ਜਾਜਾ, (ਸ਼ਰਮਾ)- ਕੱਲ ਰਾਤੀਂ ਕਰੀਬ 8.30 ਵਜੇ ਪਿੰਡ ਜਾਜਾ ਰੋਡ 'ਤੇ ਗੁਰੂ ਨਾਨਕ ਨਗਰ ਕਾਲੋਨੀ ਨੇੜੇ ਸਥਿਤ ਸ਼ਰਾਬ ਦੇ ਅਹਾਤੇ 'ਚ ਇਕ ਗੈਸ ਸਿਲੰਡਰ ਫਟਣ ਨਾਲ ਕਰਿੰਦਾ ਰਾਮ ਬਹਾਦਰ ਪੁੱਤਰ ਲਾਲ ਬਹਾਦਰ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਅਹਾਤੇ ਦੇ ਪ੍ਰਬੰਧਕ ਮਨ ਬਹਾਦਰ ਪੁੱਤਰ ਜੰਗ ਬਹਾਦਰ ਵਾਸੀ ਪਾਲੀ ਨੇ ਘਟਨਾ ਸਬੰਧੀ ਸਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਰਾਤੀਂ ਜਦੋਂ ਉਹ ਗੈਸ ਦਾ ਨਵਾਂ ਸਿਲੰਡਰ ਸ਼ੁਰੂ ਕਰਨ ਲੱਗੇ ਤਾਂ ਦੇਖਦੇ ਹੀ ਦੇਖਦੇ ਗੈਸ ਸਿਲੰਡਰ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ ਅਤੇ ਅੱਗ ਨਾਲ ਸਿਲੰਡਰ ਇਕ ਵੱਡੇ ਧਮਾਕੇ ਨਾਲ ਫਟ ਗਿਆ। ਮਨ ਬਹਾਦਰ ਨੇ ਅੱਗੇ ਦੱਸਿਆ ਕਿ ਜਦੋਂ ਅਹਾਤੇ ਦੇ ਕਰਿੰਦੇ ਇਸ ਅੱਗ 'ਤੇ ਕਾਬੂ ਪਾਉਣ ਲੱਗੇ ਤਾਂ ਅਹਾਤੇ ਦਾ ਇਕ ਕਰਿੰਦਾ ਰਾਮ ਬਹਾਦਰ ਪੁੱਤਰ ਲਾਲ ਬਹਾਦਰ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਗੈਸ ਸਿਲੰਡਰ ਫਟਣ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਅਹਾਤੇ ਦੇ ਨੇੜਲੇ ਘਰਾਂ ਦੇ ਲੋਕ ਘਟਨਾ ਵਾਲੀ ਥਾਂ 'ਤੇ ਵੱਡੀ ਗਿਣਤੀ 'ਚ ਇਕੱਠੇ ਹੋ ਗਏੇ ਅਤੇ ਉਨ੍ਹਾਂ ਬਹੁਤ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ, ਜਿਸ ਨਾਲ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ। ਮਨ ਬਹਾਦਰ ਨੇ ਕਿਹਾ ਕਿ ਅਹਾਤੇ ਦੇ ਬਾਕੀ ਕਰਿੰਦਿਆਂ ਨੇ ਦੌੜ ਕੇ ਆਪਣੀ ਜਾਨ ਬਚਾਈ।
ਉਨ੍ਹਾਂ ਅੱਗੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਪਰ ਗੱਡੀ ਦੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ। ਅੱਗ ਦੀ ਇਸ ਘਟਨਾ ਕਾਰਨ ਅਹਾਤੇ ਦੇ ਨੇੜਲੇ ਘਰਾਂ ਦੀ ਬਿਜਲੀ ਸਾਰੀ ਰਾਤ ਬੰਦ ਰਹੀ। ਮਨ ਬਹਾਦਰ ਨੇ ਦੱਸਿਆ ਕਿ ਇਸ ਘਟਨਾ ਨਾਲ ਉਸ ਦਾ ਕਰੀਬ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਸ ਨੇ ਪ੍ਰਸ਼ਾਸਨ ਤੋਂ ਉਸ ਨੂੰ ਕੁਝ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਟੈਂਕਰ ਦੇ ਕਲੀਨਰ ਨੇ ਲਿਆ ਫਾਹਾ
NEXT STORY