ ’ਚ ਸਭ ਤੋਂ ਵੱਧ ਧਰਮ ਦੀ ਰਾਜਨੀਤੀ ਹੁੰਦੀ ਹੈ ਤਾਂ ਸਿੱਧੂ ਨੇ ਕਿਹਾ ਕਿ ਇਹੀ ਤਾਂ ਕਲਯੁੱਗ ਹੈ। ਅੱਜ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਧੱਕੇ ਖਾ ਰਹੇ ਹਨ।
ਉਨ੍ਹਾਂ ਕਿਹਾ ਕਿ ਧਰਤੀ ’ਤੇ ਡਾਇਨਾਸੋਰ ਦੁਬਾਰਾ ਪੈਦਾ ਹੋ ਸਕਦੇ ਹਨ ਪਰ ਅਕਾਲੀਆਂ ਦੀ ਸਰਕਾਰ ਦੁਬਾਰਾ ਪੰਜਾਬ ’ਚ ਨਹੀਂ ਬਣ ਸਕਦੀ ਹੈ। ਸੁਖਬੀਰ ਬਾਦਲ ਤੇ ਮਜੀਠੀਆ ਨੇ ਅਕਾਲੀ ਦਲ ਨੂੰ ‘ਖਾਲੀ ਦਲ’ ਬਣਾ ਕੇ ਰੱਖ ਦਿੱਤਾ ਹੈ। ਅਕਾਲੀ ਦਲ ਦੇ ਪੁਰਾਣੇ ਪ੍ਰਧਾਨ ਲੋਕਾਂ ਦੇ ਭਲੇ ਦੀ ਗੱਲ ਕਰਦੇ ਸਨ ਪਰ ਬਾਦਲਾਂ ਨੇ ਸਿਰਫ ਆਪਣਾ ਸੋਚਿਆ। ਮਜੀਠੀਆ ਦੇ ਪਰਿਵਾਰ ਨੇ ਦੇਸ਼ਧ੍ਰੋਹ ਕੀਤਾ। ਜਨਰਲ ਡਾਇਰ ਦੀ ਮਦਦ ਕੀਤੀ। ਸੁਖਬੀਰ ਤੇ ਮਜੀਠੀਆ ਦੇ ਡੀ. ਐੱਨ. ਏ. ’ਚ ਦੇਸ਼ਧ੍ਰੋਹ ਹੈ ਤੇ ਪੰਜਾਬ ਨੂੰ ਵੇਚਣ ਦੀ ਸੋਚ ਹੈ।
ਇਹ ਵੀ ਪੜ੍ਹੋ : ਮੇਰਾ ਚੋਣ ਲੜਨ ਦਾ ਮਨ ਨਹੀਂ ਸੀ ਪਰ ਪਾਰਟੀ ਦਾ ਹੁਕਮ ਸਿਰ ਮੱਥੇ : ਪ੍ਰਕਾਸ਼ ਸਿੰਘ ਬਾਦਲ
ਪਰਮਾਤਮਾ ਜਿੰਨਾ ਵੱਡਾ ਇਮਤਿਹਾਨ ਲੈਂਦਾ ਹੈ ਓਨਾ ਹੀ ਵੱਡਾ ਫਲ ਦਿੰਦਾ ਹੈ
ਜੇਕਰ ਸਿੱਧੂ ਬਦਲਾਅ ਹੈ ਤਾਂ ਹਾਈਕਮਾਨ ਨੂੰ ਕਿਉਂ ਨਹੀਂ ਵਿਖਾਈ ਦਿੰਦਾ ? ਇਸ ’ਤੇ ਉਨ੍ਹਾਂ ਨੇ ਕਿਹਾ ਕਿ ਹਾਈਕਮਾਨ ਕਈ ਫੈਕਟਰ ਵੇਖਦੀ ਹੈ। ਸਿੱਧੂ ਆਪਣੀ ਧੁਨ ’ਚ ਹੈ। ਪ੍ਰਮਾਤਮਾ ਜਿੰਨਾ ਵੱਡਾ ਇਮਤਿਹਾਨ ਲੈਂਦਾ ਹੈ ਓਨਾ ਹੀ ਵੱਡਾ ਫਲ ਦਿੰਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਨਵਜੋਤ ਸਿੱਧੂ ਖੁਦ ਨੂੰ ਸੀ. ਐੱਮ. ਫੇਸ ਮੰਨ ਕੇ ਚੱਲ ਰਹੇ ਸਨ। ਹੁਣ ਵਿਰੋਧੀ ਪਾਰਟੀਆਂ ਵਾਲੇ ਵੀ ਇਸ ਗੱਲ ਦਾ ਮਜ਼ਾਕ ਉੱਡਾ ਰਹੇ ਹਨ ਕਿ ਉਨ੍ਹਾਂ ਨੂੰ ਸੀ. ਐੱਮ. ਫੇਸ ਨਾ ਬਣਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੀ. ਐੱਮ. ਫੇਸ ਬਣਾਇਆ ਗਿਆ ਹੈ। ਇਸ ’ਤੇ ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕੁਰਸੀ ਦੀ ਭੁੱਖ ਨਹੀਂ ਹੈ। ਵਿਰੋਧੀ ਪਾਰਟੀਆਂ ਮੇਰੇ ਪੰਜਾਬ ਦੇ ਇਸ਼ਕ ਨੂੰ ਖਤਮ ਕਰਨਾ ਚਾਹੁੰਦੀਆਂ ਹਨ। ਮੈਂ ਸਿਰਫ ਇਕ ਗੱਲ ਚਾਹੁੰਦਾ ਹਾਂ ਕਿ ਮੇਰੀਆਂ ਨੀਤੀਆਂ ਨੂੰ ਪੰਜਾਬ ’ਚ ਲਾਗੂ ਕੀਤਾ ਜਾਵੇ , ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੇਰਾ ਦਾਅਵਾ ਹੈ ਕਿ ਸਰਕਾਰ ਨਹੀਂ ਚੱਲ ਸਕੇਗੀ , ਜੇਕਰ ਮੈਂ ਫੇਲ ਹੋਇਆ ਤਾਂ ਦੁਬਾਰਾ ਕੋਸ਼ਿਸ਼ ਕਰਾਂਗਾ, ਪਿੱਛੇ ਨਹੀਂ ਹਟਾਂਗਾ। ਪੰਜਾਬ ਲਈ ਮੇਰੀ ਆਵਾਜ਼ ਨੂੰ ਕਦੇ ਨਹੀਂ ਦਬਾਇਆ ਜਾ ਸਕਦਾ ਹੈ।
ਪੰਜਾਬ ’ਚ ਜਾਤੀਵਾਦ ਨਹੀਂ ਭਾਈਚਾਰਾ ਚੱਲੇਗਾ
ਕੀ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਜਾਤੀਵਾਦ ਦੀ ਰਾਜਨੀਤੀ ਕਰਦੀ ਹੈ ਤਾਂ ਸਿੱਧੂ ਨੇ ਕਿਹਾ ਕਿ ਜਾਤੀਵਾਦ ਦੀ ਰਾਜਨੀਤੀ ਯੂ. ਪੀ. ’ਚ ਤਾਂ ਹੋ ਸਕਦੀ ਹੈ ਪੰਜਾਬ ’ਚ ਨਹੀਂ, ਜਿੱਥੇ ਨਾ ਸਿੱਖ, ਨਾ ਹਿੰਦੂ ਤੇ ਨਾ ਮੁਸਲਮਾਨ, ‘ਪੰਜਾਬ ਜਿਊਂਦਾ ਗੁਰਾਂ ਦੇ ਨਾਂ ’ਤੇ।’ ਪੰਜਾਬ ’ਚ ਸਿਰਫ ਆਪਸੀ ਭਾਈਚਾਰਾ ਚੱਲੇਗਾ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਚੰਨੀ ਸਾਹਿਬ ਦਾ ਚਿਹਰਾ ਤੁਹਾਡੇ ਲਈ ਫਾਇਦਾ ਜਾਂ ਨੁਕਸਾਨ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਤੈਅ ਕਰਨਗੇ। ਲੋਕਤੰਤਰ ’ਚ ਫੈਸਲਾ ਲੋਕ ਕਰਦੇ ਹਨ। ਮੈਨੂੰ ਕਾਂਗਰਸ ਪਾਰਟੀ ਛੱਡਣ ਲਈ ਭਾਜਪਾ ਨੇ ਕਰੋਡ਼ਾਂ ਰੁਪਏ ਦੀ ਆਫਰ ਦਿੱਤੀ ਪਰ ਮੈਂ ਵਿਕਿਆ ਨਹੀਂ। ਰਾਹੁਲ ਗਾਂਧੀ ਨਾਲ ਬੰਦ ਕਮਰੇ ’ਚ ਕੀ ਗੱਲ ਹੋਈ ਸੀ ਤਾਂ ਸਿੱਧੂ ਨੇ ਕਿਹਾ ਕਿ ਪਰਿਵਾਰ ਦੀਆਂ ਗੱਲਾਂ ਚਾਰਦੀਵਾਰੀ ਤੋਂ ਬਾਹਰ ਸੜਕ ’ਤੇ ਨਹੀਂ ਕੀਤੀਆਂ ਜਾਂਦੀਆਂ। ਕਾਂਗਰਸ ਮੇਰੇ ਲਈ ਪਰਿਵਾਰ ਵਾਂਗ ਹੈ। ਮੇਰੀ ਲੜਾਈ ਵਿਰੋਧੀਆਂ ਨਾਲ ਹੈ।
ਇਹ ਵੀ ਪੜ੍ਹੋ : ਕਾਂਗਰਸ ਇਕਜੁਟ, ਉਸ ਦਾ ਮਕਸਦ ਬਾਹਰੀ ਲੋਕਾਂ ਨੂੰ ਸੂਬੇ ’ਚੋਂ ਭਜਾਉਣਾ : ਚੰਨੀ
ਪੰਜਾਬ ਦੇ ਲੋਕ ਮੇਰੇ ਨਾਲ ਹਨ ਤੇ ਮੈਂ ਇਸ ਤੋਂ ਖੁਸ਼ ਹਾਂ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਠੀਕ ਹੈ ਕਿ ਜਿਨ੍ਹਾਂ ਵਿਧਾਇਕਾਂ ਨੇ ਤੁਹਾਨੂੰ ਪੰਜਾਬ ਨੂੰ ਲੀਡ ਕਰਨ ਲਈ ਉਤੇਜਿਤ ਕੀਤਾ ਸੀ ਤੇ ਮੌਕੇ ’ਤੇ ਉਨ੍ਹਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ । ਇਸ ’ਤੇ ਉਨ੍ਹਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਪੰਜਾਬ ਦੇ ਲੋਕ ਮੇਰੇ ਨਾਲ ਹਨ ਤੇ ਮੈਂ ਇਸ ਤੋਂ ਖੁਸ਼ ਹਾਂ। ਪਿਛਲੀਆਂ ਚੋਣਾਂ ’ਚ ਨਵਜੋਤ ਸਿੰਘ ਸਿੱਧੂ ਪੂਰੇ ਪੰਜਾਬ ’ਚ ਪ੍ਰਚਾਰ ਕਰ ਰਹੇ ਸਨ ਪਰ ਅੱਜ ਸਿੱਧੂ ਕੇਵਲ ਆਪਣੀ ਸੀਟ ਤੱਕ ਸੀਮਿਤ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਅਜਿਹਾ ਨਹੀਂ ਹੈ ਕਿ ਪਿਛਲੀ ਵਾਰ ਸੀ. ਐੱਮ. ਉਮੀਦਵਾਰ ਲੇਟ ਐਲਾਨ ਹੋਇਆ ਸੀ ਤੇ ਕੰਪੇਨ ਪਹਿਲਾਂ ਸ਼ੁਰੂ ਹੋ ਗਈ ਸੀ। ਰਾਹੁਲ ਗਾਂਧੀ ਨੇ ਮੇਰੀ ਡਿਊਟੀ ਲਾਈ ਸੀ। ਮੈਂ 54 ਸੀਟਾਂ ’ਤੇ ਪ੍ਰਚਾਰ ਕੀਤਾ ਸੀ। ਉਨ੍ਹਾਂ ’ਚੋਂ 52 ਸੀਟਾਂ ਕਾਂਗਰਸ ਨੇ ਜਿੱਤੀਆਂ ਸਨ। ਇਸ ਵਾਰ ਸੀ. ਐੱਮ. ਚਿਹਰਾ ਸੀ. ਐੱਮ. ਚੰਨੀ ਨੂੰ ਐਲਾਨ ਕਰ ਦਿੱਤਾ ਗਿਆ ਤੇ ਪ੍ਰਚਾਰ ਦੀ ਕਮਾਂਡ ਵੀ ਉਨ੍ਹਾਂ ਦੇ ਸਿਰ ਹੈ। ਕੀ ਇਸ ਵਾਰ ਹਾਈਕਮਾਂਡ ਨੇ ਨਹੀਂ ਕਿਹਾ ਕਿ ਪੰਜਾਬ ’ਚ ਚੋਣ ਪ੍ਰਚਾਰ ਦੀ ਕਮਾਂਡ ਸੰਭਾਲੋ? ਇਸ ’ਤੇ ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਪਾਵਰ ਨਹੀਂ ਹੈ ਕਿ ਮੈਂ ਪ੍ਰਚਾਰ ਦੌਰਾਨ ਕੋਈ ਫੈਸਲੇ ਲੈ ਸਕਾਂ। ਇਹ ਪਾਵਰ ਚੰਨੀ ਦੇ ਕੋਲ ਹਨ ਤੇ ਉਹ ਫੈਸਲੇ ਲੈ ਰਹੇ ਹਨ।
ਪ੍ਰਚਾਰ ਦੀ ਕਮਾਂਡ ਸਬੰਧੀ ਕੋਈ ਵੀ ਗਿਲਾ ਤਾਂ ਨਹੀਂ ਹੈ
ਕੀ ਤੁਹਾਨੂੰ ਇਸ ਗੱਲ ਦਾ ਦੁੱਖ ਹੈ ਕਿ ਤੁਹਾਨੂੰ ਪੰਜਾਬ ’ਚ ਪ੍ਰਚਾਰ ਦੀ ਕਮਾਂਡ ਨਹੀਂ ਮਿਲੀ ਹੈ ਤਾਂ ਸਿੱਧੂ ਬੋਲੇ-ਮੈਨੂੰ ਕੋਈ ਵੀ ਗਿਲਾ ਨਹੀਂ ਹੈ। ਸਿੱਧੂ ਪਲ ’ਚ ਜਿਊਂਦਾ ਹੈ ਤੇ ਪਲ ’ਚ ਜਿਊਣ ਵਾਲਾ ਸ਼ਹਿਨਸ਼ਾਹ ਹੁੰਦਾ ਹੈ ਤੇ ਉਸ ਨੂੰ ਕਿਸੇ ਗੱਲ ਦਾ ਗਿਲਾ ਨਹੀਂ ਹੁੰਦਾ ਹੈ। ਮੈਂ ਵਾਹਿਗੁਰੂ ਜੀ ਦੀ ਰਜ਼ਾ ’ਚ ਰਹਿ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਵਿਰੋਧੀ ਤੁਹਾਡੇ ਬਾਰੇ ਇਹ ਗੱਲ ਕਰ ਰਹੇ ਹਨ ਕਿ ਤੁਸੀ ਕਾਂਗਰਸ ਨੂੰ ਛੱਡ ਕੇ ਹੁਣ ਟੀ.ਵੀ. ਇੰਡਸਟਰੀ ’ਚ ਚਲੇ ਜਾਓਗੇ ਤੇ ਇਸ ਵਾਰ ਸਿੱਧੂ ਦਿੱਲੀ ਨਹੀਂ ਪਾਕਿਸਤਾਨ ਜਾਣਗੇ । ਸਿੱਧੂ ਕਿਤੇ ਨਹੀਂ ਜਾਵੇਗਾ ਸਗੋਂ ਅਜਿਹੀ ਗੱਲਾਂ ਕਹਿਣ ਵਾਲਿਆਂ ਨੂੰ ਭਜਾਏਗਾ।
ਮੇਰੀ ਆਲੋਚਨਾ ਕਰਨ ਨਾਲ ਕੀ ਹੋਵੇਗਾ?
ਇਸ ਵਾਰ ਇਹ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਭਾਜਪਾ ਤੇ ਕਾਂਗਰਸ ਵੀ ਅਕਾਲੀ ਦਲ ਦਾ ਸਾਥ ਦੇ ਰਹੀ ਹੈ। ਮੇਰੀ ਆਲੋਚਨਾ ਕਰਨ ਨਾਲ ਕੀ ਹੋ ਸਕਦਾ ਹੈ? ਮੈਂ ਤਾਂ ਚੈਨਲ ਵਾਂਗ ਹਾਂ, ਜੇ ਲੋਕਾਂ ਨੂੰ ਪਸੰਦ ਨਾ ਆਇਆ ਤਾਂ ਚੈਨਲ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ਮੇਰੀ ਲੜਾਈ ਮਾਫੀਆ ਖਿਲਾਫ ਹੈ ਅਤੇ ਮੈਂ ਲੜਦਾ ਰਹਾਂਗਾ।
ਕੀ ਤੁਸੀਂ ਇਸ ਵਾਰ ਕਾਂਗਰਸ ਦਾ ਅਕਾਲੀ ਦਲ ਨਾਲ ਮੁਕਾਬਲਾ ਮੰਨਦੇ ਹੋ? ਇਸ ’ਤੇ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਅਤੇ ਨਾ ਹੀ ਅਕਾਲੀ ਦਲ ਕਿਤੇ ਮੁਕਾਬਲੇ ਵਿਚ ਹੈ। ਜੇ ਅਕਾਲੀ ਦਲ ਦੀਆਂ 25 ਤੋਂ ਵੱਧ ਸੀਟਾਂ ਆ ਗਈਆਂ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਫਿਰ ਕੀ ਮੁਕਾਬਲਾ ਸਿਰਫ ਆਮ ਆਦਮੀ ਪਾਰਟੀ ਦੇ ਨਾਲ ਹੈ? ਇਸ ਵਿਚ ਕੋਈ ਸ਼ੱਕ ਨਹੀਂ, ਭਾਵੇਂ ਕੇਜਰੀਵਾਲ ਇਮਾਨਦਾਰ ਨਹੀਂ, ਪੈਸੇ ਲੈ ਕੇ ਟਿਕਟ ਵੇਚਦਾ ਹੈ।
ਮੈਂ ਸਰਵੇ ’ਚ ਯਕੀਨ ਨਹੀਂ ਰੱਖਦਾ
ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਵਿਚ ਇਸ ਵਾਰ ਤ੍ਰਿਸ਼ੰਕੂ ਸਰਕਾਰ ਬਣੇਗੀ। ਇਸ ’ਤੇ ਸਿੱਧੂ ਨੇ ਕਿਹਾ ਕਿ ਪੰਜਾਬ ਦੇ 72 ਸਾਲ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਵੇਗਾ। ਮੈਂ ਕਿਸੇ ਸਰਵੇ ਵਿਚ ਯਕੀਨ ਨਹੀਂ ਰੱਖਦਾ ਕਿਉਂਕਿ ਸਰਵੇ ਤਾਂ ਪੈਸੇ ਦੇ ਕੇ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਸਿਸਟਮ ਬਦਲਣ ਲਈ ਵੋਟ ਪਾਉਣਗੇ।
ਕੀ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਆਉਣ ਦਾ ਵਿਸ਼ਵਾਸ ਹੈ ਤਾਂ ਉਹ ਬੋਲੇ–ਬਿਲਕੁਲ ਹੈ, ਇਸੇ ਲਈ ਤਾਂ ਚੋਣ ਲੜ ਰਹੇ ਹਾਂ।
ਬਿਕਰਮ ਮਜੀਠੀਆ ਕਹਿ ਰਹੇ ਹਨ ਕਿ ਨਵਜੋਤ ਸਿੱਧੂ ਆਪਣੇ ਹਲਕੇ ਵਿਚ ਨਹੀਂ ਆਉਂਦੇ ਤਾਂ ਸਿੱਧੂ ਨੇ ਕਿਹਾ ਕਿ ਚੋਰ ਆਦਮੀ ਦੀ ਗੱਲ ਕੌਣ ਸੁਣਦਾ ਹੈ। ਜੇ ਮੈਂ ਨਹੀਂ ਹੁੰਦਾ ਸੀ ਤਾਂ ਮੇਰੀ ਪਤਨੀ ਹਲਕੇ ’ਚ ਕੰਮ ਕਰਦੀ ਸੀ। ਉਨ੍ਹਾਂ ਕਿਹਾ ਕਿ ਕੋਈ ਇਨ੍ਹਾਂ ਨੂੰ ਪੁੱਛੇ ਕਿ ਮਜੀਠੀਆ ਆਪਣਾ ਹਲਕਾ ਛੱਡ ਕੇ ਇਸ ਹਲਕੇ ਵਿਚ ਕੀ ਲੈਣ ਆਇਆ ਹੈ? ਮਜੀਠੀਆ ਦੇ ਆਉਣ ਨਾਲ ਮੇਰੀ ਜਿੱਤ ਪੱਕੀ ਹੋ ਗਈ ਹੈ ਕਿਉਂਕਿ ਲੋਕ ਬਦਮਾਸ਼ ਤੇ ਚਿੱਟਾ ਵੇਚਣ ਵਾਲੇ ਨੂੰ ਵੋਟ ਨਹੀਂ ਪਾਉਣਗੇ। ਪਰ ਮਜੀਠੀਆ ਤਾਂ ਦਾਅਵਾ ਕਰ ਰਹੇ ਹਨ ਕਿ ਇਸ ਵਾਰ ਸਿੱਧੂ ਨੂੰ ਹਰਾ ਦੇਣਗੇ। ਇਸ ’ਤੇ ਸਿੱਧੂ ਨੇ ਕਿਹਾ ਕਿ ਇਹ ਤਾਂ ਲੋਕ-ਵਿਖਾਵਾ ਹੈ। ਅਸਲ ’ਚ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਦੋਵਾਂ ਨੂੰ ਸਿੱਧੂ ਦਾ ਖੌਫ ਅਤੇ ਮਜੀਠੀਆ ਦੀ ਹਾਰ ਨਜ਼ਰ ਆ ਰਹੀ ਹੈ।
ਮਜੀਠੀਆ ਨੇ ਚੈਲੰਜ ਕਬੂਲ ਕੀਤਾ ਤਾਂ ਫਿਰ ਆਪਣੀ ਪਤਨੀ ਨੂੰ ਟਿਕਟ ਕਿਉਂ ਦਿੱਤੀ?
ਮਜੀਠੀਆ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਤੁਹਾਡਾ ਚੈਲੰਜ ਕਬੂਲ ਕਰ ਲਿਆ ਹੈ। ਇਸ ’ਤੇ ਸਿੱਧੂ ਨੇ ਕਿਹਾ ਕਿ ਜੇ ਚੈਲੰਜ ਕਬੂਲ ਕੀਤਾ ਤਾਂ ਫਿਰ ਆਪਣੀ ਪਤਨੀ ਨੂੰ ਟਿਕਟ ਦੇ ਕੇ ਕਿਉਂ ਆਇਆ ਹੈ? ਕਿਸੇ ਪਾਰਟੀ ਵਰਕਰ ਨੂੰ ਟਿਕਟ ਕਿਉਂ ਨਹੀਂ ਦਿੱਤੀ?ਅੰਮ੍ਰਿਤਸਰ ਪੂਰਬੀ ਦੇ ਲੋਕ ਸਿੱਧੂ ਨੂੰ ਵੋਟ ਕਿਉਂ ਪਾਉਣ? ਇਸ ’ਤੇ ਸਿੱਧੂ ਨੇ ਕਿਹਾ ਕਿ ਮੈਂ 5 ਸਾਲਾਂ ਵਿਚ 50 ਸਾਲ ਦਾ ਵਿਕਾਸ ਕੀਤਾ ਹੈ। ਪੂਰੇ ਹਲਕੇ ਵਿਚ ਪਾਣੀ ਦੀ ਵਿਵਸਥਾ ਕਰਵਾਈ। ਮੇਰੇ ਕੋਲ ਇਕ-ਇਕ ਕੰਮ ਦੀ ਡਿਟੇਲ ਪਈ ਹੈ।ਵਿਰੋਧੀ ਕਹਿੰਦੇ ਹਨ ਕਿ ਸਿੱਧੂ ਸੈਲੀਬ੍ਰਿਟੀ ਹਨ ਅਤੇ ਲੋਕਾਂ ਨੂੰ ਨਹੀਂ ਮਿਲਦੇ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਸੈਲੀਬ੍ਰਿਟੀ ਆਪਣੀ ਮਿਹਨਤ ਨਾਲ ਬਣਿਆ ਹੈ ਅਤੇ ਲੋਕਾਂ ਨੇ ਬਣਾਇਆ ਹੈ।ਮਜੀਠੀਆ ਤਾਂ ਸਿਰਫ ਨਸ਼ਾ ਸਮੱਗਲਰਾਂ ਤੇ ਮਾਫੀਆ ਦੇ ਲੋਕਾਂ ਨੂੰ ਮਿਲਦਾ ਹੈ।
ਕੈਪਟਨ ਅਮਰਿੰਦਰ ਸਿੰਘ ਦਾ ਕੋਈ ਭਵਿੱਖ ਨਹੀਂ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਿੱਧੂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਤਾਂ ਸਿੱਧੂ ਨੇ ਕਿਹਾ ਕਿ ਅੱਜ ਘਰ ਕੌਣ ਬੈਠਾ ਹੈ। ਕੈਪਟਨ ਨੂੰ ਪਾਰਟੀ ’ਚੋਂ ਕਿਉਂ ਕੱਢਿਆ ਗਿਆ। ਜੇ ਸਿੱਧੂ ਦਾ ਦਿਮਾਗੀ ਸੰਤੁਲਨ ਠੀਕ ਨਾ ਹੁੰਦਾ ਤਾਂ ਪਾਰਟੀ ਹਾਈਕਮਾਨ ਉਸ ਨੂੰ ਪੰਜਾਬ ਪ੍ਰਧਾਨ ਕਿਉਂ ਬਣਾਉਂਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਕੋਈ ਭਵਿੱਖ ਨਹੀਂ। ਕੈਪਟਨ ਦੀ ਰੱਸੀ ਬਲ ਗਈ ਹੈ ਪਰ ਬਲ ਨਹੀਂ ਗਿਆ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੇਰਾ ਚੋਣ ਲੜਨ ਦਾ ਮਨ ਨਹੀਂ ਸੀ ਪਰ ਪਾਰਟੀ ਦਾ ਹੁਕਮ ਸਿਰ ਮੱਥੇ : ਪ੍ਰਕਾਸ਼ ਸਿੰਘ ਬਾਦਲ
NEXT STORY