ਨਾਭਾ (ਜੈਨ): ਬਾਲੀਵੁੱਡ ਵਿਖੇ ਚੱਲ ਰਹੇ ਬਾਇਓਪਿਕ ਦੌਰ ਵਿਚ ਇਕ ਬਾਇਓਪਿਕ ਫਿਲਮ ਆਲ ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਕੌਮੀ ਚੇਅਰਮੈਨ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ 'ਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਜਾਨ-ਲੇਵਾ ਹਮਲਿਆਂ ਤੇ ਬੰਬ ਧਮਾਕਿਆਂ ਸਬੰਧੀ ਤਿਆਰ ਕੀਤੀ ਜਾ ਰਹੀ ਹੈ। ਇਹ ਇਸ ਸਾਲ ਫਿਲਮੀ ਸਕਰੀਨ 'ਤੇ ਦਸਤਕ ਦੇ ਸਕਦੀ ਹੈ। ਇਹ ਫਿਲਮ ਰਿਲਾਇੰਸ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਨਿਰਮਾਤਾ ਸ਼ੈਲੇਂਦਰ ਸਿੰਘ ਅਤੇ ਨਿਰਮਾਤਾ ਪ੍ਰਿਯਾ ਗੁਪਤਾ ਵੱਲੋਂ ਤਿਆਰ ਕੀਤੀ ਜਾ ਰਹੀ ਹੈ।
ਮੁੰਬਈ ਵਿਚ ਤਿਆਰ ਹੋਣ ਵਾਲੀ ਇਸ ਫਿਲਮ ਬਾਰੇ ਬਿੱਟਾ ਨੇ ਦੱਸਿਆ ਕਿ ਮੈਂ ਆਪਣੇ ਕਿਰਦਾਰ ਵਿਚ ਅਭਿਨੇਤਾ ਅਜੇ ਦੇਵਗਣ ਨੂੰ ਦੇਖਣਾ ਚਾਹੁੰਦਾ ਹਾਂ, ਜਿਸ ਨੇ 'ਦਿ ਲੀਜੈਂਡ ਆਫ ਭਗਤ ਸਿੰਘ' ਵਿਚ ਬਹੁਤ ਹੀ ਸ਼ਾਨਦਾਰ ਰੋਲ ਅਦਾ ਕੀਤਾ ਹੈ। ਬਿੱਟਾ ਨੇ ਦੱਸਿਆ ਕਿ ਮੇਰੇ 'ਤੇ ਅੰਮ੍ਰਿਤਸਰ ਵਿਖੇ ਹੋਏ ਬਲਾਸਟ ਦੌਰਾਨ ਸੁਰੱਖਿਆ ਗਾਰਡਾਂ ਸਮੇਤ 9 ਵਿਅਕਤੀ ਮੌਕੇ 'ਤੇ ਹੀ ਸ਼ਹੀਦ ਹੋ ਗਏ ਸਨ। ਮੈਂ ਗੰਭੀਰ ਫੱਟੜ ਹੋ ਗਿਆ ਸੀ। ਮੇਰੀ ਲੱਤ ਖਰਾਬ ਹੋ ਗਈ ਸੀ। ਮੈਂ ਅਪਾਹਜ ਹੋ ਗਿਆ ਸੀ। ਰਾਏਸੀਨਾ ਰੋਡ ਨਵੀਂ ਦਿੱਲੀ ਯੂਥ ਕਾਂਗਰਸ ਦਫ਼ਤਰ ਵਿਚ ਹਮਲਾ ਹੋਇਆ। ਇਸ ਵਿਚ ਅਨੇਕਾਂ ਕਮਾਂਡੋ, ਸੁਰੱਖਿਆ ਮੁਲਾਜ਼ਮ ਅਤੇ ਬੇਗੁਨਾਹ ਲੋਕ ਸ਼ਹੀਦ ਹੋ ਗਏ ਸਨ। ਇਸ ਜਾਨ-ਲੇਵਾ ਹਮਲੇ ਤੋਂ ਇਕ ਦਿਨ ਪਹਿਲਾਂ ਗ੍ਰਹਿ ਮੰਤਰਾਲਾ ਨੇ ਮੇਰੀ ਸੁਰੱਖਿਆ ਵਾਪਸ ਲੈ ਲਈ ਸੀ।
ਉਨ੍ਹਾਂ ਅਨੁਸਾਰ ਮੇਰੇ 'ਤੇ 15 ਜਾਨ-ਲੇਵਾ ਹਮਲੇ ਹੋਏ। ਹੁਣ ਮੈਂ ਪੋਲੀਟੀਕਲ ਟੈਰਾਰਿਜ਼ਮ ਦਾ ਸ਼ਿਕਾਰ ਹੋ ਰਿਹਾ ਹਾਂ। ਇਸ ਨੂੰ ਅਜੇ ਤੱਕ ਨਾ ਹੀ ਦੇਸ਼ ਵਾਸੀ ਸਮਝ ਰਹੇ ਹਨ ਅਤੇ ਨਾ ਹੀ ਮੀਡੀਆ। ਬਿੱਟਾ ਨੇ ਦੱਸਿਆ ਕਿ ਮੈਂ ਗੋਲੀਆਂ ਅਤੇ ਬੰਬਾਂ ਤੋਂ ਕਦੇ ਵੀ ਨਹੀਂ ਘਬਰਾਇਆ ਪਰ ਸਿਆਸੀ ਅੱਤਵਾਦ ਤੋਂ ਹਾਰ ਗਿਆ ਹਾਂ। ਇਸ ਫਿਲਮ ਵਿਚ ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਵੀ ਕਿਰਦਾਰ ਨਿਭਾਅ ਸਕਦੇ ਹਨ। ਫਿਲਮ ਵਿਚ ਸੰਸਦ 'ਤੇ ਹੋਏ ਹਮਲਿਆਂ ਅਤੇ ਕਾਰਗਿਲ ਅਪ੍ਰੇਸ਼ਨ ਦੇ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਵੀ ਭਰਪੂਰ ਜਾਣਕਾਰੀ, ਦੇਸ਼-ਭਗਤੀ ਦੇ ਜਜ਼ਬਾਤੀ ਸੀਨ ਦੇਖਣ ਨੂੰ ਮਿਲਣਗੇ। ਫਿਲਮ ਦੀ ਕਹਾਣੀ ਗਿਰੀਸ਼ ਕੋਹਲੀ ਵੱਲੋਂ ਲਿਖੀ ਗਈ ਹੈ। ਆਉਣ ਵਾਲੀ ਨਵੀਂ ਪੀੜ੍ਹੀ ਲਈ ਇਹ ਬਾਇਓਪਿਕ ਫਿਲਮ ਦੇਸ਼-ਭਗਤੀ ਲਈ ਪ੍ਰੇਰਨਾ ਦੇਵੇਗੀ।
ਪੰਜਾਬ ਵਿਧਾਨ ਸਭਾ ਬਾਹਰ 'ਆਪ' ਵਿਧਾਇਕਾਂ ਦਾ ਜ਼ਬਰਦਸਤ ਹੰਗਾਮਾ, ਪੁਲਸ ਨਾਲ ਹੋਈ ਧੱਕਾ-ਮੁੱਕੀ
NEXT STORY