ਜਲੰਧਰ : ਲੁਧਿਆਣਾ ਸ਼ਹਿਰ ਵਿੱਚ ਸੰਵਿਧਾਨ ਨਿਰਮਾਤਾ, ਭਾਰਤ ਰਤਨ ਡਾ. ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਹੋਈ ਬੇਅਦਬੀ ਦੀ ਘਟਨਾ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਅਨੁਸੂਚਿਤ ਜਾਤੀ (ਐੱਸ.ਸੀ.) ਮੋਰਚਾ ਵੱਲੋਂ ਪੂਰੀ ਸਖ਼ਤੀ ਨਾਲ ਨਿੰਦਾ ਕੀਤੀ ਗਈ ਹੈ। ਭਾਜਪਾ ਐੱਸ.ਸੀ. ਮੋਰਚਾ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਸ਼ੀਤਲ ਅੰਗੁਰਾਲ ਨੇ ਫ਼ੇਸਬੁੱਕ ਲਾਈਵ ਜ਼ਰੀਏ ਇਸ ਘਟਨਾ 'ਤੇ ਡੂੰਘੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸ਼ੀਤਲ ਅੰਗੁਰਾਲ ਨੇ ਕਿਹਾ ਕਿ ਡਾ. ਬਾਬਾ ਸਾਹਿਬ ਅੰਬੇਡਕਰ ਕੇਵਲ ਇੱਕ ਮਹਾਂਪੁਰਖ ਹੀ ਨਹੀਂ, ਸਗੋਂ ਕਰੋੜਾਂ ਲੋਕਾਂ ਦੇ ਸਨਮਾਨ, ਅਧਿਕਾਰਾਂ ਅਤੇ ਸਵੈਮਾਣ ਦੇ ਪ੍ਰਤੀਕ ਹਨ। ਅਜਿਹੀ ਘਿਨੌਣੀ ਹਰਕਤ ਨਾਲ ਦੇਸ਼ ਭਰ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀਆਂ ਅਪਰਾਧਿਕ ਅਤੇ ਸ਼ਰਮਨਾਕ ਘਟਨਾਵਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਰੱਖੀਆਂ 4 ਮੁੱਖ ਮੰਗਾਂ
ਫ਼ੇਸਬੁੱਕ ਲਾਈਵ ਦੌਰਾਨ ਸ਼ੀਤਲ ਅੰਗੁਰਾਲ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਹੇਠ ਲਿਖੀਆਂ ਮੁੱਖ ਮੰਗਾਂ ਕੀਤੀਆਂ:
1. ਇਸ ਪੂਰੀ ਘਟਨਾ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
2. ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
3. ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
4. ਪੰਜਾਬ ਭਰ ਵਿੱਚ ਮਹਾਂਪੁਰਖਾਂ ਦੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।
ਉਨ੍ਹਾਂ ਅੱਗੇ ਕਿਹਾ ਕਿ ਬਾਬਾ ਸਾਹਿਬ ਦਾ ਅਪਮਾਨ ਪੂਰੇ ਸਮਾਜ ਦੇ ਅਣਖ ਅਤੇ ਸਨਮਾਨ 'ਤੇ ਹਮਲਾ ਹੈ। ਸਰਕਾਰ ਨੂੰ ਮਹਿਜ਼ ਖੋਖਲੇ ਭਰੋਸੇ ਦੇਣ ਦੀ ਬਜਾਏ ਜ਼ਮੀਨੀ ਪੱਧਰ 'ਤੇ ਠੋਸ ਕਾਰਵਾਈ ਕਰਕੇ ਦਿਖਾਉਣੀ ਚਾਹੀਦੀ ਹੈ।
ਅਕਾਲੀ ਦਲ ਸਰਕਾਰ ਉਦਯੋਗ ਵਾਸਤੇ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਪ੍ਰਦਾਨ ਕਰੇਗੀ: ਸੁਖਬੀਰ ਸਿੰਘ ਬਾਦਲ
NEXT STORY