ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ਨੀਵਾਰ ਨੂੰ ਪੰਜਾਬ ਬਜਟ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਇਸਨੂੰ ਸੂਬੇ ਦੇ ਆਰਥਿਕ ਭਵਿੱਖ ਲਈ ਇੱਕ ਗੰਭੀਰ ਰੋਡਮੈਪ ਦੀ ਬਜਾਏ "ਪ੍ਰਚਾਰ ਸਟੰਟ, ਸ਼ਬਦੀ ਖੇਡ ਅਤੇ ਹੇਰਾਫੇਰੀ" ਨਾਲ ਭਰਿਆ ਦਸਤਾਵੇਜ਼ ਦੱਸਿਆ। ਔਰਤਾਂ ਲਈ 1,000 ਰੁਪਏ ਪ੍ਰਤੀ ਮਹੀਨਾ ਦੇ ਐਲਾਨ 'ਤੇ ਬੋਲਦਿਆਂ, ਮਜੀਠੀਆ ਨੇ ਕਿਹਾ ਕਿ 'ਆਪ' ਨੇ ਇਹ ਵਾਅਦਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਸੀ, ਜਦੋਂ ਪਾਰਟੀ ਨੇ ਭਰੋਸਾ ਦਿੱਤਾ ਸੀ ਕਿ 18 ਸਾਲ ਤੋਂ ਵੱਧ ਉਮਰ ਦੀ ਪੰਜਾਬ ਦੀ ਹਰ ਔਰਤ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਮਿਲੇਗੀ। ਹੁਣ, ਇਹ ਐਲਾਨ 2026 ਵਿੱਚ ਕੀਤਾ ਗਿਆ ਹੈ, ਜੋ ਕਿ ਸਰਕਾਰ ਦੇ ਕਾਰਜਕਾਲ ਦਾ ਆਖਰੀ ਸਾਲ ਹੈ, ਜਦੋਂ ਸੂਬੇ ਵਿੱਚ ਚੋਣਾਂ ਹੋਣੀਆਂ ਹਨ। ਇਸ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ, 'ਆਪ' ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ।
ਮਜੀਠੀਆ ਨੇ ਕਿਹਾ, 'ਇਹ ਇਕ ਪੁਰਾਣਾ ਚੈੱਕ ਜਾਪਦਾ ਹੈ ਜੋ ਬਾਉਂਸ ਹੋ ਚੁੱਕਿਆ ਹੈ।' ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਇਹ ਐਲਾਨ ਕਰਨ ਵਿਚ ਚਾਰ ਸਾਲ ਲੱਗ ਗਏ ਅਤੇ ਹੁਣ ਜਦੋਂ ਇਸ ਨੂੰ ਲਾਗੂ ਕਰਨ ਲਈ ਬਹੁਤ ਘੱਟ ਸਮਾਂ ਬਚਿਆ ਹੈ, ਤਾਂ ਉਹ ਆਪਣਾ ਪੁਰਾਣਾ ਵਾਅਦਾ ਦੁਹਰਾ ਰਹੀ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਕਿ ਮਿਲਾਦ ਬਸ ਮੌਕੇ ਅੱਜ ਭਗਵੰਤ ਮਾਨ ਦੀ ਸਰਕਾਰ ਨੇ ਮਹਿਲਾਵਾਂ ਨਾਲ ਕੋਝਾ ਮਜ਼ਾਕ ਕੀਤਾ ਹੈ l ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਫਿਰ ਭਾਸ਼ਣਾਂ ਤੇ ਨਾਅਰਿਆਂ ਨਾਲ ਨਿਵਾਜਿਆ ਜਾ ਰਿਹਾ ਹੈ, ਜਦਕਿ ਵਾਅਦਾ ਕੀਤਾ ਗਿਆ ਪੈਸਾ ਅਜੇ ਵੀ ਗਾਇਬ ਹੈ।
ਉਨ੍ਹਾਂ ਲਿਖਿਆ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ 18 ਸਾਲ ਤੋਂ ਉੱਪਰ ਦੀ ਹਰ ਮਹਿਲਾ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ। ਉਸ ਦਾਅਵੇ ਮੁਤਾਬਕ ਲਗਭਗ ਇਕ ਕਰੋੜ ਮਹਿਲਾਵਾਂ ਨੂੰ ਹਰ ਮਹੀਨੇ ਇਹ ਰਕਮ ਮਿਲਣੀ ਚਾਹੀਦੀ ਸੀ l ਇਸ ਸਰਕਾਰ ਦੇ ਪਹਿਲੇ ਚਾਰ ਸਾਲਾਂ ਲਈ ਹਰ ਮਹਿਲਾ ਦੇ 48,000 ਰੁਪਏ ਬਣਦੇ ਹਨ ਪਰ ਇਹ ਸਾਰੀ ਰਕਮ ਅਜੇ ਵੀ ਬਕਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਵੇਂ ਅਤੇ ਸਰਕਾਰ ਦੇ ਅਖੀਰੀ ਸਾਲ ਲਈ 12,000 ਰੁਪਏ ਹੋਰ ਬਣਦੇ ਹਨ। ਇਸ ਤਰ੍ਹਾਂ ਪੂਰੇ ਪੰਜ ਸਾਲਾਂ ਲਈ ਹਰ ਮਹਿਲਾ ਦੇ 60,000 ਰੁਪਏ ਬਣਦੇ ਹਨ। ਜੇ ਲਗਭਗ ਇਕ ਕਰੋੜ ਮਹਿਲਾਵਾਂ ਇਹ ਰਾਸ਼ੀ ਲੈਣ ਲਈ ਯੋਗ ਹਨ, ਤਾਂ ਸਰਕਾਰ ਦੀ ਕੁੱਲ ਜ਼ਿੰਮੇਵਾਰੀ ਲਗਭਗ 60,000 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਆਖਰੀ ਬਜਟ ਹੈ। ਪੰਜਾਬ ਦੇ ਬਜਟ ਵਿਚ 60,000 ਕਰੋੜ ਰੁਪਏ ਦੀ ਤਜ਼ਵੀਜ਼ ਕਿੱਥੇ ਹੈ? ਮਹਿਲਾ ਦਿਵਸ ‘ਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ, ਨਾ ਕਿ ਪੁਰਾਣੇ ਵਾਅਦਿਆਂ ਅਤੇ ਰਾਜਨੀਤਿਕ ਦਿਖਾਵੇ ਦੀ ਨਾਅਰੇਬਾਜ਼ੀ । ਉਨ੍ਹਾਂ ਲਿਖਿਆ ਕਿ ਪੰਜਾਬ ਦੇ ਲੋਕਾਂ ਨੂੰ, ਖ਼ਾਸ ਕਰਕੇ ਸਾਡੀਆਂ ਮਹਿਲਾਵਾਂ ਨੂੰ, ਹੋਰ ਮੂਰਖ ਬਣਾਉਣਾ ਬੰਦ ਕਰੋ ਅਤੇ ਮਹਿਲਾਵਾਂ ਨੂੰ ਮਾਣ ਸਨਮਾਨ ਦੇ ਨਾਲ ਪਿਛਲੇ ਚਾਰ ਸਾਲ ਦੀ ਬਕਾਇਆ ਰਾਸ਼ੀ ਪਹਿਲਾਂ ਅਦਾ ਕੀਤੀ ਜਾਵੇ।
ਪੰਜਾਬ ‘ਚ ਵਿਗੜਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਰੰਧਾਵਾ ਨੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
NEXT STORY