ਮੁੰਬਈ (ਬਿਊਰੋ) - ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਬੀਤੇ ਦਿਨੀਂ ਸੀ. ਆਈ. ਐੱਸ. ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਚੈਕਿੰਗ ਦੌਰਾਨ ਥੱਪੜ ਮਾਰ ਦਿੱਤਾ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਭਖਿਆ ਹੋਇਆ ਹੈ। ਲਗਾਤਾਰ ਕਈ ਲੋਕ ਕੁਲਵਿੰਦਰ ਦੀ ਤਾਰੀਫ਼ ਕਰ ਰਹੇ ਹਨ ਅਤੇ ਉਥੇ ਹੀ ਕੁਝ ਕ ਲੋਕ ਕੰਗਨਾ ਦਾ ਵਿਰੋਧ ਵੀ ਕਰ ਰਹੇ ਹਨ।
ਕਿਵੇਂ ਸ਼ੁਰੂ ਹੋਇਆ ਪੂਰਾ ਮਾਮਲਾ
ਦੱਸਿਆ ਜਾ ਰਿਹਾ ਹੈ ਕਿ ਕੰਗਨਾ ਰਣੌਤ ਇਹ ਸਾਰੀ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਮੰਡੀ ਤੋਂ ਚੰਡੀਗੜ੍ਹ ਪਹੁੰਚੀ। ਦਰਅਸਲ, ਚੰਡੀਗੜ੍ਹ ਤੋਂ ਕੰਗਨਾ ਨੇ ਸੰਸਦ ਭਵਨ ਦਿੱਲੀ ਪਹੁੰਚਣਾ ਸੀ, ਜਿਥੇ ਉਸ ਨੇ NDA ਦੀ ਬੈਠਕ 'ਚ ਸ਼ਾਮਲ ਹੋਣਾ ਸੀ। ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਦੇ ਪਹੁੰਚਦਿਆਂ ਹੀ ਸੀ. ਆਈ. ਐੱਸ. ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਵਲੋਂ ਚੈਕਿੰਗ ਕੀਤੀ ਗਈ। ਇਸ ਦੌਰਾਨ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਫੋਨ ਤੇ ਪਰਸ ਨੂੰ ਸਕੈਨਰ 'ਤੇ ਰੱਖਣ ਲਈ ਕਿਹਾ ਪਰ ਉਸ ਨੇ ਇਹ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਦੋਹਾਂ 'ਚ ਬਹਿਸ ਸ਼ੁਰੂ ਹੋ ਗਈ ਅਤੇ ਇਸੇ ਦੌਰਾਨ ਕੁਲਵਿੰਦਰ ਕੌਰ ਨੇ ਕੰਗਨਾ ਤੇ ਮੂੰਹ 'ਤੇ ਥੱਪੜ ਮਾਰ ਦਿੱਤਾ।
ਹਾਲਾਂਕਿ ਕੰਗਨਾ ਨੂੰ ਥੱਪੜ ਮਾਰਨ ਦਾ ਇਹ ਵੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬਿਆਨ ਦਿੱਤਾ ਸੀ ਕਿ ਧਰਨੇ 'ਚ ਮੌਜੂਦ ਔਰਤਾਂ ਨੂੰ 100-100 ਰੁਪਏ ਦਿਹਾੜੀ 'ਤੇ ਲਿਆ ਕੇ ਬਿਠਾਇਆ ਗਿਆ ਹੈ। ਕੁਲਵਿੰਦਰ ਨੇ ਦੱਸਿਆ ਕਿ ਉਸ ਸਮੇਂ ਉਸ ਦੀ ਮਾਂ ਵੀ ਉਸ ਧਰਨੇ 'ਚ ਮੌਜੂਦ ਸੀ। ਇਸ ਕਾਰਨ ਉਸ ਨੇ ਅਜਿਹਾ ਕੀਤਾ ਹੈ।
ਲਾਈਵ ਆ ਕੇ ਕੰਗਨਾ ਨੇ ਦੱਸੀ ਪੂਰੀ ਘਟਨਾ
ਚੰਡੀਗੜ੍ਹ ਏਅਰਪੋਰਟ 'ਤੇ ਹੋਈ ਬਦਸਲੂਕੀ ਮਗਰੋਂ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਹੋ ਕੇ ਪੂਰੀ ਘਟਨਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੈਨੂੰ ਮੀਡੀਆ ਅਤੇ ਮੇਰੇ ਪ੍ਰਸ਼ੰਸਕਾਂ ਦੇ ਬਹੁਤ ਸਾਰੇ ਫੋਨ ਕਾਲ ਆ ਰਹੇ ਹਨ, ''ਮੈਂ ਬਿਲਕੁਲ ਠੀਕ ਹਾਂ। ਅੱਜ ਚੰਡੀਗੜ੍ਹ ਏਅਰਪੋਰਟ 'ਤੇ ਜੋ ਘਟਨਾ ਵਾਪਰੀ ਉਹ ਸਕਿਓਰਿਟੀ ਚੈੱਕ ਦੇ ਨਾਲ ਹੋਈ। ਮੈਂ ਸਕਿਓਰਿਟੀ ਚੈੱਕ ਤੋਂ ਬਾਅਦ ਅੱਗੇ ਨਿਕਲੀ ਤਾਂ ਦੂਜੇ ਕੈਬਿਨ 'ਚ ਜੋ CISF ਦੀ ਮਹਿਲਾ ਕਰਮਚਾਰੀ ਸੀ, ਉਸ ਨੇ ਮੇਰੇ ਅੱਗੇ ਆਉਣ ਅਤੇ ਕ੍ਰਾਸ ਕਰਨ ਦਾ ਇੰਤਜ਼ਾਰ ਕੀਤਾ, ਫਿਰ ਸਾਈਡ ਤੋਂ ਆ ਕੇ ਮੇਰੇ ਚਿਹਰੇ 'ਤੇ ਹਿੱਟ ਕੀਤਾ ਅਤੇ ਗਾਲ੍ਹਾਂ ਵੀ ਕੱਢੀਆਂ। ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਸਪੋਰਟ ਕਰਦੀ ਹੈ। ਮੇਰੀ ਚਿੰਤਾ ਇਹ ਹੈ ਕਿ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਅਤੇ ਕੱਟੜਵਾਦ ਨੂੰ ਕਿਵੇਂ ਨਜਿੱਠਿਆ ਜਾ ਰਿਹਾ ਹੈ।''
ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ ਕੁਲਵਿੰਦਰ ਕੌਰ
ਕੁਲਵਿੰਦਰ ਕੌਰ ਮਹੀਵਾਲ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ, ਜੋ ਕਿ ਕਪੂਰਥਲਾ ਜ਼ਿਲ੍ਹੇ 'ਚ ਪੈਂਦਾ ਹੈ। ਉਹ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਸਕੀ ਭੈਣ ਹੈ। ਇਸ ਬਾਰੇ ਸ਼ੇਰ ਸਿੰਘ ਮਹੀਂਵਾਲ ਨੇ ਦੱਸਿਆ ਕਿ ਹਾਲੇ ਤਕ ਸਾਡੇ ਪਰਿਵਾਰ ਦਾ ਕੁਲਵਿੰਦਰ ਕੌਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਨੂੰ ਥੱਪੜ ਮਾਰਨ ਦਾ ਮਾਮਲਾ, ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕਿਹਾ- ਅੱਜ ਪਤਾ ਲੱਗਾ ਹੋਣਾ ਕਿ ਪੰਜਾਬੀ ਕੌਣ ਹੁੰਦੇ
ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਕੀਤਾ ਗਿਆ ਸਸਪੈਂਡ
ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਚੰਡੀਗੜ੍ਹ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਉਸ ਦੇ ਇਸ ਕਦਮ ਨਾਲ ਉਸ ਨੇ ਸਿਰਫ਼ ਪੰਜਾਬ ਹੀ ਨਹੀਂ, ਪੂਰੇ ਦੇਸ਼ 'ਚ ਪ੍ਰਸਿੱਧੀ ਖੱਟੀ ਹੈ। ਦਿੱਲੀ ਤੱਕ ਉਸ ਦੇ ਨਾਂ ਦੇ ਚਰਚੇ ਹਨ। ਇਹੀ ਨਹੀਂ, ਸੋਸ਼ਲ ਮੀਡੀਆ 'ਤੇ ਤਾਂ ਕਈ ਲੋਕ ਉਸ ਨੂੰ ਇਸ ਕੰਮ ਲਈ ਇਨਾਮ ਦੇਣਾ ਚਾਹੁੰਦੇ ਹਨ। ਪਰ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਕੁੜੀ ਆਖ਼ਿਰ ਹੈ ਕੌਣ ਤੇ ਕਿੱਥੇ ਦੀ ਰਹਿਣ ਵਾਲੀ ਹੈ ?
ਕੁਲਵਿੰਦਰ ਕੌਰ ਦੇ ਹੱਕ 'ਚ ਵਕੀਲ ਭਾਈਚਾਰਾ
ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਨੂੰ ਇਨਾਮ ਦੇਣ ਦੇ ਐਲਾਨ ਹੋ ਰਹੇ ਹਨ। ਇਸ ਦੇ ਨਾਲ ਵਕੀਲ ਭਾਈਚਾਰਾ ਵੀ ਅੱਗੇ ਆਇਆ ਹੈ। ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਅਟਾਰਨੀ ਜਨਰਲ ਦਵਿੰਦਰ ਪ੍ਰਤਾਪ ਸਿੰਘ ਨੇ ਕੁਲਵਿੰਦਰ ਕੌਰ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਸੰਸਦ ਬਾਹਰ ਅੱਗ ਵਾਂਗ ਭੜਕੀ, ਥੱਪੜ ਵਾਲਾ ਸਵਾਲ ਪੁੱਛਣ 'ਤੇ ਪੱਤਰਕਾਰ ਨਾਲ ਖਹਿ ਪਈ, ਵੇਖੋ ਮੌਕੇ ਦੀ ਵੀਡੀਓ
ਕੁਲਵਿੰਦਰ ਕੌਰ ਨੂੰ ਇਨਾਮ ਦੇਣ ਦੇ ਹੋ ਰਹੇ ਨੇ ਐਲਾਨ
ਫੇਸਬੁੱਕ ’ਤੇ ਕੰਗਨਾ ਨੂੰ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਨੂੰ ਕੋਈ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਰਿਹਾ ਹੈ ਤਾਂ ਕੋਈ 50,000 ਰੁਪਏ ਦੇਣ ਦੀ ਗੱਲ ਕਹਿ ਰਿਹਾ ਹੈ। ਇਸ ਤੋਂ ਇਲਾਵਾ ਨਵਤੇਜ ਨਾਂ ਦੇ ਵਿਅਕਤੀ ਨੇ ਉਕਤ ਮਹਿਲਾ ਕਾਂਸਟੇਬਲ ਨੂੰ ਨੌਕਰੀ ਦੇਣ ਦੀ ਗੱਲ ਕਹੀ ਹੈ।
ਉਥੇ ਹੀ ਸਥਾਨਕ ਸਿੱਖ ਆਗੂ ਤੇ ਖਾਲਿਸਤਾਨ ਲਹਿਰ ਦੇ ਸੰਚਾਲਕਾਂ 'ਚੋਂ ਇੱਕ ਸ. ਰਣਜੀਤ ਸਿੰਘ ਖਾਲਸਾ ਨੇ CISF ਸਿਪਾਹੀ ਕੁਲਵਿੰਦਰ ਕੌਰ ਨੂੰ ਮਹਾਨ ਸਿੱਖ ਯੋਧਾ ਮਹਿਲਾ ਮਾਈ ਭਾਗ ਕੌਰ ਦੀ ਅਸਲ ਵਾਰਸ ਕਰਾਰ ਦਿੱਤਾ ਹੈ। ਖਾਲਸਾ ਨੇ ਕੁਲਵਿੰਦਰ ਕੌਰ ਨੂੰ 5 ਲੱਖ ਦਾ ਫੌਰੀ ਇਨਾਮ ਤੋਂ ਇਲਾਵਾ ਸੇਵਾ ਮੁਕਤੀ ਤੱਕ ਉਸਦੀ ਬਣਦੀ ਪੂਰੀ ਤਨਖਾਹ ਅਤੇ ਹੋਰ ਲਾਭ ਦੇਣ ਦਾ ਐਲਾਨ ਕੀਤਾ ਹੈ।
ਪੰਜਾਬੀ ਕਲਾਕਾਰਾਂ ਦੇ ਨਾਲ ਸਿਆਸਤ 'ਚੋਂ ਵੀ ਕੁਲਵਿੰਦਰ ਨੂੰ ਮਿਲ ਰਿਹਾ ਸਮਰਥਨ
ਸੀ. ਆਈ. ਐੱਸ. ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਵਲੋਂ ਕੰਗਨਾ ਰਣੌਤ ਦੇ ਥੱਪੜ ਮਾਰਨ ਦੇ ਮਾਮਲੇ 'ਤੇ ਕਈ ਕਲਾਕਾਰ ਉਸ ਦਾ ਸਮਰਥਨ ਕਰ ਰਹੇ ਹਨ, ਜਿਨ੍ਹਾਂ 'ਚ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਜਸਬੀਰ ਜੱਸੀ, ਮੀਕਾ ਸਿੰਘ, ਗਾਇਕਾ ਰੁਪਿੰਦਰ ਹਾਂਡਾ, ਅਦਾਕਾਰਾ ਸੋਨੀਆ ਮਾਨ, ਦੇਵੋਲੀਨਾ ਭੱਟਾਚਰਜੀ ਸਣੇ ਕਈ ਸਿਆਸੀ ਲੋਕਾਂ ਦੇ ਨਾਂ ਵੀ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
13 ’ਚੋਂ 12 ਲੋਕ ਸਭਾ ਸੀਟਾਂ ’ਤੇ ਵਧਿਆ ਭਾਜਪਾ ਦਾ ਵੋਟ ਸ਼ੇਅਰ, ਲੋਕਾਂ ਨੇ ‘ਆਪ’ ਨੂੰ ਨਕਾਰਿਆ : ਵਿਨੀਤ ਜੋਸ਼ੀ
NEXT STORY