ਭਵਾਨੀਗੜ੍ਹ (ਕਾਂਸਲ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਉਤਸਵ ਮੌਕੇ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਕੀਤੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ, ਜੇਕਰ ਕੇਂਦਰ ਨੇ ਆਪਣਾ ਇਹ ਵਾਅਦਾ ਪੂਰਾ ਨਾ ਕੀਤਾ ਤਾਂ ਪੰਜਾਬ ਦੇ ਨਾਲ ਨਾਲ ਪੂਰੀ ਨਾਨਕ ਨਾਮ ਲੇਵਾ ਸੰਗਤ ਭਾਜਪਾ ਨੂੰ ਇਸ ਲਈ ਮੁਆਫ਼ ਨਹੀਂ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਮਾਲ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਅੱਜ ਨੇੜਲੇ ਪਿੰਡ ਫੱਗੂਵਾਲਾ ਵਿਖੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਭਰਪੂਰ ਸਿੰਘ ਫੱਗੂਵਾਲਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਹ ਵੀ ਪੜ੍ਹੋ : CM ਮਾਨ ਵੱਲੋਂ ਇਕ ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਦੀ ਸਮਰੱਥਾ ਵਾਲਾ ਵੇਰਕਾ ਮਿਲਕ ਪਲਾਂਟ ਲੋਕ ਅਰਪਿਤ
ਉਨ੍ਹਾਂ ਕਿਹਾ ਕਿ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਪੰਜਾਬ ਨੂੰ ਕਮਜ਼ੋਰ ਕਰਨ ਤੇ ਸਿੱਖਾਂ ਨੂੰ ਦੋਫਾੜ ਕਰਨ ਲਈ ਗਹਿਰੀਆਂ ਸਾਜ਼ਿਸਾਂ ਰੱਚੀਆਂ ਜਾ ਰਹੀਆਂ ਹਨ। ਹਰਿਆਣਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਖ ਹੋਣਾ ਇਸ ਸਾਜਿਸ਼ ਦਾ ਇਕ ਹਿੱਸਾ ਹੈ, ਜਿਸ ਤੋਂ ਸਿੱਖ ਕੌਮ ਤੇ ਸਮੂਚੇ ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਐਸ.ਵਾਈ.ਐਲ ਰਾਹੀ ਪੰਜਾਬ ਦੇ ਪਾਣੀ ਵੀ ਸਾਡੇ ਤੋਂ ਖੋਹ ਕੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਉਪਰ 'ਆਪ' ਵਿਧਾਇਕਾਂ ਦੀ ਖਰੀਦੋ-ਫਰੋਕਤ ਕਰਨ ਦੇ ਲਗਾਏ ਦੋਸ਼ਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਲੋਕਾਂ ਦੇ ਸਾਹਮਣੇ ਇਹ ਸੱਚ ਉਜਾਗਰ ਹੋਣਾ ਚਾਹੀਦਾ ਹੈ ਕਿ ਭਾਜਪਾ ਨੇ ਸੱਚਮੁੱਚ 'ਆਪ' ਵਿਧਾਇਕਾਂ ਨੂੰ ਖਰੀਦਣ ਦੀ ਪੇਸ਼ਕਸ ਕੀਤੀ ਜਾਂ ਫਿਰ ਇਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੱਚਿਆ ਗਿਆ ਡਰਾਮਾ ਹੈ।
ਇਹ ਵੀ ਪੜ੍ਹੋ : ਹੁਸੈਨੀਵਾਲਾ ਪੁੱਜੇ CM ਭਗਵੰਤ ਮਾਨ: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਨੂੰ ਅਪਗ੍ਰੇਡ ਕਰਨ ਦਾ ਐਲਾਨ
ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ ਤੇ ਵਿਧਾਇਕਾਂ ਵੱਲੋਂ ਸ਼ਹੀਦਾਂ ਦੇ ਰੰਗਾਂ ਦੀ ਦਸਤਾਰ ਬੰਨ੍ਹ ਕੇ ਸ਼ਹੀਦਾਂ ਦੇ ਹਮਦਰਦ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ, ਜਦੋਂ ਕਿ ਅੱਜ ਵੀ ਪੰਜਾਬ ਦੇ ਨੌਜਵਾਨ ਆਪਣੇ ਹੱਕਾਂ ਨੂੰ ਲੈਣ ਲਈ ਟੈਂਕੀਆਂ ਅਤੇ ਬਿਜਲੀ ਦੇ ਖੰਭਿਆਂ ’ਤੇ ਚੜ੍ਹ ਕੇ ਸੰਘਰਸ਼ ਕਰ ਰਹੇ ਹਨ, ਜਿਨ੍ਹਾਂ ਦੀ ਕੋਈ ਸੁਣਵਾਈ ਕਰਨ ਦੀ ਥਾਂ 'ਆਪ' ਸਰਕਾਰ ਵੱਲੋਂ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟ ਮਾਰ ਕਰਕੇ ਹੱਥ ਪੈਰ ਤੱਕ ਤੋੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨੇ ਪੂਰੇ ਕਰਨ ਦੇ ਸੁਪਨੇ ਦਿਖਾ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕੀਤਾ ਹੈ ਤੇ ਹੁਣ ਪੰਜਾਬ ਦੇ ਖਜ਼ਾਨੇ ਦੀ ਰੱਜ ਕੇ ਦੁਰਵਰਤੋਂ ਕਰਕੇ ਐਸ਼ ਪਰਸਤੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਘੇਰੀ ਪੰਜਾਬ ਸਰਕਾਰ, ਕਿਹਾ-'ਖ਼ੁਦ ਨੂੰ ਆਮ ਆਦਮੀ ਕਹਿਣ ਵਾਲੇ CM ਦੇ ਕਾਫ਼ਲੇ 'ਚ 42 ਗੱਡੀਆਂ'
ਇਸ ਮੌਕੇ ’ਤੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅਤੇ ਭਰਪੂਰ ਸਿੰਘ ਫੱਗੂਵਾਲਾ ਨੇ ਮਜੀਠਿਆ ਅਤੇ ਇਕਬਾਲ ਸਿੰਘ ਝੂੰਦਾ ਨੂੰ ਸਨਮਾਨਿਤ ਕੀਤਾ। ਇਸ ਸਮੇਂ ਪਰਮਜੀਤ ਕੌਰ ਵਿਰਕ, ਹਰਵਿੰਦਰ ਸਿੰਘ ਕਾਕੜਾ, ਰਵਿੰਦਰ ਸਿੰਘ ਠੇਕੇਦਾਰ, ਇਕਬਾਲ ਜੀਤ ਸਿੰਘ ਪੂਨੀਆ, ਤੇਜਿੰਦਰ ਸਿੰਘ ਸੰਘਰੇੜੀ, ਬਿੰਦਰ ਸਿੰਘ ਬਟਰਿਆਣਾ, ਬਲਕਾਰ ਸਿੰਘ ਭਵਾਨੀਗੜ੍ਹ, ਸੁਖਰਾਜ ਸਿੰਘ ਫੱਗੂਵਾਲਾ, ਹਰਦੇਵ ਸਿੰਘ ਬਹਿਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਆਗੂ ਹਾਜ਼ਰ ਸਨ।
IELTS 'ਚ ਘੱਟ ਬੈਂਡ ਆਉਣ 'ਤੇ ASI ਦੇ ਬੇਟੇ ਨੇ ਚੁੱਕਿਆ ਖੌਫ਼ਨਾਕ ਕਦਮ
NEXT STORY