ਜਲੰਧਰ : ਭਾਰਤੀ ਜਨਤਾ ਪਾਰਟੀ ਵਲੋਂ ਹੁਸ਼ਿਆਰਪੁਰ ਲੋਕ ਸਭਾ ਹਲਕਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਧੜੇ 'ਚ ਉਤਸਵ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੋਮ ਪ੍ਰਕਾਸ਼ ਦੀ ਟਿਕਟ ਦਾ ਐਲਾਨ ਹੋਣ ਦੇ ਨਾਲ ਹੀ ਸਿਵਲ ਲਾਇਨਜ਼ ਸਥਿਤ ਤੀਕਸ਼ਣ ਦੇ ਗ੍ਰਹਿ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਸੈਲਾਬ ਉਮੜ ਆਇਆ। ਇਸ ਦੌਰਾਨ ਢੋਲ-ਢਮੱਕਿਆਂ ਨਾਲ ਪਾਰਟੀ ਵਰਕਰਾਂ ਨੇ ਇਸ ਨੂੰ ਤੀਕਸ਼ਣ ਸੂਦ ਦੀ ਭਾਰੀ ਜਿੱਤ ਕਰਾਰ ਦਿੰਦਿਆਂ ਪਾਰਟੀ ਹਾਈਕਮਾਂਡ ਦੇ ਫੈਸਲੇ ਦਾ ਸਵਾਗਤ ਕੀਤਾ।
2009 ਤੋਂ ਸ਼ੁਰੂ ਹੋਇਆ ਸੋਮ ਪ੍ਰਕਾਸ਼ ਦਾ ਸਿਆਸੀ ਸਫਰ
ਸੋਮ ਪ੍ਰਕਾਸ਼ ਇਕ ਮੌਜੂਦਾ ਸਿਆਸਤਦਾਨ ਤੇ ਪੰਜਾਬ ਦੇ ਸਾਬਕਾ ਆਈ. ਏ. ਐਸ. ਅਧਿਕਾਰੀ ਰਹਿ ਚੁੱਕੇ ਹਨ ਤੇ ਉਹ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਰੱਖਦੇ ਹਨ। ਉਹ ਪੰਜਾਬ ਅਸੈਂਬਲੀ ਦੇ ਮੈਂਬਰ ਵੀ ਹਨ ਅਤੇ ਫਗਵਾੜਾ ਹਲਕੇ ਦੀ ਅਗਵਾਈ ਕਰ ਰਹੇ ਹਨ। 2009 'ਚ ਉਨ੍ਹਾਂ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣਾਂ ਲੜੀਆਂ ਸਨ। ਜਿਸ 'ਚ ਉਨ੍ਹਾਂ ਨੂੰ ਅਸਫਲਤਾ ਹੱਥ ਲੱਗੀ। 2012 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਫਗਵਾੜਾ ਦੇ ਐਮ. ਐਲ. ਏ. ਸਵਰਨ ਰਾਮ ਨੂੰ ਕੈਬਨਿਟ 'ਚੋਂ ਫਾਰਗ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਭਾਜਪਾ ਨੇ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨ ਦਿੱਤਾ। ਇਸ ਵਾਰ ਉਨ੍ਹਾਂ ਦੇ ਹੱਥ ਸਫਲਤਾ ਲੱਗੀ ਤੇ ਉਹ ਫਗਵਾੜਾ ਤੋਂ ਐਮ. ਐਲ. ਏ. ਚੁਣੇ ਗਏ। 2017 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਵੀ ਸੋਮ ਪ੍ਰਕਾਸ਼ ਨੇ ਜਿੱਤ ਦਰਜ ਕੀਤੀ ਤੇ ਫਗਵਾੜਾ ਤੋਂ ਵਿਧਾਇਕ ਚੁਣੇ ਗਏ।
ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਨੇ ਸੋਮ ਪ੍ਰਕਾਸ਼
ਸੋਮ ਪ੍ਰਕਾਸ਼ ਫਿਰ ਇਕ ਵਾਰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਪਣੀ ਕਿਸਮਤ ਅਜਮਾਉਣਗੇ। ਜ਼ਿਕਰਯੋਗ ਹੈ ਕਿ ਸੋਮ ਪ੍ਰਕਾਸ਼ 2009 'ਚ ਸਿਰਫ 366 ਵੋਟਾਂ ਦੇ ਫਰਕ ਨਾਲ ਕਾਂਗਰਸ ਦੀ ਉਮੀਦਵਾਰ ਸ਼੍ਰੀਮਤੀ ਸੰਤੋਸ਼ ਚੌਧਰੀ ਕੋਲੋਂ ਚੋਣ ਹਾਰ ਗਏ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸੋਮ ਪ੍ਰਕਾਸ਼ ਹੁਸ਼ਿਆਰਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ ਹਲਕਾ ਫਗਵਾੜਾ ਤੋਂ ਭਾਜਪਾ ਦੇ ਵਿਧਾਇਕ ਹਨ ਤੇ ਹੁਸ਼ਿਆਰਪੁਰ ਵਿਖੇ ਬਤੌਰ ਡਿਪਟੀ ਕਮਿਸ਼ਨਰ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
200 ਏਕੜ ਫਸਲ ਸੜ ਕੇ ਹੋਈ ਸਵਾਹ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY