28 ਫਰਵਰੀ, 2026 ਦੀ ਸਵੇਰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿਰੁੱਧ ਇਕ ਹੋਰ ਜੰਗ ਛੇੜੀ, ਜੋ 8 ਮਹੀਨੇ ਪਹਿਲਾਂ ਕੀਤੇ ਗਏ ਹਮਲੇ ਨਾਲੋਂ ਕਿਤੇ ਵੱਧ ਖ਼ਤਰਨਾਕ ਅਤੇ ਵੱਡੀ ਸੀ। ਇਹ ਈਰਾਨ ਨੂੰ ਪ੍ਰਮਾਣੂ ਸ਼ਕਤੀ ਸੰਪੰਨਤਾ ਤੋਂ ਰੋਕਣ ਲਈ ਨਹੀਂ, ਸਗੋਂ ਈਰਾਨ ਦੇ ਸ਼ਾਸਨ ’ਚ ਬਦਲਾਅ ਦੇ ਲਈ ਕੀਤਾ ਗਿਆ ਹਮਲਾ ਸੀ। ਹਮਲਾ ਸ਼ੁਰੂ ਹੁੰਦੇ ਹੀ ਟਰੰਪ ਨੇ ਕਿਹਾ, ‘‘ਈਰਾਨ ਦੇ ਮਹਾਨ ਲੋਕਾਂ ਨੂੰ ਮੈਂ ਅੱਜ ਰਾਤ ਕਹਿ ਰਿਹਾ ਹਾਂ ਕਿ ਤੁਹਾਡੀ ਆਜ਼ਾਦੀ ਦਾ ਸਮਾਂ ਆ ਗਿਆ ਹੈ। ਆਪਣੀ ਸਰਕਾਰ ਦਾ ਕੰਟਰੋਲ ਸੰਭਾਲ ਲਓ।’’ ਇਸ ਦੀ ਪੁਸ਼ਟੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਕੀਤੀ ਹੈ। ਤਹਿਰਾਨ ਅਤੇ ਦੇਸ਼ ਦੇ ਹੋਰ ਸਥਾਨਾਂ ’ਤੇ ਸਿਰਫ਼ ਫ਼ੌਜੀ ਟਿਕਾਣਿਆਂ ’ਤੇ ਹੀ ਨਹੀਂ, ਸਗੋਂ ਸਰਕਾਰੀ ਦਫ਼ਤਰਾਂ ’ਤੇ ਵੀ ਮਿਜ਼ਾਈਲਾਂ ਦੀ ਵਰਖਾ ਕੀਤੀ ਗਈ।
ਪਿਛਲੇ ਮੌਕੇ ਦੀ ਤੁਲਨਾ ’ਚ ਇਸ ਵਾਰ ਈਰਾਨ ਦੀ ਇਨ੍ਹਾਂ ਹਮਲਿਆਂ ’ਤੇ ਪ੍ਰਤੀਕਿਰਿਆ ਵਧੇਰੇ ਤੇਜ਼ ਅਤੇ ਭਿਆਨਕ ਸੀ। ਹਮਲੇ ਦੇ ਕੁਝ ਹੀ ਘੰਟਿਆਂ ਦੇ ਅੰਦਰ ਈਰਾਨ ਨੇ ਆਪਣੀਆਂ ਮਿਜ਼ਾਈਲਾਂ ਦੇ ਮੂੰਹ ਇਜ਼ਰਾਈਲ ਵੱਲ ਮੋੜ ਦਿੱਤੇ ਅਤੇ ਬਹਿਰੀਨ ’ਚ ਅਮਰੀਕੀ ਜਲ ਸੈਨਾ ਦੇ ਪੰਜਵੇਂ ਬੇੜੇ ’ਤੇ ਮਿਜ਼ਾਈਲ ਦਾਗਣ ਤੋਂ ਇਲਾਵਾ ਜਾਰਡਨ, ਕਤਰ ਅਤੇ ਯੂ. ਏ. ਈ. ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਵੀ ਹਮਲੇ ਕੀਤੇ।
ਤੜਕੇ 3:30 ਵਜੇ ਜਦੋਂ ਟਰੰਪ ਨੇ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਖਾਮੇਨੇਈ ਦੇ ਮਾਰੇ ਜਾਣ ਦਾ ਐਲਾਨ ਕੀਤਾ, ਤਾਂ ਪ੍ਰਸ਼ਨ ਉੱਠਿਆ ਕਿ ਹੁਣ ਅੱਗੇ ਕੀ? ਕੀ ਅਮਰੀਕਾ ਅਤੇ ਇਜ਼ਰਾਈਲ ਈਰਾਨ ’ਚ ਪ੍ਰਮਾਣੂ ਟਿਕਾਣਿਆਂ ਨੂੰ ਨਸ਼ਟ ਕਰਨ ਦੇ ਨਾਂ ’ਤੇ ਹਮਲੇ ਜਾਰੀ ਰੱਖਣਗੇ, ਜਿਵੇਂ ਉਨ੍ਹਾਂ ਨੇ 8 ਮਹੀਨੇ ਪਹਿਲਾਂ ਵੀ ਈਰਾਨ ’ਤੇ ਹਮਲਾ ਕਰ ਕੇ ਕੀਤਾ ਸੀ ਅਤੇ ਜੇਕਰ ਉਹ ਅਜਿਹਾ ਕਰਨਗੇ, ਤਾਂ ਕੀ ਈਰਾਨ ਦਾ ਸਾਥ ਦੇਣ ਲਈ ਰੂਸ ਅਤੇ ਚੀਨ ਉਸ ਦੇ ਨਾਲ ਆ ਮਿਲਣਗੇ, ਕਿਉਂਕਿ ਇਹ ਦੋਵੇਂ ਦੇਸ਼ ਪਹਿਲਾਂ ਹੀ ਈਰਾਨ ਨੂੰ ਹਥਿਆਰ ਅਤੇ ਪਣਡੁੱਬੀਆਂ ਦਿੰਦੇ ਆ ਰਹੇ ਹਨ। ਤਾਂ ਕੀ ਅਸੀਂ ਇਕ ਵਿਸ਼ਵ ਯੁੱਧ ਦੇ ਕੰਢੇ ’ਤੇ ਖੜ੍ਹੇ ਹਾਂ?
ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਦੇ ਲੋਕਾਂ ਨੂੰ ਉੱਠ ਖੜ੍ਹੇ ਹੋ ਕੇ ਸਰਕਾਰ ਦਾ ਕੰਟਰੋਲ ਸੰਭਾਲ ਲੈਣ ਦਾ ਸੱਦਾ ਬਚਕਾਨਾ ਹੈ, ਕਿਉਂਕਿ ਫ਼ੌਜ ਵਲੋਂ ਨਿਯੋਜਿਤ ਸ਼ਾਸਨ ਪ੍ਰਣਾਲੀ ਨੂੰ ਉਖਾੜ ਸੁੱਟਣਾ ਸੌਖਾ ਨਹੀਂ ਹੋਵੇਗਾ। ਇਹ ਤੱਥ ਵਾਰ-ਵਾਰ ਸਿੱਧ ਹੋ ਚੁੱਕਾ ਹੈ (ਜਿਵੇਂ ਕਿ 8 ਜਨਵਰੀ ਨੂੰ)। ਆਪਣੀ ਹੋਂਦ ਕਾਇਮ ਰੱਖਣ ਲਈ ਫ਼ੌਜ ਆਪਣੇ ਹੀ ਲੋਕਾਂ ਦੀ ਹੱਤਿਆ ਕਰਨ ਤੋਂ ਝਿਜਕੇਗੀ ਨਹੀਂ।
ਭਾਵੇਂ ਅਯਾਤੁੱਲਾ ਖਾਮੇਨੇਈ ਅਤੇ ਈਰਾਨ ਦੇ ਹੋਰ ਚੋਟੀ ਦੇ ਨੇਤਾ ਮਾਰੇ ਜਾ ਚੁੱਕੇ ਹਨ, ਪਰ ਉਨ੍ਹਾਂ ਦੀ ਜਗ੍ਹਾ ਲੈਣ ਲਈ ਅਜੇ ਵੀ ਕਈ ਨੇਤਾ ਜ਼ਿੰਦਾ ਹਨ। ਦੇਸ਼ ਵਿਚ ਕਤਲੇਆਮ ਅਤੇ ਖ਼ੂਨ-ਖ਼ਰਾਬੇ ਦੇ ਨਤੀਜੇ ਵਜੋਂ ਫ਼ੌਜੀ ਵਰਦੀ ’ਚ ਕਿਸੇ ਹੋਰ ਤਾਨਾਸ਼ਾਹ ਦੀ ਜਿੱਤ ਵੀ ਹੋ ਸਕਦੀ ਹੈ।
1979 ਤੋਂ ਈਰਾਨੀ ਫ਼ੌਜ ਦੀ ਮੂਕ ਸਹਾਇਕ ਅਤੇ ਇਸਲਾਮਿਕ ਗਣਰਾਜ ਦੀ ‘ਰੀੜ੍ਹ ਦੀ ਹੱਡੀ’ ਰਹੀ ਆਈ. ਆਰ. ਜੀ. ਸੀ. (ਈਰਾਨੀਅਨ ਰੈਵੋਲਿਊਸ਼ਨਰੀ ਗਾਰਡਜ਼) ਦੇਸ਼ ਦੀ ਵਿਰੋਧੀ ਧਿਰ ਨੂੰ ਕੁਚਲਣ ਦੇ ਲਈ ਅਜੇ ਵੀ ਸਮਰੱਥ ਹੈ, ਜੋ ਨਾ ਤਾਂ ਮਜ਼ਬੂਤ ਹੈ ਅਤੇ ਨਾ ਹੀ ਸੰਗਠਿਤ।
ਅਮਰੀਕਾ ਵੱਲੋਂ ਵੱਖ-ਵੱਖ ਦੇਸ਼ਾਂ ’ਚ ਤਖਤਾਪਲਟ ਦੀ ਕੋਸ਼ਿਸ਼ ਕਰਨ ਅਤੇ ਉਨ੍ਹਾਂ ਦੇ ਸਮਰਪਣ ਕਰ ਦੇਣ ਦੀਆਂ ਹੋਰ ਵੀ ਕਈ ਉਦਾਹਰਣਾਂ ਹਨ। ਅਮਰੀਕਾ ਨੇ ਘੱਟੋ-ਘੱਟ 81 ਅਸਿੱਧੇ ਅਤੇ 64 ਸਿੱਧੇ ਯਤਨ ਕੀਤੇ ਹਨ। ਇਨ੍ਹਾਂ ’ਚ 1946 ’ਚ ਹੰਗਰੀ ਤੋਂ ਬਾਅਦ ਗੁਆਟੇਮਾਲਾ, ਬ੍ਰਾਜ਼ੀਲ, ਕਿਊਬਾ, ਗ੍ਰੇਨਾਡਾ, ਕੋਲੰਬੀਆ, ਪਨਾਮਾ, ਇੰਡੋਨੇਸ਼ੀਆ, ਚਿਲੀ, ਅਫ਼ਗਾਨਿਸਤਾਨ, ਇਰਾਕ, ਲੈਬਨਾਨ, ਸੀਰੀਆ, ਯਮਨ ਅਤੇ ਹਾਲ ਹੀ ’ਚ ਵੈਨੇਜ਼ੁਏਲਾ (2026) ਆਦਿ ਸ਼ਾਮਲ ਹਨ। ਈਰਾਨ 1953 ਤੋਂ ਹੀ ਅਮਰੀਕਾ ਦੇ ਨਿਸ਼ਾਨੇ ’ਤੇ ਹੈ, ਜਦੋਂ ਇਹ ਇਕ ਲੋਕਤੰਤਰ ਸੀ। ਉਦੋਂ ਇਸ ਦੇ ਚੁਣੇ ਹੋਏ ਸ਼ਾਸਨ ਮੁਖੀ ਨੂੰ ਗ੍ਰਿਫਤਾਰ ਕਰ ਕੇ ਈਰਾਨ ਦੇ ਸ਼ਾਹ ਨੂੰ ਦੇਸ਼ ’ਤੇ ਥੋਪ ਦਿੱਤਾ ਗਿਆ ਸੀ, ਜਿਸ ਨਾਲ ਉੱਥੇ ਇਸਲਾਮਿਕ ਸਰਕਾਰ ਸੱਤਾ ’ਚ ਆਈ ਅਤੇ ਇਹ ਤਮਾਮ ਉਦਾਹਰਣਾਂ ਸਾਫ਼ ਤੌਰ ’ਤੇ ਦਰਸਾਉਂਦੀਆਂ ਹਨ ਕਿ ਅਜਿਹੇ ਦੇਸ਼ ਦੁਬਾਰਾ ਲੋਕਤੰਤਰੀ ਸਰੂਪ ਧਾਰਨ ਨਹੀਂ ਕਰ ਸਕੇ।
ਮਮਤਾ ਦੀ ਜ਼ਿੱਦ ਕਾਰਨ ‘ਹਨੇਰੇ’ ਵੱਲ ਪੱਛਮੀ ਬੰਗਾਲ
NEXT STORY