ਚੰਡੀਗੜ੍ਹ (ਹਰੀਸ਼): ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਇਕੱਲੇ ਚੋਣ ਲੜਨ ਦੀ ਤਿਆਰੀ ਕਰ ਰਹੀ ਭਾਰਤੀ ਜਨਤਾ ਪਾਰਟੀ ਨੌਜਵਾਨ ਉਮੀਦਵਾਰਾਂ ਵਿਚਕਾਰ ਸੰਤੁਲਨ ਬਣਾਏਗੀ। ਪਹਿਲੀ ਵਾਰ ਭਾਜਪਾ ਦਾ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਗ੍ਰਾਫ਼ ਕਾਫ਼ੀ ਵਧਿਆ ਹੈ। ਭਾਵੇਂ ਕਿਸਾਨ ਅੰਦੋਲਨ ਕਾਰਣ ਭਾਜਪਾ ਆਗੂ ਘਰਾਂ ’ਚ ਹੀ ਬੈਠ ਗਏ ਹਨ। ਪਰ ਮੌਜੂਦਾ ਹਾਲਾਤ ’ਚ ਕਿਸਾਨ ਅੰਦੋਲਨ ਜ਼ਿਆਦਾ ਦੇਰ ਚੱਲਦਾ ਨਜ਼ਰ ਨਹੀਂ ਆ ਰਿਹਾ। ਜ਼ਿਆਦਾਤਰ ਕਿਸਾਨ ਜਥੇਬੰਦੀਆਂ ਵਲੋਂ ਅੰਦੋਲਨ ਵਿੱਚ ਹਿੱਸਾ ਨਾ ਲੈਣ ਕਾਰਣ ਭਾਜਪਾ ਨੂੰ ਉਮੀਦ ਹੈ ਕਿ ਲੋਕ ਸਭਾ ਚੋਣਾਂ ਤੱਕ ਇਸ ਦਾ ਬਹੁਤਾ ਅਸਰ ਨਹੀਂ ਪਵੇਗਾ।
ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਹਾਲ ’ਚ ਕਿਹਾ ਹੈ ਕਿ ਉਨ੍ਹਾਂ ਦੀ ਕਾਂਗਰਸ ਸੰਸਦ ਮੈਂਬਰ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਚੋਣ ਲੜੇਗੀ। ਇਸੇ ਤਰ੍ਹਾਂ ਅਮਰੀਕਾ ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਅੰਮ੍ਰਿਤਸਰ ਤੋਂ ਉਮੀਦਵਾਰੀ ਤੈਅ ਮੰਨੀ ਜਾ ਰਹੀ ਹੈ। ਸੰਧੂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ। ਜਦੋਂ ਕਿ ਉਨ੍ਹਾਂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਸਥਾਪਕ ਵਾਈਸ ਚਾਂਸਲਰ ਸਨ।
ਇਹ ਖ਼ਬਰ ਵੀ ਪੜ੍ਹੋ - ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ 3 ਦਿਨ ਪਹਿਲਾਂ ਵਿਆਹੁਤਾ ਦੀ ਮੌਤ, ਪਤੀ ਤੇ ਭਾਜਪਾ ਆਗੂ ਖ਼ਿਲਾਫ਼ ਲੱਗੇ ਗੰਭੀਰ ਦੋਸ਼
ਬਾਕੀ 11 ਲਈ ਪਾਰਟੀ ਅੰਦਰ ਜ਼ੋਰਦਾਰ ਅਜਮਾਇਸ਼ ਚੱਲਦੀ ਪਈ ਹੈ। ਸੂਤਰਾਂ ਅਨੁਸਾਰ ਲੁਧਿਆਣਾ ਸੀਟ ’ਤੇ ਪਰਮਿੰਦਰ ਬਰਾੜ ਤੇ ਜੀਵਨ ਗੁਪਤਾ, ਸੰਗਰੂਰ ’ਚ ਅਰਵਿੰਦ ਖੰਨਾ ਤੇ ਕੇਵਲ ਸਿੰਘ ਢਿੱਲੋਂ, ਸ੍ਰੀ ਆਨੰਦਪੁਰ ਸਾਹਿਬ ’ਚ ਸੁਭਾਸ਼ ਸ਼ਰਮਾ ਤੇ ਅਵਿਨਾਸ਼ ਰਾਏ ਖੰਨਾ, ਗੁਰਦਾਸਪੁਰ ’ਚ ਅਸ਼ਵਨੀ ਸ਼ਰਮਾ ਤੇ ਫਤਿਹ ਜੰਗ ਸਿੰਘ ਬਾਜਵਾ, ਜਲੰਧਰ ’ਚ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਰਾਜੇਸ਼ ਬਾਘਾ ਉਮੀਦਵਾਰੀ ਲਈ ਦਾਅਵਾ ਪੇਸ਼ ਕਰ ਰਹੇ ਹਨ। ਭਾਜਪਾ ਨੂੰ ਹੁਸ਼ਿਆਰਪੁਰ ਵਿੱਚ ਨਵੇਂ ਚਿਹਰੇ ਦੀ ਤਲਾਸ਼ ਹੈ। ਅਜਿਹੇ ਵਿੱਚ ਪਾਰਟੀ ਜਲੰਧਰ ਦੀ ਬਜਾਏ ਹੁਸ਼ਿਆਰਪੁਰ ’ਚ ਰਾਜੇਸ਼ ਬਾਘਾ ਨੂੰ ਅਜ਼ਮਾ ਸਕਦੀ ਹੈ।
3 ਰਾਜਾਂ ਦੇ ਨਵੇਂ ਮੁੱਖ ਮੰਤਰੀਆਂ ਤੋਂ ਵਧੀਆਂ ਨੌਜਵਾਨਾਂ ਦੀਆਂ ਉਮੀਦਾਂ
ਜਿਸ ਤਰ੍ਹਾਂ ਭਾਜਪਾ ਨੇ ਤਿੰਨ ਰਾਜਾਂ ਦੀਆਂ ਹਾਲੀਆ ਚੋਣਾਂ ਵਿੱਚ ਮੁੱਖ ਮੰਤਰੀ ਅਤੇ ਦੋ ਸਾਬਕਾ ਮੁੱਖ ਮੰਤਰੀਆਂ ਨੂੰ ਛੱਡ ਕੇ ਨਵੇਂ ਚਿਹਰਿਆਂ ਨੂੰ ਤਰਜੀਹ ਦਿੱਤੀ ਹੈ, ਉਸ ਨਾਲ ਪੰਜਾਬ ’ਚ ਨੌਜਵਾਨ ਆਗੂਆਂ ਨੂੰ ਉਮੀਦ ਹੈ ਕਿ ਲੋਕ ਸਭਾ ਵਿੱਚ ਉਨ੍ਹਾਂ ਦੀ ਉਮੀਦਵਾਰੀ ਨੂੰ ਅਣਗੌਲਿਆ ਨਹੀਂ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਭਾਜਪਾ ਨੇ ਵਿਸ਼ਨੂੰ ਦੇਵ ਸਾਈਂ ਨੂੰ ਛੱਤੀਸਗੜ੍ਹ ਦਾ ਮੁੱਖ ਮੰਤਰੀ ਬਣਾਇਆ ਹੈ, ਜਦੋਂ ਕਿ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਰਹਿ ਡਾ. ਰਮਨ ਸਿੰਘ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਹੈ। ਮੱਧ ਪ੍ਰਦੇਸ਼ ’ਚ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਿੱਚ ਪਾਰਟੀ ਮੁੜ ਸੱਤਾ ਵਿੱਚ ਆਈ, ਪਰ ਮੋਹਨ ਯਾਦਵ ਨੂੰ ਮੁੱਖ ਮੰਤਰੀ ਬਣਾਇਆ ਗਿਆ। ਇਸੇ ਤਰ੍ਹਾਂ ਰਾਜਸਥਾਨ ’ਚ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦੇ ਦਬਾਅ ਨੂੰ ਨਜ਼ਰਅੰਦਾਜ਼ ਕਰਦਿਆਂ ਪਹਿਲੀ ਵਾਰ ਵਿਧਾਇਕ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਬਣਾ ਕੇ ਹੈਰਾਨ ਕਰ ਦਿੱਤਾ ਹੈ। ਪਾਰਟੀ ਦੀ ਸਿਖਰਲੀ ਲੀਡਰਸ਼ਿਪ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਵਿਚ ਵੀ ਇਸੇ ਤਰਜ਼ ’ਤੇ ਪੁਰਾਣੇ ਅਤੇ ਤਜਰਬੇਕਾਰ ਆਗੂਆਂ ਨੂੰ ਹੌਲੀ-ਹੌਲੀ ਪਾਸੇ ਕਰ ਕੇ ਨੌਜਵਾਨਾਂ ਅਤੇ ਨਵੇਂ ਚਿਹਰਿਆਂ ਨੂੰ ਮੈਦਾਨ ’ਚ ਉਤਾਰਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਰੀਬ 100 ਨਵੇਂ ਉਮੀਦਵਾਰਾਂ ਨੂੰ ਮੌਕਾ ਦੇਣ ਜਾ ਰਹੀ ਹੈ।
ਸਿੱਖ ਉਮੀਦਵਾਰਾਂ ’ਤੇ ਵੀ ਸੱਟਾ
ਪੰਜਾਬ ’ਚ ਭਾਜਪਾ ਨੂੰ ਸ਼ਹਿਰੀ ਅਤੇ ਹਿੰਦੂ ਵਰਗ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਵਜੋਂ ਦੇਖਿਆ ਜਾਂਦਾ ਹੈ ਪਰ ਪਿਛਲੇ ਦੋ ਸਾਲਾਂ ’ਚ ਵੱਡੀ ਗਿਣਤੀ ਵਿਚ ਹੋਰ ਪਾਰਟੀਆਂ ਦੇ ਸਿੱਖ ਆਗੂ ਇਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਪਿੰਡਾਂ ਵਿੱਚ ਵੀ ਭਾਜਪਾ ਨੇ ਪਹਿਲਾਂ ਦੇ ਮੁਕਾਬਲੇ ਆਪਣਾ ਆਧਾਰ ਮਜ਼ਬੂਤ ਕੀਤਾ ਹੈ। ਅਜਿਹੇ ’ਚ ਪਾਰਟੀ ਕਈ ਸਿੱਖ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰੇਗੀ। ਪਰਨੀਤ ਕੌਰ ਅਤੇ ਤਰਨਜੀਤ ਸਿੰਘ ਸੰਧੂ ਜੱਟ ਸਿੱਖ ਪਰਿਵਾਰਾਂ ਵਿਚੋਂ ਹਨ। ਇਨ੍ਹਾਂ ਤੋਂ ਇਲਾਵਾ ਕਰੀਬ 4-5 ਹੋਰ ਹਲਕਿਆਂ ਵਿਚ ਭਾਜਪਾ ਸਿੱਖਾਂ ਨੂੰ ਹੀ ਟਿਕਟਾਂ ਦੇਵੇਗੀ। ਇਸ ਦਾ ਵੱਡਾ ਕਾਰਣ ਇਹ ਹੈ ਕਿ ਬਹੁਤ ਸਾਰੀਆਂ ਸੀਟਾਂ ਅਜਿਹੀਆਂ ਹਨ ਜਿੱਥੇ ਸਿੱਖਾਂ ਦੀ ਆਬਾਦੀ ਜ਼ਿਆਦਾ ਹੈ।
ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਵਿਚਾਲੇ ਖੁੱਲ੍ਹਣ ਲੱਗੇ ਦਿੱਲੀ ਦੇ ਬਾਰਡਰ, JCB ਨਾਲ ਤੋੜੀਆਂ ਜਾ ਰਹੀਆਂ 'ਕੰਧਾਂ' (ਵੀਡੀਓ)
ਸ਼੍ਰੀ ਰਾਮ ਮੰਦਰ ਦਾ ਸਿੱਧਾ ਫਾਇਦਾ
ਸ਼੍ਰੀ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਦੇ ਹਿੰਦੂ ਭਾਈਚਾਰੇ ਵਿੱਚ ਵੀ ਭਾਰੀ ਉਤਸ਼ਾਹ ਹੈ ਅਤੇ ਭਾਜਪਾ ਇਸ ਦਾ ਲਾਹਾ ਲੈਣ ਦੇ ਮੂਡ ਵਿੱਚ ਹੈ। ਰਾਮ ਲਲਾ ਦੀ ਮੂਰਤੀ ਸਥਾਪਨ ਤੋਂ ਬਾਅਦ ਪੰਜਾਬ ਦੇ ਹਿੰਦੂ ਭਾਈਚਾਰੇ ਦਾ ਝੁਕਾਅ ਭਾਜਪਾ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਵੱਲ ਵੱਧ ਗਿਆ ਹੈ। ਸੂਬੇ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਯੁੱਧਿਆ ਗਏ ਹਨ, ਜਿਸ ਲਈ ਸੂਬਾ ਭਾਜਪਾ ਨੇ ਕੇਂਦਰੀ ਪੱਧਰ ’ਤੇ ਤਾਲਮੇਲ ਕਰ ਕੇ ਉਥੇ ਪ੍ਰਬੰਧ ਕੀਤੇ ਸਨ। ਨੌਜਵਾਨ ਆਗੂ ਇਸ ਮੁੱਦੇ ਨੂੰ ਆਪੋ-ਆਪਣੇ ਹਲਕਿਆਂ ਵਿੱਚ ਗਰਮਾ ਰਹੇ ਹਨ।
3 ਸੀਟਾਂ ਲਈ ਉਮੀਦਵਾਰ ਲੱਭਣ ’ਚ ਮੁਸ਼ਕਲ
ਸੂਬੇ ਦੀਆਂ 3 ਸੀਟਾਂ ਅਜਿਹੀਆਂ ਵੀ ਹਨ, ਜਿੱਥੇ ਪਾਰਟੀ ਕੋਲ ਕੋਈ ਉਮੀਦਵਾਰ ਜਿੱਤਣ ਦੇ ਸਮਰੱਥ ਨਹੀਂ ਹੈ। ਖਡੂਰ ਸਾਹਿਬ, ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ’ਚ ਭਾਜਪਾ ਕੋਲ ਵਿਰੋਧੀ ਪਾਰਟੀਆਂ ਨੂੰ ਮੁਕਾਬਲਾ ਦੇਣ ਵਾਲਾ ਕੋਈ ਆਗੂ ਨਹੀਂ ਹੈ। ਫਰੀਦਕੋਟ ਅਤੇ ਫਤਿਹਗੜ੍ਹ ਸਾਹਿਬ ਸੀਟਾਂ ਰਾਖਵੀਆਂ ਹਨ। ਪਾਰਟੀ ਦੇ ਸੀਨੀਅਰ ਆਗੂਆਂ ਦਾ ਵੀ ਮੰਨਣਾ ਹੈ ਕਿ ਇਨ੍ਹਾਂ ਤਿੰਨਾਂ ਥਾਵਾਂ ’ਤੇ ਪਾਰਟੀ ਕਮਜ਼ੋਰ ਹੈ। ਇਸ ਦਾ ਵੱਡਾ ਕਾਰਣ ਇਹ ਹੈ ਕਿ ਤਿੰਨੇ ਸੀਟਾਂ ਸਿੱਖ ਬਹੁਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਭਕਰਨ ਦੇ ਕਾਤਲਾਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਧਰਨੇ 'ਚ ਪਹੁੰਚੇ ਰਾਜਾ ਵੜਿੰਗ
NEXT STORY