ਜਲੰਧਰ (ਖੁਰਾਣਾ) - ਵੈਸਟ ਵਿਧਾਨ ਸਭਾ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਬੀਤੇ ਦਿਨ ਕਾਂਗਰਸੀ ਅਗਵਾਈ ਵਾਲੀ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਨੂੰ ਫੇਲ ਦੱਸਦੇ ਹੋਏ ਆਪਣੀ ਹੀ ਪਾਰਟੀ ਦੇ ਨੇਤਾਵਾਂ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ। ਨਿਗਮ ਵਲੋਂ ਵੈਸਟ ਹਲਕੇ ਨੂੰ ਨਜ਼ਰਅੰਦਾਜ਼ ਕਰਨ ਦਾ ਮੁੱਦਾ ਨਿਗਮ ਕਮਿਸ਼ਨਰ ਤੇ ਹੋਰਨਾਂ ਅਧਿਕਾਰੀਆਂ ਸਾਹਮਣੇ ਚੁੱਕਿਆ ਸੀ। ਵਿਧਾਇਕ ਰਿੰਕੂ ਦੀ ਇਸ ਖੁੱਲ੍ਹੀ ਬਗਾਵਤ ਨਾਲ ਵਿਰੋਧੀ ਧਿਰ ਨੂੰ ਬੋਲਣ ਦਾ ਮੌਕਾ ਮਿਲ ਗਿਆ ਹੈ। ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਅਤੇ ਸੰਸਦੀ ਸਕੱਤਰ ਕੇ. ਡੀ. ਭੰਡਾਰੀ, ਭਾਜਪਾ ਬੁਲਾਰਾ ਮਹਿੰਦਰ ਭਗਤ ਅਤੇ ਜ਼ਿਲਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਾਲੀਆ ਦੇ ਨਿਵਾਸ ’ਤੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਦੌਰਾਨ ਕਾਂਗਰਸ ਦੀ ਸਰਕਾਰ ਤੇ ਜਲੰਧਰ ਨਗਰ ਨਿਗਮ ਦੀ ਕਾਰਗੁਜ਼ਾਰੀ ਨੂੰ ਲੈ ਕੇ ਸੱਤਾ ਪੱਖ ਨੂੰ ਬੇਨਕਾਬ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਿਲਕੁਲ ਅਸਫਲ ਸਾਬਿਤ ਹੋ ਚੁੱਕੀ ਹੈ। ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਜਿਥੇ ਨਗਰ ਨਿਗਮ ਨੂੰ ਲਗਭਗ 1500 ਕਰੋੜ ਰੁਪਏ ਦੀ ਗ੍ਰਾਂਟ ਪੰਜਾਬ ਸਰਕਾਰ ਵਲੋਂ ਦਿੱਤੀ ਗਈ, ਉਥੇ ਅਮਰਿੰਦਰ ਸਰਕਾਰ ਨੇ ਅੱਜ ਤੱਕ ਜਲੰਧਰ ਨਗਰ ਨਿਗਮ ਨੂੰ ਧੇਲਾ ਤੱਕ ਨਹੀਂ ਦਿੱਤਾ, ਜਿਸ ਕਾਰਣ ਜਲੰਧਰ ਨਗਰ ਨਿਗਮ ਆਰਥਿਕ ਤੌਰ ’ਤੇ ਦੀਵਾਲੀਆ ਹੋ ਚੁੱਕਾ ਹੈ ਅਤੇ ਆਪਣੇ ਕਰਮਚਾਰੀਆਂ ਨੂੰ ਤਨਖਾਹ ਤੱਕ ਨਹੀਂ ਦੇ ਪਾ ਰਿਹਾ।
ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਅੱਜ ਸ਼ਹਿਰ ਦੇ ਕਾਂਗਰਸੀ ਨੇਤਾ ਨਿਗਮ ਵਿਚ ਮਨਮਰਜ਼ੀਆਂ ਕਰ ਰਹੇ ਹਨ, ਬਿਨਾਂ ਨਕਸ਼ਾ ਪਾਸ ਕਰਵਾਏ ਅਤੇ ਸੀ. ਐੱਲ. ਯੂ. ਫੀਸ ਅਦਾ ਕੀਤੇ ਧੜਾਧੜ ਕਮਰਸ਼ੀਅਲ ਬਿਲਡਿੰਗਾਂ ਨਾਜਾਇਜ਼ ਤੌਰ ’ਤੇ ਬਣਾਈਆਂ ਜਾ ਰਹੀਆਂ ਹਨ, ਜਿਸ ਨਾਲ ਨਿਗਮ ਦਾ ਖਜ਼ਾਨਾ ਖਾਲੀ ਹੁੰਦਾ ਜਾ ਰਿਹਾ ਹੈ। ਇਸ ਸਮੇਂ ਜਲੰਧਰ ਨਗਰ ਨਿਗਮ ’ਤੇ ਇੰਨਾ ਜ਼ਬਰਦਸਤ ਰਾਜਨੀਤਕ ਪ੍ਰੈਸ਼ਰ ਪੈ ਰਿਹਾ ਹੈ ਕਿ ਅਧਿਕਾਰੀ ਕੁਝ ਨਹੀਂ ਕਰ ਪਾ ਰਹੇ ਹਨ। ਭਾਜਪਾ ਨੇਤਾਵਾਂ ਨੇ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਕਾਂਗਰਸੀ ਵਿਧਾਇਕਾਂ ਅਤੇ ਕਾਂਗਰਸੀ ਕੌਂਸਲਰਾਂ ਵਲੋਂ ਨਾਜਾਇਜ਼ ਬਿਲਡਿੰਗਾਂ ਅਤੇ ਹੋਰ ਨਾਜਾਇਜ਼ ਕੰਮਾਂ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਦੀ ਰਿਪੋਰਟ ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕਰਨ ਅਤੇ ਨਾਜਾਇਜ਼ ਬਿਲਡਿੰਗਾਂ ਦੀ ਸੂਚੀ ਜਾਰੀ ਕਰਨ, ਜਿਨ੍ਹਾਂ ਨੂੰ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੀ ਸਰਪ੍ਰਸਤੀ ਪ੍ਰਾਪਤ ਹੈ। ਸ਼੍ਰੀ ਕਾਲੀਆ ਨੇ ਦੱਸਿਆ ਕਿ ਜੇਕਰ ਕਿਸੇ ਜਨਪ੍ਰਤੀਨਿਧੀ ਦਾ ਕਿਸੇ ਨਾਜਾਇਜ਼ ਬਿਲਡਿੰਗ ਜਾਂ ਨਾਜਾਇਜ਼ ਕੰਮ ਨੂੰ ਸਰਪ੍ਰਸਤੀ ਸਾਬਿਤ ਹੋ ਜਾਵੇ ਤਾਂ ਉਸ ਜਨ ਪ੍ਰਤੀਨਿਧੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।
ਅਜਿਹੇ ਵਿਚ 2014 ਵਿਚ ਲੁਧਿਆਣਾ ਨਗਰ ਨਿਗਮ ਦੇ ਤਤਕਾਲੀਨ ਕੌਂਸਲਰ ਸਤਪਾਲ ਪੁਰੀ ਦਾ ਮਾਮਲਾ ਸਾਹਮਣੇ ਆਇਆ ਸੀ। ਇਨ੍ਹਾਂ ਭਾਜਪਾ ਨੇਤਾਵਾਂ ਨੇ ਕਿਹਾ ਕਿ ਪਹਿਲਾਂ ਵਿਧਾਇਕ ਪਰਗਟ ਸਿੰਘ ਅਤੇ ਹੁਣ ਵਿਧਾਇਕ ਸੁਸ਼ੀਲ ਰਿੰਕੂ ਨੇ ਜਲੰਧਰ ਨਗਰ ਨਿਗਮ ਨੂੰ ਫੇਲ ਸਾਬਿਤ ਕਰ ਕੇ ਸਾਫ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਲੋਕਾਂ ਦੀਆਂ ਆਸਾਂ ’ਤੇ ਖਰੀ ਉਤਰਨ ਵਿਚ ਅਸਫਲ ਰਹੀ ਹੈ। ਕਾਂਗਰਸੀ ਲੋਕਾਂ ਨੂੰ ਸੜਕਾਂ, ਵਾਟਰ ਸਪਲਾਈ, ਸੀਵਰੇਜ ਅਤੇ ਸਟ੍ਰੀਟ ਲਾਈਟ ਦੀ ਸੁਵਿਧਾ ਨਹੀਂ ਦੇ ਸਕੇ ਅਤੇ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਣ ਮਹਾਮਾਰੀ ਵਿਚ ਲੋਕ ਦੂਜੀਆਂ ਬੀਮਾਰੀਆਂ ਤੋਂ ਡਰ ਰਹੇ ਹਨ। ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਰਿੰਕੂ ਸਮੇਤ ਕਈ ਕੌਂਸਲਰ ਲੋਕਾਂ ਦੀਆਂ ਸਮੱਸਿਆਵਾਂ/ਮੰਗਾਂ ਪ੍ਰਤੀ ਸੰਜੀਦਾ ਹਨ ਤਾਂ ਉਨ੍ਹਾਂ ਨੂੰ ਵਿਧਾਇਕ ਅਤੇ ਕੌਂਸਲਰ ਅਹੁਦਿਆਂ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਕਾਲੀਆ ਨੇ ਬੇਰੀ ਨੂੰ ਲਾਏ ਰਗੜੇ, ਕਾਂਗਰਸੀ ਕੌਂਸਲਰਾਂ ਨੇ ਕਮਰਸ਼ੀਅਲ ਬਿਲਡਿੰਗਾਂ ਵਿਧਾਇਕ ਦੀ ਸਰਪ੍ਰਸਤੀ ’ਚ ਬਣਾਈਆਂ
ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਭਾਜਪਾ ਨੇਤਾਵਾਂ ਨੇ ਆਪਣੇ-ਆਪਣੇ ਮਤਲਬ ਦੇ ਮੁੱਦੇ ਚੁੱਕੇ
ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਜਲੰਧਰ ਸੈਂਟਰਲ ਦੇ ਵਿਧਾਇਕ ਰਾਜਿੰਦਰ ਬੇਰੀ ਖਿਲਾਫ ਬੋਲਦੇ ਹੋਏ ਕਿਹਾ ਕਿ ਅੱਜ ਇਸ ਖੇਤਰ ਵਿਚ ਨਾਜਾਇਜ਼ ਬਣ ਰਹੀਆਂ ਕਈ ਕਮਰਸ਼ੀਅਲ ਬਿਲਡਿੰਗਾਂ ਵਿਚ ਕਾਂਗਰਸੀ ਨੇਤਾਵਾਂ ਦੀ ਸਰਪ੍ਰਸਤੀ ਜਾਂ ਹਿੱਸੇਦਾਰੀ ਹੈ। ਉਨ੍ਹਾਂ ਕਿਹਾ ਕਿ ਢਿਲਵਾਂ ਰੋਡ ’ਤੇ ਸ਼ਰੇਆਮ ਕਾਂਗਰਸੀ ਕੌਂਸਲਰ ਵਲੋਂ ਨਾਜਾਇਜ਼ ਕਮਰਸ਼ੀਅਲ ਕਾਲੋਨੀ ਕੱਟ ਦਿੱਤੀ ਗਈ ਅਤੇ ਕਰਫਿਊ ਦੌਰਾਨ ਉਥੇ ਮਲਟੀ ਸਟੋਰੀ ਬਿਲਡਿੰਗ ਖੜ੍ਹੀ ਹੋ ਗਈ, ਜਿਸ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਤੱਕ ਨੂੰ ਹੋਈ ਪਰ ਫਿਰ ਵੀ ਡਿਸਚਾਸਟਰ ਮੈਨੇਜਮੈਂਟ ਐਕਟ ਤਹਿਤ ਕੌਂਸਲਰ ’ਤੇ ਕੋਈ ਕੇਸ ਨਹੀਂ ਕੀਤਾ ਗਿਆ, ਕਿਉਂਕਿ ਉਸਨੂੰ ਵਿਧਾਇਕ ਦੀ ਸਰਪ੍ਰਸਤੀ ਪ੍ਰਾਪਤ ਸੀ।
ਇਸੇ ਤਰ੍ਹਾਂ ਅਮਰ ਪੈਲੇਸ ਨੇੜੇ ਡੇਢ ਏਕੜ ਵਿਚ ਕਾਂਗਰਸੀ ਨੇਤਾ ਰਾਜਾ ਅਤੇ ਬਾਵਾ ਵਲੋਂ ਨਾਜਾਇਜ਼ ਕਮਰਸ਼ੀਅਲ ਮਾਰਕੀਟ ਅਤੇ ਕਾਲੋਨੀ ਕੱਟੀ ਜਾ ਰਹੀ ਹੈ, ਜਿਸ ’ਤੇ ਵੀ ਨਿਗਮ ਕੋਈ ਐਕਸ਼ਨ ਨਹੀਂ ਲੈ ਰਿਹਾ, ਇਸੇ ਤਰ੍ਹਾਂ ਕਾਂਗਰਸੀ ਨੇਤਾਵਾਂ ਦੀ ਸ਼ਹਿ ’ਤੇ ਧੰਨੋਵਾਲੀ ਪਿੰਡ ਵਿਚ ਟ੍ਰੀਟਮੈਂਟ ਪਲਾਂਟ ਨੇੜੇ 2 ਏਕੜ ਵਿਚ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਮਾ ਮੰਡੀ ਏਰੀਏ ਵਿਚ ਨਿਗਮ ਨੇ ਨਾਜਾਇਜ਼ ਬਿਲਡਿੰਗਾਂ ਬਣਾਉਣ ਵਾਲੇ ਕਾਂਗਰਸੀ ਕੌਂਸਲਰ ਵਿਜੇ ਦਕੋਹਾ ਦੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਸੀ, ਜਿਸ ਨੂੰ ਤੋੜ ਦਿੱਤਾ ਗਿਆ ਹੈ, ਇਸ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਭੰਡਾਰੀ ਨੇ ਹੈਨਰੀ ਨੂੰ ਹੀ ਰੱਖਿਆ ਨਿਸ਼ਾਨੇ ’ਤੇ
ਸਟ੍ਰੋਮ ਵਾਟਰ ਪ੍ਰਾਜੈਕਟ 2 ਸਾਲਾਂ ’ਚ ਵੀ ਪੂਰਾ ਨਹੀਂ ਹੋਇਆ
ਪ੍ਰੈੱਸ ਕਾਨਫਰੰਸ ਦੌਰਾਨ ਉੱਤਰੀ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਮੌਜੂਦਾ ਕਾਂਗਰਸੀ ਐੱਮ. ਐੱਲ. ਏ. ਬਾਵਾ ਹੈਨਰੀ ਨੂੰ ਵਾਰ-ਵਾਰ ਨਿਸ਼ਾਨੇ ’ਤੇ ਲਿਆ। ਭੰਡਾਰੀ ਨੇ ਕਿਹਾ ਕਿ 2017 ਵਿਚ ਕਾਂਗਰਸੀ ਨੇਤਾਵਾਂ ਨੇ ਝੂਠੇ ਵਾਅਦੇ ਕਰ ਕੇ ਸੱਤਾ ਤਾਂ ਪ੍ਰਾਪਤ ਕਰ ਲਈ ਪਰ ਹੁਣ ਵਿਧਾਇਕਾਂ ਮੁਤਾਬਕ ਪੰਜਾਬ ਦੀ ਜਨਤਾ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਦੌਰ ਵਿਚ ਵੀ ਨਿਗਮ ਲੋਕਾਂ ਨੂੰ ਸਾਫ ਪਾਣੀ ਅਤੇ ਵਾਤਾਵਰਣ ਨਹੀਂ ਦੇ ਪਾ ਰਿਹਾ ਹੈ ਅਤੇ ਅੱਜ ਕਾਂਗਰਸੀ ਵਿਧਾਇਕ ਹੀ ਕੂੜੇ ਕਾਰਣ ਆਪਸ ਵਿਚ ਲੜ ਰਹੇ ਹਨ। ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਕਦੇ ਅਜਿਹਾ ਨਹੀਂ ਹੋਇਆ ਕਿ ਕਿਸੇ ਡੰਪ ’ਤੇ ਕਿਸੇ ਵਿਸ਼ੇਸ਼ ਹਲਕੇ ਜਾਂ ਵਾਰਡ ਦਾ ਕੂੜਾ ਹੀ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਕਾਂਗਰਸੀ ਵਿਧਾਇਕ ਨੇ ਨਾਜਾਇਜ਼ ਬਿਲਡਿੰਗ ’ਤੇ ਕਾਰਵਾਈ ਕਰਨ ਗਏ ਬਿਲਡਿੰਗ ਇੰਸਪੈਕਟਰ ਨੀਰਜ ਅਤੇ ਸੀਵਰੇਜ ਸਮੱਸਿਆ ਦੇ ਮਾਮਲੇ ਵਿਚ ਨਿਗਮ ਦੇ ਜੇ. ਈ. ਅਮਿਤ ਨੂੰ ਰੱਜ ਕੇ ਮੰਦਾ-ਚੰਗਾ ਬੋਲਿਆ ਜਿਸ ਕਾਰਣ ਦੋਵੇਂ ਨਿਗਮ ਅਧਿਕਾਰੀ ਲੰਬੇ ਸਮੇਂ ਤੱਕ ਪ੍ਰੇਸ਼ਾਨ ਰਹੇ ਅਤੇ ਆਫਿਸ ਤੱਕ ਆਉਣਾ ਛੱਡ ਦਿੱਤਾ ਸੀ।
ਸੋਢਲ ਇਲਾਕੇ ਤੋਂ ਸ਼ੁਰੂ ਕੀਤੇ ਗਏ ਸਟ੍ਰੋਮ ਵਾਟਰ ਪ੍ਰਾਜੈਕਟ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਪ੍ਰਾਜੈਕਟ ਨੂੰ ਮਹਿੰਗਾ ਦੱਸਣ ਵਾਲੇ ਕਾਂਗਰਸੀ ਵਿਧਾਇਕ ਨੇ ਉਸ ਤੋਂ ਵੀ ਮਹਿੰਗਾ ਪ੍ਰਾਜੈਕਟ ਬਣਾ ਦਿੱਤਾ, ਜਿਸ ਨੂੰ ਸ਼ੁਰੂ ਹੋਏ 6 ਮਹੀਨੇ ਤੱਕ ਬੀਤ ਚੁੱਕੇ ਹਨ ਪਰ ਅਜੇ ਤੱਕ ਮੌਕੇ ’ਤੇ ਕੁਝ ਵੀ ਨਹੀਂ ਹੋਇਆ ਅਤੇ ਲੋਕ ਪ੍ਰੇਸ਼ਾਨ ਹਨ। ਇਸ ਰਫਤਾਰ ਨਾਲ ਤਾਂ 2 ਸਾਲਾਂ ਵਿਚ ਵੀ ਪ੍ਰਾਜੈਕਟ ਪੂਰਾ ਨਹੀਂ ਹੋ ਸਕੇਗਾ। ਨਿਗਮ ਪ੍ਰਸ਼ਾਸਨ ਤੋਂ ਉਨ੍ਹਾਂ ਮੰਗ ਕੀਤੀ ਕਿ ਜਾ ਤਾਂ ਪ੍ਰਾਜੈਕਟ ਦਾ ਕੰਮ ਤੇਜ਼ ਕੀਤਾ ਜਾਵੇ ਜਾਂ ਸੜਕਾਂ ਨੂੰ ਠੀਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਲੋਕਾਂ ਨੂੰ ਅੰਡਰਬ੍ਰਿਜ ਦੀ ਸੁਵਿਧਾ ਮਿਲੀ ਸੀ ਪਰ ਕਾਂਗਰਸੀਆਂ ਨੰੂ ਇਹ ਗਵਾਰਾ ਨਹੀਂ ਹੋਇਆ ਅਤੇ ਅੰਡਰਬ੍ਰਿਜ ਨਾਲ ਛੇੜਛਾੜ ਕੀਤੀ ਗਈ, ਜਿਸ ਕਾਰਣ ਹੁਣ ਉਸ ਇਲਾਕੇ ਵਿਚ ਵੀ ਪਾਈਪ ਪਾਉਣ ਸਬੰਧੀ ਪੁਟਾਈ ਕੀਤੀ ਜਾ ਰਹੀ ਹੈ ਅਤੇ ਕਾਂਗਰਸੀ ਕੌਂਸਲਰ ਦੀ ਕਰਤੂਤ ਨਾਲ ਸਾਰਾ ਇਲਾਕਾ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਕੇ. ਐੱਮ. ਵੀ. ਰੋਡ ਅਤੇ ਲੰਮਾ ਪਿੰਡ ਚੌਕ ਨੇੜੇ ਸ਼ਰੇਆਮ ਨਾਜਾਇਜ਼ ਬਿਲਡਿੰਗਾਂ ਬਣ ਰਹੀਆਂ ਹਨ, ਜਿਨ੍ਹਾਂ ਨੂੰ ਕਾਂਗਰਸੀਆਂ ਦੀ ਸਰਪ੍ਰਸਤੀ ਪ੍ਰਾਪਤ ਹੈ। ਭੰਡਾਰੀ ਨੇ ਸਾਫ ਕਿਹਾ ਕਿ ਇਸ ਤੋਂ ਸ਼ਰਮਨਾਕ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ 500 ਤੋਂ ਲੈ ਕੇ 600 ਕਰੋੜ ਰੁਪਏ ਦੇ ਸਾਲਾਨਾ ਬਜਟ ਵਾਲੇ ਜਲੰਧਰ ਨਗਰ ਨਿਗਮ ਦੇ ਮੇਅਰ ਦੀ ਕਾਰ ਨੂੰ ਇਕ ਏਜੰਸੀ ਵਲੋਂ ਸਿਰਫ ਇਸ ਲਈ ਰੋਕ ਲਿਆ ਕਿਉਂਕਿ 1.62 ਲੱਖ ਦੀ ਪਿਛਲੀ ਪੇਮੈਂਟ ਅਦਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਲੰਧਰ ਨਿਗਮ ਦੇ ਪੱਲੇ ਹੀ ਇਸ ਵੇਲੇ ਕੁਝ ਨਹੀਂ ਹੈ।
ਮਹਿੰਦਰ ਭਗਤ ਨੇ ਵੀ ਰਿੰਕੂ ਨੂੰ ਕਈ ਮੁੱਦਿਆਂ ’ਤੇ ਘੇਰਿਆ
ਵਿਧਾਇਕ ਨੂੰ ਆਪਣੇ ਇਲਾਕੇ ਦੀ ਯਾਦ ਅੱਜ 4 ਸਾਲ ਬਾਅਦ ਕਿਉਂ ਆਈ ?
ਜਲੰਧਰ ਵੈਸਟ ਇਲਾਕੇ ਦਾ ਪ੍ਰਤੀਨਿਧ ਕਰਨ ਵਾਲੇ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਮਹਿੰਦਰ ਭਗਤ ਨੇ ਵੈਸਟ ਵਿਧਾਨ ਸਭਾ ਹਲਕੇ ਦੇ ਮੌਜੂਦਾ ਵਿਧਾਇਕ ਸੁਸ਼ੀਲ ਰਿੰਕੂ ਦੀ ਕਾਰਗੁਜ਼ਾਰੀ ’ਤੇ ਫੋਕਸ ਰੱਖਿਆ ਅਤੇ ਉਸ ਨੂੰ ਕਈ ਮੁੱਦਿਆਂ ’ਤੇ ਘੇਰਿਆ। ਮਹਿੰਦਰ ਭਗਤ ਨੇ ਕਿਹਾ ਕਿ ਇਕ ਸੀਨੀਅਰ ਆਈ. ਏ. ਐੱਸ. ਅਧਿਕਾਰੀ ਨਾਲ ਸ਼ਰੇਆਮ ਧਮਕੀ ਵਾਲੀ ਭਾਸ਼ਾ ਵਿਚ ਗੱਲ ਕਰਨਾ ਵਿਧਾਇਕ ਨੂੰ ਸ਼ੋਭਾ ਨਹੀਂ ਦਿੰਦਾ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਸੀ। ਕਿਸੇ ਵੀ ਸਮੱਸਿਆ ਦੇ ਹੱਲ ਦਾ ਤਰੀਕਾ ਇਹ ਨਹੀਂ ਹੈ ਕਿ ਸਾਰਾ ਦੋਸ਼ ਅਧਿਕਾਰੀਆਂ ’ਤੇ ਮੜ ਦਿੱਤਾ ਜਾਵੇ। ਜਦਕਿ ਅਸਲ ਵਿਚ ਪੰਜਾਬ ਸਰਕਾਰ ਨੇ ਜਲੰਧਰ ਨਗਰ ਨਿਗਮ ਨੂੰ ਵਿਕਾਸ ਕਾਰਜਾਂ ਲਈ ਕੁਝ ਵੀ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਆਪਣੇ ਹਲਕੇ ਦੀ ਯਾਦ ਅੱਜ 4 ਸਾਲ ਬਾਅਦ ਹੀ ਕਿਉਂ ਆਈ ਅਤੇ ਕਈ ਵਾਰ ਉਨ੍ਹਾਂ ਨੇ ਮੰਨਿਆ ਕਿ ਵੈਸਟ ਵਿਧਾਨ ਸਭਾ ਹਲਕਾ ਨਰਕ ਦਾ ਰੂਪ ਧਾਰਨ ਕਰ ਚੁੱਕਾ ਹੈ। ਸਿਰਫ ਇੰਨਾ ਕਹਿ ਦੇਣ ਨਾਲ ਵਿਧਾਇਕ ਦੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਅਤੇ ਉਨ੍ਹਾਂ ਨੂੰ ਸਾਰਾ ਦੋਸ਼ ਨਗਰ ਨਿਗਮ ’ਤੇ ਹੀ ਨਹੀਂ ਮੜ੍ਹਣਾ ਚਾਹੀਦਾ। ਜੇਕਰ ਉਨ੍ਹਾਂ ਵਿਚ ਆਤਮ ਸਨਮਾਨ ਦੀ ਭਾਵਨਾ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ। ਵਿਧਾਇਕ ਨੂੰ ਚਾਹੀਦਾ ਸੀ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਜਾਂ ਵਿੱਤ ਮੰਤਰੀ ਕੋਲੋਂ ਗ੍ਰਾਂਟਾਂ ਲੈ ਕੇ ਆਉਂਦੇ। ਮਹਿੰਦਰ ਭਗਤ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਅੱਜ ਵੈਸਟ ਵਿਧਾਨ ਸਭਾ ਹਲਕਾ ਨਾਜਾਇਜ਼ ਸ਼ਰਾਬ ਸਪਲਾਈ ਦਾ ਮੇਨ ਅੱਡਾ ਬਣ ਚੁੱਕਾ ਹੈ ਅਤੇ ਇਹ ਨਾਜਾਇਜ਼ ਕੰਮ ਰਾਜਨੀਤਕ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸਭ ਤੋਂ ਵੱਡਾ ਕ੍ਰਾਈਮ ਵੀ ਵੈਸਟ ਹਲਕੇ ਵਿਚ ਹੋ ਰਿਹਾ ਹੈ। ਇਸ ਲਈ ਲੋਕ ਹੁਣ ਕਾਂਗਰਸੀ ਸਰਕਾਰ ਤੋਂ ਹੁਣ ਤੌਬਾ ਕਰ ਚੁੱਕੇ ਹਨ ਅਤੇ ਇਸ ਤੋਂ ਨਿਜਾਤ ਪਾਉਣ ਦੇ ਮੂਡ ਵਿਚ ਹਨ।
ਨਾਰਥ ਦੀ ਸੀਵਰੇਜ ਦੀ ਸਮੱਸਿਆ ਵਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ : ਸੁਸ਼ੀਲ ਸ਼ਰਮਾ
ਜ਼ਿਲਾ ਭਾਜਪਾ ਪ੍ਰਧਾਨ ਅਤੇ ਕੌਂਸਲਰ ਸੁਸ਼ੀਲ ਸ਼ਰਮਾ ਨੇ ਨਾਰਥ ਹਲਕੇ ਦੇ ਕਾਂਗਰਸੀ ਨੇਤਾਵਾਂ ਦੀ ਅਸਫਲਤਾ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਅੱਜ ਪੂਰਾ ਇਲਾਕਾ ਸੀਵਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਜਦੋਂ ਐੱਨ. ਜੀ. ਟੀ. ਦੀ ਟੀਮ ਮੌਕੇ ’ਤੇ ਆਈ ਸੀ ਉਦੋਂ ਵਿਧਾਇਕ ਜਾਂ ਕੌਂਸਲਰਾਂ ਵਿਚੋਂ ਕਿਸੇ ਨੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਨਵਾਂ ਐੱਸ. ਟੀ. ਪੀ. ਬਣਾਉਣ ਤੱਕ ਇਕ ਸਾਲ ਦਾ ਸਮਾਂ ਐੱਨ. ਜੀ. ਟੀ. ਤੋਂ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਨਿਗਮ ਦੇ ਹਰ ਕੰਮ ਵਿਚ ਕਾਂਗਰਸੀ ਵਿਧਾਇਕਾਂ ਅਤੇ ਕੌਂਸਲਰਾਂ ਦੀ ਇੰਨੀ ਦਖਲਅੰਦਾਜ਼ੀ ਵਧ ਚੁਕੀ ਹੈ ਕਿ ਤਹਿਬਾਜ਼ਾਰੀ ਦਾ ਸਾਮਾਨ ਤੱਕ ਵਾਪਸ ਕਰਨ ਲਈ ਦੁਕਾਨਦਾਰਾਂ ਅਤੇ ਰੇਹੜੀ ਚਾਲਕਾਂ ਨੂੰ ਵਿਧਾਇਕ ਦੇ ਦਫਤਰ ਜਾਣ ਲਈ ਕਿਹਾ ਜਾਂਦਾ ਹੈ। ਸਾਰਾ ਸਿਸਟਮ ਤਹਿਸ-ਨਹਿਸ ਹੋ ਚੱਕਾ ਹੈ ਅਤੇ ਲੋਕ ਇਹ ਸਮਝ ਚੁੱਕੇ ਹਨ ਕਿ ਉਨ੍ਹਾਂ ਨੇ ਗਲਤ ਨੇਤਾਵਾਂ ਦੀ ਚੋਣ ਕਰ ਲਈ ਹੈ। ਜੇਕਰ ਨਿਗਮ ਨੇ ਆਪਣੀ ਕਾਰਜ ਪ੍ਰਣਾਲੀ ਨਾ ਸੁਧਾਰੀ ਅਤੇ ਸਮੱਸਿਆਵਾਂ ਨੂੰ ਦੂਰ ਨਾ ਕੀਤਾ ਤਾਂ ਜ਼ਿਲਾ ਭਾਜਪਾ ਸੜਕਾਂ ’ਤੇ ਉਤਰ ਕੇ ਧਰਨੇ ਪ੍ਰਦਰਸ਼ਨ ਦਾ ਦੌਰ ਜਲਦ ਸ਼ੁਰੂ ਕਰੇਗੀ।
..ਤੇ ਹੁਣ ਹਸਪਤਾਲ 'ਚ ਇੰਝ ਸਮਾਂ ਬਿਤਾ ਸਕਣਗੇ ਕੋਰੋਨਾ ਪੀੜਤ ਮਰੀਜ਼
NEXT STORY