ਜਲੰਧਰ (ਮਹੇਸ਼)— ਕਈ ਸਾਲ 'ਚਿੱਟਾ' ਪੀਂਦੇ ਰਹੇ ਜਲੰਧਰ ਕੈਂਟ ਦੇ ਮੁਹੱਲਾ ਨੰਬਰ 32 ਦੇ ਵਾਸੀ ਰਿੱਕੀ ਉਰਫ ਲਾਡੀ ਨੂੰ ਕਾਲਾ ਪੀਲੀਆ ਨੇ ਆਪਣੀ ਲਪੇਟ ਵਿਚ ਲੈ ਲਿਆ ਅਤੇ ਸ਼ਨੀਵਾਰ ਤੜਕੇ ਉਸ ਦੀ ਪਿਮਸ ਵਿਖੇ ਮੌਤ ਹੋ ਗਈ। ਉਹ 28 ਜੂਨ ਤੋਂ ਇਥੇ ਭਰਤੀ ਸੀ। ਹਾਲਤ ਵਿਗੜ ਜਾਣ 'ਤੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਪਿਮਸ ਵਿਖੇ ਦਾਖਲ ਕਰਵਾਇਆ ਸੀ। ਮ੍ਰਿਤਕ ਰਿੱਕੀ ਪੁੱਤਰ ਵਿਜੇ ਕੁਮਾਰ ਕ੍ਰਿਮੀਨਲ ਸੀ। ਉਸ ਵਿਰੁੱਧ ਥਾਣਾ ਕੈਂਟ ਵਿਚ ਧਾਰਾ 376 ਸਮੇਤ ਅੱਧੀ ਦਰਜਨ ਤੋਂ ਵੱਧ ਮਾਮਲੇ ਦਰਜ ਸਨ। ਉਸ ਵਿਰੁੱਧ ਚੋਰੀ, ਧਾਰਮਿਕ ਭਾਵਨਾਵਾਂ ਨੂੰ ਭੜਕਾਉਣ, ਲੜਾਈ-ਝਗੜੇ ਅਤੇ ਲੁੱਟਮਾਰ ਵਰਗੇ ਮਾਮਲੇ ਵੀ ਦਰਜ ਸਨ। ਕੈਂਟ ਪੁਲਸ ਨੇ ਉਸ ਵਿਰੁੱਧ 110 ਦਾ ਕਲੰਦਰਾ ਵੀ ਤਿਆਰ ਕਰਕੇ ਉਸ ਨੂੰ ਅਦਾਲਤ ਵਿਚ ਭੇਜਿਆ ਸੀ। ਇਨ੍ਹਾਂ ਸਭ ਮਾਮਲਿਆਂ ਵਿਚ ਰਿੱਕੀ ਕਈ ਵਾਰ ਜੇਲ ਵੀ ਜਾ ਚੁੱਕਾ ਸੀ। ਉਸ 'ਤੇ ਦਰਜ ਮਾਮਲਿਆਂ ਦੀ ਪੁਸ਼ਟੀ ਥਾਣਾ ਕੈਂਟ ਦੇ ਇੰਚਾਰਜ ਸੁਖਦੇਵ ਸਿੰਘ ਬੁੱਟਰ ਅਤੇ ਏ. ਐੱਸ. ਆਈ. ਜਸਵੰਤ ਸਿੰਘ ਨੇ ਕੀਤੀ।
ਮੌਤ ਤੋਂ ਪਹਿਲਾਂ ਰਿੱਕੀ ਦਾ ਖੁਲਾਸਾ
ਮੌਤ ਤੋਂ ਪਹਿਲਾਂ ਰਿੱਕੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਕੈਂਟ ਦੇ ਮੁਹੱਲਾ ਨੰਬਰ 29 ਅਤੇ 30 ਵਿਚ ਨਸ਼ੇ ਬਹੁਤ ਵਿਕਦੇ ਹਨ। ਉਸ ਵਰਗੇ ਕਈ ਨੌਜਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਜੇ ਨਸ਼ਿਆਂ 'ਤੇ ਰੋਕ ਨਾ ਲਾਈ ਗਈ ਤਾਂ ਹੋਰਨਾਂ ਨੂੰ ਮੌਤ ਆਪਣੇ ਨੇੜੇ ਖਿੱਚ ਕੇ ਲੈ ਆਏਗੀ। ਰਿੱਕੀ ਨੇ ਕਿਹਾ ਸੀ ਕਿ ਨਸ਼ਾ ਕਰ ਰਹੇ ਨੌਜਵਾਨਾਂ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ। ਇੰਝ ਕਰਨ 'ਤੇ ਹੀ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ। ਪੁਲਸ ਨਸ਼ੇ ਦੇ ਸਮੱਗਲਰਾਂ ਨੂੰ ਨਹੀਂ ਫੜ ਰਹੀ, ਜਿਸ ਕਾਰਨ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ।
ਬੇਟੇ ਨੇ ਕਿਹਾ ਨਸ਼ਾ ਛੱਡ ਦਿਆਂਗਾ ਤਾਂ ਮਾਂ ਨੇ ਕਰ ਦਿੱਤਾ ਵਿਆਹ
24 ਸਾਲ ਦੇ ਜਵਾਨ ਬੇਟੇ ਦੀ ਲਾਸ਼ ਅੱਗੇ ਰੋਂਦੀ ਹੋਈ ਮਾਂ ਲਕਸ਼ਮੀ ਬੋਲੀ ਕਿ ਉਸ ਦਾ ਬੇਟਾ ਕਈ ਸਾਲ ਤੋਂ ਨਸ਼ਿਆਂ ਦਾ ਆਦੀ ਸੀ ਪਰ ਉਸ ਨੂੰ ਨਹੀਂ ਪਤਾ ਸੀ। ਜੇ ਉਸ ਨੂੰ ਪਤਾ ਹੁੰਦਾ ਤਾਂ ਉਹ ਆਪਣੇ ਪੁੱਤਰ ਨੂੰ ਕਦੇ ਵੀ ਮੌਤ ਦੇ ਮੂੰਹ ਵਿਚ ਨਾ ਜਾਣ ਦਿੰਦੀ। ਮਾਂ ਨੇ ਕਿਹਾ ਕਿ ਲਗਭਗ ਦੋ ਮਹੀਨੇ ਪਹਿਲਾਂ ਰਿੱਕੀ ਨੇ ਉਸ ਨੂੰ ਵਿਆਹ ਬਾਰੇ ਕਿਹਾ।
ਨਾਲ ਹੀ ਇਹ ਵੀ ਭਰੋਸਾ ਦਿੱਤਾ ਕਿ ਵਿਆਹ ਪਿੱਛੋਂ ਉਹ ਸਾਰੇ ਮਾੜੇ ਕੰਮ ਛੱਡ ਦੇਵੇਗਾ। ਇਸ 'ਤੇ ਮਾਂ ਨੇ ਉਸ ਦਾ ਵਿਆਹ ਬੜਿੰਗ ਦੀ ਰਹਿਣ ਵਾਲੀ ਇਕ ਮੁਟਿਆਰ ਨਾਲ ਕਰ ਦਿੱਤਾ। ਵਿਆਹ ਪਿੱਛੋਂ ਕਈ ਵਾਰ ਇੰਝ ਲੱਗਾ ਕਿ ਰਿੱਕੀ ਨੇ ਨਸ਼ੇ ਬਿਲਕੁਲ ਛੱਡ ਦਿੱਤੇ ਸਨ ਪਰ ਅਸਲ ਵਿਚ ਉਸ ਨੇ ਇੰਝ ਨਹੀਂ ਕੀਤਾ ਸੀ। ਨਸ਼ੇ ਕਾਰਨ ਉਸ ਨੂੰ ਕਾਲਾ ਪੀਲੀਆ ਹੋ ਗਿਆ, ਜੋ ਉਸ ਨੂੰ ਮੌਤ ਦੇ ਨੇੜੇ ਲੈ ਗਿਆ। ਮਾਂ ਨੇ ਕਿਹਾ ਕਿ ਮੇਰਾ ਬੇਟਾ ਬੁਰਾ ਨਹੀਂ ਸੀ ਪਰ ਮਾੜੀ ਸੰਗਤ ਨੇ ਉਸ ਨੂੰ ਬੁਰਾ ਬਣਾ ਦਿੱਤਾ।

ਨਾ ਮਹਿੰਦੀ ਉਤਰੀ, ਨਾ ਚੂੜਾ
ਰਿੱਕੀ ਦੀ ਪਤਨੀ ਨੂੰ ਲੱਗਾ ਕਿ ਉਸ ਦਾ ਪਤੀ ਹੁਣ ਸੁਧਰ ਗਿਆ ਹੈ। ਦੋਵੇਂ ਚੰਗੀ ਜ਼ਿੰਦਗੀ ਬਿਤਾ ਸਕਣਗੇ ਪਰ ਅਜੇ ਉਸ ਦੇ ਹੱਥਾਂ ਵਿਚੋਂ ਮਹਿੰਦੀ ਅਤੇ ਵਿਆਹ ਦਾ ਚੂੜਾ ਨਹੀਂ ਉਤਰਿਆ ਸੀ ਕਿ ਰਿੱਕੀ ਉਸ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ। ਸਾਹਮਣੇ ਪਈ ਪਤੀ ਦੀ ਲਾਸ਼ ਦੇਖ ਕੇ ਵੀ ਉਸ ਨੂੰ ਮੌਤ 'ਤੇ ਭਰੋਸਾ ਨਹੀਂ ਹੋ ਰਿਹਾ ਸੀ। ਉਹ ਬੇਹੱਦ ਗਮਗੀਨ ਸੀ। ਪੇਕੇ ਪਰਿਵਾਰ ਵਾਲੇ ਉਸ ਨੂੰ ਸੰਭਾਲ ਰਹੇ ਸਨ।
ਮੌਕੇ 'ਤੇ ਪੁੱਜੇ ਏ. ਡੀ. ਸੀ. ਤੇ ਡੀ. ਸੀ. ਪੀ.
ਰਿੱਕੀ ਦੀ ਨਸ਼ੇ ਕਾਰਨ ਹੋਈ ਮੌਤ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਜਨਰਲ ਜਸਵੀਰ ਸਿੰਘ ਅਤੇ ਡੀ. ਸੀ. ਪੀ. ਰਾਜਿੰਦਰ ਸਿੰਘ ਮ੍ਰਿਤਕ ਰਿੱਕੀ ਦੇ ਘਰ ਪੁੱਜੇ। ਉਨ੍ਹਾਂ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਰਿੱਕੀ ਨਸ਼ਾ ਜ਼ਰੂਰ ਕਰਦਾ ਸੀ ਪਰ ਵਿਆਹ ਪਿੱਛੋਂ ਉਸ ਨੇ ਨਸ਼ੇ ਕਰਨੇ ਛੱਡ ਦਿੱਤੇ ਸਨ।
ਪੁਲਸ ਨੇ ਨਹੀਂ ਕੀਤੀ ਕੋਈ ਕਾਨੂੰਨੀ ਕਾਰਵਾਈ
ਰਿੱਕੀ ਦੀ ਮੌਤ ਨੂੰ ਲੈ ਕੇ ਪੁਲਸ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਇਸ ਕਾਰਨ ਸ਼ਨੀਵਾਰ ਸ਼ਾਮ ਵੇਲੇ ਰਾਮਬਾਗ ਵਿਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਸੀ ਕਿ ਰਿੱਕੀ ਦੀ ਮੌਤ ਬੀਮਾਰੀ ਕਾਰਨ ਹੋਈ ਹੈ ਅਤੇ ਪੁਲਸ ਦੀ ਕਾਰਵਾਈ ਨਹੀਂ ਬਣਦੀ। ਅੰਤਿਮ ਸੰਸਕਾਰ ਸਮੇਂ ਮ੍ਰਿਤਕ ਦਾ ਪਿਤਾ ਵਿਜੇ ਕੁਮਾਰ, ਮਾਂ ਲਕਸ਼ਮੀ, ਭਰਾ ਜੈਪਾਲ, ਮ੍ਰਿਤਕ ਦੀ ਪਤਨੀ ਅਮਨ ਅਤੇ ਪਰਿਵਾਰ ਦੇ ਹੋਰ ਲੋਕ ਮੌਜੂਦ ਸਨ।

ਭਰਾ ਕੱਪੜਿਆਂ ਦੀ ਦੁਕਾਨ 'ਤੇ ਕਰਦਾ ਹੈ ਕੰਮ, ਭੈਣ ਹੈ ਵਿਦੇਸ਼ 'ਚ
ਰਿੱਕੀ ਦਾ ਭਰਾ ਜੈਪਾਲ ਕੈਂਟ ਵਿਚ ਹੀ ਕੱਪੜਿਆਂ ਦੀ ਇਕ ਦੁਕਾਨ 'ਤੇ ਕੰਮ ਕਰਦਾ ਹੈ, ਜਦਕਿ ਭੈਣ ਵਿਦੇਸ਼ ਵਿਚ ਰਹਿੰਦੀ ਹੈ। ਮਾਤਾ-ਪਿਤਾ ਦੋਵੇਂ ਹੀ ਕੈਂਟ ਬੋਰਡ ਵਿਚ ਕੰਮ ਕਰਦੇ ਹਨ। ਭੈਣ ਨੂੰ ਰਿੱਕੀ ਦੀ ਮੌਤ ਬਾਰੇ ਨਹੀਂ ਦੱਸਿਆ ਗਿਆ।
ਜਿਸ ਨਾਲ ਕੀਤਾ ਵਿਆਹ, ਉਸ ਨੇ ਹੀ ਕਰਵਾਇਆ ਸੀ ਜਬਰ-ਜ਼ਨਾਹ ਦਾ ਕੇਸ ਦਰਜ
ਰਿੱਕੀ ਨੇ ਬੜਿੰਗ ਦੀ ਰਹਿਣ ਵਾਲੀ ਜਿਸ ਮੁਟਿਆਰ ਨਾਲ ਵਿਆਹ ਕਰਵਾਇਆ ਸੀ, ਉਸ ਨੇ ਹੀ ਥਾਣਾ ਕੈਂਟ ਵਿਚ ਰਿੱਕੀ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਰਿੱਕੀ ਦੇ ਵਿਆਹ ਕਰਨ ਲਈ ਰਾਜ਼ੀ ਹੋਣ ਕਾਰਨ ਉਸ ਨੂੰ ਇਸ ਕੇਸ ਵਿਚ ਰਾਹਤ ਮਿਲ ਗਈ ਸੀ। ਮੁਟਿਆਰ ਨੇ ਵਿਆਹ ਪਿੱਛੋਂ ਆਪਣਾ ਕੇਸ ਵਾਪਸ ਲੈ ਲਿਆ ਸੀ।
ਨਸ਼ਾ ਨਾ ਮਿਲਣ ਕਾਰਨ ਨੌਜਵਾਨ ਨੇ ਲਿਆ ਫਾਹਾ
NEXT STORY