ਟਾਂਡਾ ਉੜਮੁੜ (ਜਸਵਿੰਦਰ,ਵਰਿੰਦਰ ਪੰਡਿਤ)— ਰੋਜ਼ੀ-ਰੋਟੀ ਕਮਾਉਣ ਲਈ ਮਸਕਟ 'ਚ ਪਿੰਡ ਲੋਧੀ ਚੱਕ ਦੇ ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਪ੍ਰਵੀਨ ਕੁਮਾਰ ਦੇ ਰੂਪ 'ਚ ਹੋਈ ਹੈ, ਜੋਕਿ ਟਾਂਡਾ ਦੇ ਲੋਧੀ ਚੱਕ ਦਾ ਰਹਿਣ ਵਾਲਾ ਸੀ। ਇਹ ਸੜਕ ਹਾਦਸਾ ਮਸਕਟ ਦੇ ਸ਼ਹਿਰ ਸਵੀਕ ਸਵਾਈਆਂ 'ਚ ਵਾਪਰਿਆ।
ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਗਿਆ ਸੀ ਵਿਦੇਸ਼
ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਵੀਨ ਕੁਮਾਰ ਦੇ ਪਿਤਾ ਓਮ ਪ੍ਰਕਾਸ਼ ਅਤੇ ਮਾਤਾ ਕਮਲੇਸ਼ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਘਰ ਦੀ ਗਰੀਬੀ ਦੇ ਚਲਦਿਆਂ ਰੋਜ਼ੀ-ਰੋਟੀ ਕਮਾਉਣ ਲਈ ਮਸਕਟ 'ਚ ਇਕ ਅਰਬ ਦੀ ਕੰਪਨੀ 'ਚ ਲੇਬਰ ਵਜੋਂ ਕੰਮ ਲਈ ਗਿਆ ਸੀ। ਉਥੇ ਉਸ ਨੇ ਡਟ ਕੇ ਕੰਮ ਕੀਤਾ ਅਤੇ ਅਤੇ ਘਰ ਕਾਫ਼ੀ ਪੈਸੇ ਵੀ ਭੇਜੇ। ਆਖਰੀ ਵਾਰ 18 ਜੁਲਾਈ ਨੂੰ ਫੋਨ ਆਇਆ ਕਿ ਉਹ ਠੀਕ-ਠਾਕ ਹੈ।
ਇਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਫੋਨ ਨਾ ਆਉਣ 'ਤੇ ਉਹ ਉਸ ਨਾਲ ਰਾਬਤਾ ਕਰਨ ਲਈ ਉਸ ਦੇ ਫੋਨ 'ਤੇ ਸੰਪਰਕ ਕਰਦੇ ਰਹੇ ਪਰ ਉਸ ਦਾ ਫੋਨ ਬੰਦ ਜਾ ਰਿਹਾ ਸੀ, ਜਿਸ ਦੇ ਚਲਦਿਆਂ ਪਰਿਵਾਰਕ ਮੈਂਬਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਆਪਣੇ ਪੁੱਤ ਦਾ ਪਤਾ ਕਰਨ ਲਈ ਪਰਿਵਾਰ ਨੇ ਹਰ ਤਰ੍ਹਾਂ ਦੇ ਹੱਥ ਕੰਡੇ ਅਪਨਾਏ। ਉਨ੍ਹਾਂ ਦੱਸਿਆ ਕਿ ਬੀਤੀ 8 ਅਗਸਤ ਨੂੰ ਘਰਾਲੇ ਦੇ ਇਕ ਵਿਅਕਤੀ ਰੇਸ਼ਮ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਉਥੇ ਮੌਤ ਹੋ ਗਈ ਸੀ। ਜਿਸ ਸਬੰਧੀ ਰੇਸ਼ਮ ਸਿੰਘ ਨੇ ਉਧਰੋਂ ਆਏ ਫੋਨ ਦਾ ਖੁਲਾਸਾ ਕਰਦਿਆਂ ਕੀਤਾ। ਇਸ ਗੱਲ ਦਾ ਪਤਾ ਚੱਲਦਿਆਂ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਗਿਆ।
ਮਾਪਿਆਂ ਦਾ ਇਕੋ-ਇਕ ਸੀ ਕਮਾਊ ਪੁੱਤਰ
ਜ਼ਿਕਰਯੋਗ ਹੈ ਕਿ ਉਕਤ ਪਰਿਵਾਰ ਦੇ ਦੋ ਲੜਕੇ ਸਨ, ਜਿਨ੍ਹਾਂ 'ਚੋਂ ਇਕ ਲੜਕੇ ਦੀ ਕਰੀਬ 5 ਸਾਲ ਪਹਿਲਾਂ ਮੌਤ ਹੋ ਗਈ ਸੀ ਉਹ ਕਰੀਬ 28 ਵਰ੍ਹਿਆਂ ਦਾ ਸੀ ਜਦ ਕਿ ਦੂਜੇ ਵਿਅਕਤੀ ਪ੍ਰਵੀਨ ਕੁਮਾਰ ਦੀ ਹੁਣ ਮੌਤ ਹੋ ਗਈ। ਇਹ ਕਰੀਬ 32 ਵਰ੍ਹਿਆਂ ਦਾ ਸੀ ਅਤੇ ਪਰਿਵਾਰ ਦਾ ਇਕੋ-ਇਕ ਕਮਾਊ ਪੁੱਤਰ ਸੀ, ਜਿਸ 'ਤੇ ਪਰਿਵਾਰ ਨੂੰ ਵੱਡੀਆਂ ਆਸਾਂ ਸਨ। ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਜਲਦੀ ਤੋਂ ਜਲਦੀ ਮੰਗਵਾਈ ਜਾਵੇ ਤਾਂ ਜੋ ਉਹ ਆਪਣੇ ਬੱਚੇ ਦੀਆਂ ਆਖਰੀ ਰਸਮਾਂ ਪੂਰੀਆਂ ਕਰ ਸਕਣ।
ਦੋਸਤਾਂ ਤੋਂ ਦੁਖੀ ਵਿਅਕਤੀ ਨੇ ਮੌਤ ਨੂੰ ਲਾਇਆ ਗਲੇ, ਖ਼ੁਦਕੁਸ਼ੀ ਨੋਟ 'ਚ ਲਿਖਿਆ ਦਰਦ
NEXT STORY