ਚੰਡੀਗੜ੍ਹ,(ਕਮਲ)-ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਨੂੰ ਘੇਰਨ ਲਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਭਾਜਪਾ ਵੱਲੋਂ ਖਾਲਿਸਤਾਨੀ ਕਹਿਣਾ ਸੰਘਰਸ਼ੀਲ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਂਦੇ ਹੋਏ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੀਤੇ ਜਾ ਰਹੇ ਅੰਦੋਲਨ ਨੂੰ ਖਾਲਿਸਤਾਨੀਆਂ ਦਾ ਅੰਦੋਲਨ ਕਹਿ ਕੇ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਸਮੂਹ ਕਿਸਾਨਾਂ ਅਤੇ ਸਿੱਖ ਕੌਮ ਦੇ ਹਿਰਦਿਆਂ ਨੂੰ ਮਨੂੰਵਾਦੀ ਸੋਚ ਦੀ ਮਾਲਕ ਭਾਜਪਾ ਵੱਲੋਂ ਵਲੂੰਦਰਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਆਪਣਾ ਹੱਕ ਮੰਗਣ ਲਈ ਅੰਦੋਲਨ 'ਚ ਤਸੀਹੇ ਝੱਲ ਰਹੇ ਪੰਜਾਬ ਦੇ 5 ਸਾਲਾਂ ਦੇ ਬੱਚਿਆਂ ਤੋਂ ਲੈ ਕੇ ਸਾਡੀਆਂ 75 ਸਾਲ ਦੀਆਂ ਬਜੁਰਗ ਮਾਤਾਵਾਂ ਤੇ ਕਿਸਾਨ ਅੱਜ ਭਾਜਪਾ ਨੂੰ ਖਾਲਿਸਤਾਨੀ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀਆਂ ਇਨ੍ਹਾਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਤੇ ਦੇਸ਼ ਦੇ ਅੰਨਦਾਤਾ ਲਈ ਅਜਿਹੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਕਿਸਾਨ 26 ਨਵੰਬਰ ਤੋਂ ਆਪਣੀਆਂ ਹੱਕਾਂ ਲਈ ਦਿੱਲੀ ਨੂੰ ਜਾਂਦੀਆਂ ਸੜਕਾਂ 'ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਪਰ ਘਬਰਾਈ ਭਾਜਪਾ ਸਰਕਾਰ ਗੱਲਬਾਤ ਕਰਨ ਦੀ ਬਜਾਏ ਸੰਘਰਸ਼ ਨੂੰ ਖੋਰਾ ਲਾਉਣ ਦੇ ਮੰਤਵ ਨਾਲ ਇਸ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਰੰਗਤ ਦੇਣ 'ਤੇ ਉਤਾਰੂ ਹੋ ਗਈ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ।
ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਕੇਂਦਰ ਕਾਲੇ ਕਾਨੂੰਨ ਲਵੇ ਵਾਪਸ : ਜੌਹਲ
NEXT STORY