ਜਲੰਧਰ (ਮਹੇਸ਼)— ਇੰਡਸਟਰੀ ਏਰੀਆ 'ਚ ਸੋਮਵਾਰ ਨੂੰ ਸਵੇਰੇ ਸਾਬਕਾ ਭਾਜਪਾ ਕੌਂਸਲਰ ਕਮਲਜੀਤ ਸਿੰਘ ਬੇਦੀ ਦੇ ਪਲਾਟ ਦੇ ਬਾਹਰ ਕਤਲ ਹੋਏ ਬੱਚੇ ਦੀ ਮਿਲੀ ਲਾਸ਼ ਦੀ ਪਛਾਣ ਹੋ ਗਈ ਹੈ। ਇਸ ਦੀ ਪੁਸ਼ਟੀ ਥਾਣਾ 1 ਦੇ ਮੁਖੀ ਇੰਸ. ਰਛਮਿੰਦਰ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚਾ ਰੋਹਿਤ ਕੁਮਾਰ ਪੁੱਤਰ ਸ਼ਾਮਾ ਸਿੰਘ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਜਲੰਧਰ 'ਚ ਤੋਪੜੀ ਮੁਹੱਲਾ ਨੇੜੇ ਸ੍ਰੀ ਦੇਵੀ ਤਲਾਬ ਮੰਦਰ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ।
ਪਰਿਵਾਰ ਦੇ ਮੁਤਾਬਕ ਰੋਹਿਤ ਐਤਵਾਰ ਨੂੰ ਸਵੇਰੇ ਘਰ ਤੋਂ ਕੰਮ ਲਈ ਨਿਕਲਿਆ ਪਰ ਵਾਪਸ ਨਹੀਂ ਆਇਆ। ਉਨ੍ਹਾਂ ਉਸ ਦੀ ਕਈ ਜਗ੍ਹਾ ਤਲਾਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਬੀਤੇ ਦਿਨ ਅਖਬਾਰਾਂ 'ਚ ਉਸ ਦੀ ਤਸਵੀਰ ਆਉਣ 'ਤੇ ਉਨ੍ਹਾਂ ਨੇ ਉਸ ਦੀ ਸ਼ਨਾਖਤ ਕੀਤੀ। ਪਰਿਵਾਰ ਨੇ ਦੱਸਿਆ ਕਿ ਰੋਹਿਤ ਕਰੀਬ 20 ਦਿਨ ਪਹਿਲਾਂ ਟਾਂਡਾ ਫਾਟਕ ਦੇ ਨੇੜੇ ਕੰਮ 'ਤੇ ਲੱਗਾ ਸੀ। ਪੁਲਸ ਨੂੰ ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਸਿਰਫ ਇੰਨੇ ਹੀ ਬਿਆਨ ਦਿੱਤੇ ਹਨ।
ਹੱਤਿਆਰਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ: ਰੋਹਿਤ ਦੇ ਹੱਤਿਆਰਿਆਂ ਦਾ ਕੋਈ ਵੀ ਸੁਰਾਗ ਮੰਗਲਵਾਰ ਨੂੰ ਵੀ ਪੁਲਸ ਦੇ ਹੱਥ ਨਹੀਂ ਲੱਗਾ, ਹਾਲਾਂਕਿ ਉਸ ਦੀ ਪਛਾਣ ਹੋ ਜਾਣ ਤੋਂ ਬਾਅਦ ਪੁਲਸ ਇਸ ਗੱਲ ਦਾ ਦਾਅਵਾ ਕਰ ਰਹੀ ਹੈ ਕਿ ਇਸ ਵਾਰਦਾਤ ਨੂੰ ਜਲਦੀ ਟ੍ਰੇਸ ਕਰ ਲਿਆ ਜਾਵੇਗਾ। ਐੱਸ. ਐੱਚ. ਓ. ਰਛਮਿੰਦਰ ਸਿੰਘ ਨੇ ਕਿਹਾ ਕਿ ਪੁਲਸ ਰੋਹਿਤ ਘਰ ਤੋਂ ਜਿਸ ਰਸਤੇ ਕੰਮ 'ਤੇ ਨਿਕਲਿਆ, ਉਥੋਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਕਢਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਜਦ ਉਹ ਕੰਮ 'ਤੇ ਗਿਆ ਤਾਂ ਉਸ ਦੇ ਨਾਲ ਕੋਈ ਹੋਰ ਤਾਂ ਨਹੀਂ ਸੀ।
3 ਮੈਂਬਰੀ ਡਾਕਟਰਾਂ ਦੀ ਟੀਮ ਨੇ ਕੀਤਾ ਰੋਹਿਤ ਦਾ ਪੋਸਟਮਾਰਟਮ
ਥਾਣਾ ਨੰ. 1 ਦੇ ਇਲਾਕੇ 'ਚ ਕਤਲ ਹੋਏ ਰੋਹਿਤ ਕੁਮਾਰ ਨਾਮਕ ਬੱਚੇ ਦਾ ਮੰਗਲਵਾਰ ਪੁਲਸ ਨੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ, ਜੋ ਕਿ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਨੇ ਕੀਤਾ, ਜਿਨ੍ਹਾਂ 'ਚ ਡਾ. ਅਭਿਸ਼ੇਕ ਸੱਚਰ, ਡਾ. ਭੁਪਿੰਦਰ ਸਿੰਘ ਤੇ ਡਾ. ਸੁਖਜਿੰਦਰ ਸਿੰਘ ਸ਼ਾਮਲ ਸਨ। ਡਾਕਟਰਾਂ ਮੁਤਾਬਕ ਰੋਹਿਤ ਦੇ ਸਿਰ ਤੇ ਪੂਰੇ ਸਰੀਰ 'ਤੇ ਕੁਲ 22 ਜ਼ਖਮ ਮਿਲੇ, ਜਦਕਿ ਉਸ ਦਾ ਕਿਸੇ ਰੱਸੀ ਜਾਂ ਕੱਪੜੇ ਨਾਲ ਗਲਾ ਜ਼ੋਰ ਨਾਲ ਦਬਾਇਆ ਗਿਆ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਸ ਨੇ ਲਾਸ਼ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਪੰਜਾਬ ਵਿਧਾਨ ਸਭਾ 'ਚ ਕਾਲੀਆਂ ਵਰਦੀਆਂ ਪਾ ਪੁੱਜੇ ਅਕਾਲੀ, ਜਾਣੋ ਕਾਰਨ (ਵੀਡੀਓ)
NEXT STORY