ਜਲੰਧਰ (ਵਰੁਣ)- ਜਲੰਧਰ ਦੀ ਮਸ਼ਹੂਰ ਬਰਲਟਨ ਪਾਰਕ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬਰਲਟਨ ਪਾਰਕ ਵਿਚ ਮਕਸੂਦਾਂ ਸਬਜ਼ੀ ਮੰਡੀ ਵਿਚ ਕੰਮ ਕਰਨ ਵਾਲੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਸੱਤਾ ਘੁਮਾਣ ਵਜੋਂ ਹੋਈ ਹੈ, ਜੋਕਿ ਵੇਰਕਾ ਮਿਲਕ ਪਲਾਂਟ ਦਾ ਰਹਿਣ ਵਾਲਾ ਸੀ। ਸੱਤਾ ਸਬਜ਼ੀ ਮੰਡੀ ਵਿਚ ਠੇਕੇਦਾਰੀ ਦਾ ਕੰਮ ਕਰਦਾ ਸੀ। ਸੱਤਾ ਦੀ ਲਾਸ਼ ਖ਼ੂਨ ਨਾਲ ਲਥਪਥ ਬਰਲਟਨ ਪਾਰਕ ਵਿਚੋਂ ਮਿਲੀ ਹੈ।
ਸ਼ੁੱਕਰਵਾਰ ਦੇਰ ਰਾਤ ਮਕਸੂਦਾਂ ਮੰਡੀ ’ਚ ਨਾਜਾਇਜ਼ ਠੇਕੇਦਾਰੀ ਅਤੇ ਵਸੂਲੀ ਨੂੰ ਸੰਭਾਲਣ ਲਈ ਹੋਏ ਝਗੜੇ ’ਚ ਹਾਲ ਹੀ ’ਚ ‘ਆਪ’ ਵੱਲੋਂ ਬਣਾਏ ਇਕ ਕਾਲਜ ਦੇ ਮੀਤ ਪ੍ਰਧਾਨ ਅਤੇ ਉਸ ਦੇ ਸਾਥੀਆਂ ਨੇ ਮੌਜੂਦਾ ਠੇਕੇਦਾਰ ਸਵਤੰਤਰਜੀਤ ਸਿੰਘ ਉਰਫ਼ ਸੱਤਾ ਘੁੰਮਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਕਾਤਲਾਂ ਨੇ ਲਾਸ਼ ’ਤੇ ਸ਼ਰਾਬ ਸੁੱਟੀ ਅਤੇ ਉਸ ਦੀ ਐਕਟਿਵਾ ਨੂੰ ਲਾਸ਼ ਦੇ ਉੱਪਰ ਰੱਖ ਦਿੱਤਾ ਤਾਂ ਕਿ ਮਾਮਲਾ ਐਕਸੀਡੈਂਟ ਦਾ ਲੱਗੇ। ਝਗੜੇ ਦੌਰਾਨ ਸਕਿਓਰਿਟੀ ਗਾਰਡ ਨੇ ਫੋਨ ਕਰਕੇ ਸੱਤਾ ਨੂੰ ਦੱਸਿਆ ਕਿ ਉਸ ਨੂੰ ਕੁਝ ਨੌਜਵਾਨ ਕਿਡਨੈਪ ਕਰਕੇ ਬਰਲਟਨ ਪਾਰਕ ਲੈ ਆਏ ਹਨ। ਉਹ ਤੁਰੰਤ ਮੌਕੇ 'ਤੇ ਪਹੁੰਚਿਆ ਸੀ। ਮੌਕੇ 'ਤੇ ਝਗੜੇ ਦੌਰਾਨ ਬਰਲਟਨ ਪਾਰਕ ਵਿਚ ਨੌਜਵਾਨਾਂ ਨੇ ਸੱਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਮੌਤ ਦੇ ਘਾਟ ਉਤਾਰੇ ਗਏ ਨੌਜਵਾਨ ਸੱਤਾ ਦਾ ਪਿਤਾ ਆਰਮੀ ਤੋਂ ਕੈਪਟਨ ਰਿਟਾਇਰਡ ਹਨ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਦੋ ਦਿਨਾਂ ਦੇ ਅੰਦਰ ਜਲੰਧਰ ਸ਼ਹਿਰ ਵਿਚ ਇਹ ਦੂਜਾ ਕਤਲ ਹੈ। ਬੀਤੇ ਦਿਨ ਵੀ ਦੋਮੋਰੀਆ ਪੁਲ ਦੇ ਕੋਲ ਲੁਟੇਰਿਆਂ ਨੇ ਲੁੱਟਖੋਹ ਦੀ ਨੀਅਤ ਨਾਲ ਪ੍ਰਵਾਸੀ ਵਿਅਕਤੀ ਦਾ ਕਤਲ ਕਰ ਦਿੱਤਾ ਸੀ।
ਦੇਰ ਰਾਤ ਪੁਲਸ ਨੂੰ ਜਦੋਂ ਇਸ ਕਤਲ ਦਾ ਪਤਾ ਲੱਗਾ ਤਾਂ ਪੁਲਸ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਤੜਕੇ ਸੱਤਾ ਘੁੰਮਣ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ। ਥਾਣਾ ਨੰ. 1 ’ਚ ਮੀਤ ਪ੍ਰਧਾਨ ਨਿਤਿਸ਼ ਉਰਫ਼ ਗੁੱਲੀ ਸਮੇਤ ਅੱਧੀ ਦਰਜਨ ਲੋਕਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀ. ਪੀ. ਕੁਲਦੀਪ ਸਿੰਘ ਚਾਹਲ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਹਨ, ਜਿਹੜੀਆਂ ਮੁਲਜ਼ਮਾਂ ਦੀ ਭਾਲ ’ਚ ਜੁਟੀਆਂ ਹਨ। ਜੂਡੋ ਦਾ ਖਿਡਾਰੀ ਰਿਹਾ ਸੱਤਾ ਘੁੰਮਣ (38) ਪੁੱਤਰ ਮੋਹਨ ਸਿੰਘ ਨਿਵਾਸੀ ਬੈਂਕ ਕਾਲੋਨੀ ਪਿਛਲੇ 14 ਸਾਲਾਂ ਤੋਂ ਮਕਸੂਦਾਂ ਮੰਡੀ ’ਚ ਚੌਕੀਦਾਰਾਂ ਨੂੰ ਠੇਕੇਦਾਰੀ ’ਤੇ ਰੱਖਦਾ ਸੀ। ਇੰਡੀਅਨ ਆਰਮੀ ਦੇ ਸਾਬਕਾ ਕੈਪਟਨ ਸੱਤਾ ਦੇ ਪਿਤਾ ਮੋਹਨ ਸਿੰਘ ਨੇ ਦੱਸਿਆ ਕਿ ਕਾਫ਼ੀ ਸਾਲ ਪਹਿਲਾਂ ਉਹ ਲੜਾਈ-ਝਗੜਾ ਕਰਦਾ ਸੀ ਪਰ ਜਦੋਂ ਤੋਂ ਉਹ ਮਕਸੂਦਾਂ ਮੰਡੀ ’ਚ ਕੰਮ ਕਰਨ ਲੱਗਾ ਸੀ, ਉਸ ਨੇ ਸਭ ਕੁਝ ਛੱਡ ਦਿੱਤਾ ਸੀ ਤੇ ਸਿਰਫ ਆਪਣੇ ਕੰਮ ’ਤੇ ਫੋਕਸ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਸੱਤਾ ਖਾਣਾ ਖਾ ਕੇ ਹੀ ਹਟਿਆ ਸੀ ਕਿ ਸਾਢੇ 9 ਵਜੇ ਉਸ ਨੂੰ ਫੋਨ ਆਇਆ, ਜਿਸ ਤੋਂ ਬਾਅਦ ਉਹ ਬਾਹਰ ਜਾਣ ਲੱਗਾ ਤਾਂ ਪੁੱਛਣ ’ਤੇ ਉਸ ਨੇ ਕਿਹਾ ਕਿ ਮੰਡੀ ’ਚ ਨਵਾਂ ਚੌਂਕੀਦਾਰ ਰੱਖਿਆ ਹੈ, ਜਿਸ ਨੂੰ ਕੰਮ ਸਮਝ ਨਹੀਂ ਆ ਰਿਹਾ। ਉਹ ਉਸ ਨੂੰ ਸਮਝਾ ਕੇ ਜਲਦ ਵਾਪਸ ਆ ਜਾਵੇਗਾ, ਜਿਉਂ ਹੀ ਸੱਤਾ ਮੰਡੀ ਦੇ ਗੇਟ ਨੇੜੇ ਪੁੱਜਾ ਤਾਂ ਕਾਰ ਸਵਾਰ ਕੁਝ ਲੋਕ ਚੌਂਕੀਦਾਰ ਨੂੰ ਕੁੱਟ ਰਹੇ ਸਨ। ਸੱਤਾ ਨੇ ਤੁਰੰਤ ਉਥੇ ਜਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਪਿਸਤੌਲ ਲਹਿਰਾਉਂਦੇ ਹੋਏ ਉਥੋਂ ਨਿਕਲ ਗਏ। ਸੱਤਾ ਨੇ ਆਪਣੀ ਐਕਟਿਵਾ ’ਤੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਾਰ ’ਚ ਨਿਤਿਸ਼ ਉਰਫ਼ ਗੁੱਲੀ ਅਤੇ ਉਸ ਦੇ ਸਾਥੀ ਸਨ। ਮੁਲਜ਼ਮਾਂ ਨੇ ਕਾਰ ਬਰਲਟਨ ਪਾਰਕ ਵੱਲ ਮੋੜ ਲਈ, ਜਦਕਿ ਸੱਤਾ ਉਨ੍ਹਾਂ ਦੇ ਪਿੱਛੇ ਹੀ ਸੀ, ਜਿਉਂ ਹੀ ਕਾਰ ਹਾਕੀ ਸਟੇਡੀਅਮ ਨੇੜੇ ਪੁੱਜੀ ਤਾਂ ਚਾਲਕ ਨੇ ਕਾਰ ਰੋਕ ਲਈ ਅਤੇ ਕਾਰ ਸਵਾਰਾਂ ਨੇ ਸੱਤਾ ਨੂੰ ਘੇਰ ਲਿਆ। ਉਨ੍ਹਾਂ ਨੇ ਸੱਤਾ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਭ ਤੋਂ ਪਹਿਲਾਂ ਸੱਤਾ ਘੁੰਮਣ ਦੀਆਂ ਲੱਤਾਂ ’ਤੇ ਤੇਜ਼ਧਾਰ ਹਥਿਆਰ ਮਾਰ ਕੇ ਦੋਵੇਂ ਲੱਤਾਂ ਤੋੜ ਦਿੱਤੀਆਂ ਅਤੇ ਫਿਰ ਉਸ ਦੇ ਸਿਰ ’ਤੇ ਵੀ ਤੇਜ਼ਧਾਰ ਹਥਿਆਰ ਮਾਰੇ। ਉਸ ਨੂੰ ਅੱਧਮਰਿਆ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਦੋਬਾਰਾ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਨਵੇਂ ਚੌਕੀਦਾਰ ਨੂੰ ਲੈ ਕੇ ਵੀ ਚਰਚਾ ਸੀ ਕਿ ਉਹ ਵੀ ਗਾਇਬ ਹੈ। ਦੇਰ ਰਾਤ ਰਾਹਗੀਰਾਂ ਨੇ ਲਾਸ਼ ਦੇਖ ਕੇ ਪੁਲਸ ਕੰਟਰੋਲ ਰੂਮ ’ਚ ਸੂਚਨਾ ਦਿੱਤੀ। ਮੌਕੇ ’ਤੇ ਪੁਲਸ ਅਧਿਕਾਰੀ ਪੁੱਜੇ। ਪੌਣੇ 5 ਵਜੇ ਸੀ. ਆਈ. ਏ. ਸਟਾਫ਼ ਦਾ ਮੁਲਾਜ਼ਮ ਸੱਤਾ ਦੇ ਘਰ ਪੁੱਜਾ ਅਤੇ ਉਸ ਦੇ ਪਿਤਾ ਨੂੰ ਸਾਰੀ ਘਟਨਾ ਬਾਰੇ ਦੱਸਿਆ। ਸੱਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ। ਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੱਤਾ ਨੇ ਕਦੀ ਵੀ ਨਹੀਂ ਦੱਸਿਆ ਕਿ ਉਸ ਦਾ ਕਿਸੇ ਨਾਲ ਝਗੜਾ ਸੀ। ਦੇਰ ਸ਼ਾਮ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਸ ਨੂੰ ਗੈਂਗਵਾਰ ਨਾ ਦੱਸ ਕੇ ਕਾਰੋਬਾਰੀ ਝਗੜਾ ਦੱਸਿਆ।
ਇਹ ਵੀ ਪੜ੍ਹੋ : ਮਕਾਨ ਬਣਾਉਣ ਲਈ ਸਸਤੀ ਰੇਤਾ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਅਹਿਮ ਖ਼ਬਰ
ਦੱਸਿਆ ਜਾ ਰਿਹਾ ਹੈ ਕਿ ਗੁੱਲੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ’ਚੋਂ ਛੁੱਟ ਕੇ ਆਇਆ ਸੀ, ਜਦਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਇਕ ਕਾਲਜ ਦਾ ਮੀਤ ਪ੍ਰਧਾਨ ਬਣਾਇਆ ਸੀ। ਹਾਲ ਹੀ ’ਚ ਕਾਲਜ ਦੇ ਪ੍ਰਧਾਨਾਂ ਨੇ ਸ੍ਰੀ ਗੁਰੂ ਰਵਿਦਾਸ ਨਗਰ ’ਚ ਪੈਟਰੋਲ ਪੰਪ ਕਰਮਚਾਰੀ ਸਤਨਾਮ ਲਾਲ ਅਤੇ ਉਸ ਦੇ ਬੇਟੇ ਨਿਤਿਨ ’ਤੇ ਗੋਲੀਆਂ ਚਲਾਈਆਂ ਸਨ। ਕ੍ਰਿਮੀਨਲ ਪ੍ਰਧਾਨਾਂ ਕਾਰਨ ਸ਼ਹਿਰ ਦੀ ਅਮਨ-ਸ਼ਾਂਤੀ ਲਗਾਤਾਰ ਵਿਗੜਦੀ ਜਾ ਰਹੀ ਹੈ।
ਕੁਝ ਸਮਾਂ ਪਹਿਲਾਂ ਹੋਏ ਭਾਈਵਾਲ ਦੇ ਝਗੜੇ ’ਚ ਗਿਆ ਸੀ ਸੱਤਾ
ਸੂਤਰਾਂ ਦੀ ਮੰਨੀਏ ਤਾਂ ਸੱਤਾ ਦੇ ਮੰਡੀ ਦੇ ਕੰਮ ’ਚ ਭਾਈਵਾਲ ਦਾ ਇਕ ਝਗੜਾ ਹੋਇਆ ਸੀ, ਜਿਸ ਨਾਲ ਝਗੜਾ ਹੋਇਆ ਸੀ, ਉਹ ਨਿਤਿਸ਼ ਗੁੱਲੀ ਦਾ ਸਾਥੀ ਸੀ। ਸੱਤਾ ਨੇ ਉਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਉਸੇ ਨੇ ਆਪਣੇ ਸਾਥੀ ਗੁੱਲੀ ਨੂੰ ਕਿਹਾ ਕਿ ਉਹ ਮੰਡੀ ਦੇ ਕੰਮ ’ਚ ਦਖਲ ਦੇਵੇ ਕਿਉਂਕਿ ਇਸ ’ਚ ਪੈਸਾ ਬਹੁਤ ਹੈ। ਸਿਆਸੀ ਸਰਪ੍ਰਸਤੀ ਹੋਣ ਕਾਰਨ ਬਿਨਾਂ ਕਿਸੇ ਖੌਫ ਦੇ ਗੁੱਲੂ ਮੰਡੀ ’ਚੋਂ ਵਸੂਲੀ ਕਰਨ ਲਈ ਹੱਥ-ਪੈਰ ਮਾਰਨ ਲੱਗਾ, ਜਿਸ ਦਾ ਨਤੀਜਾ ਸੱਤਾ ਘੁੰਮਣ ਦੀ ਹੱਤਿਆ ਵਜੋਂ ਨਿਕਲਿਆ।
ਪਸ਼ੂ ਪ੍ਰੇਮੀ ਦੇ ਨਾਲ-ਨਾਲ ਸੋਸ਼ਲ ਵਰਕਰ ਵੀ ਸੀ ਸੱਤਾ
ਸੱਤਾ ਦੇ ਪਿਤਾ ਮੋਹਨ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਜੇਕਰ ਕੋਈ ਜਾਨਵਰ ਤਕਲੀਫ ’ਚ ਜਾਂ ਬੀਮਾਰ ਮਿਲਦਾ ਸੀ ਤਾਂ ਉਹ ਆਪਣੇ ਜੇਬ ’ਚੋਂ ਖਰਚਾ ਕਰ ਕੇ ਉਸ ਦਾ ਇਲਾਜ ਕਰਵਾਉਂਦਾ ਸੀ, ਜੇਕਰ ਕਿਸੇ ਦਾ ਐਕਸੀਡੈਂਟ ਹੋ ਜਾਵੇ ਤਾਂ ਮਦਦ ਲਈ ਵੀ ਤਿਆਰ ਰਹਿੰਦਾ ਸੀ ਪਰ ਅਜਿਹੇ ਬੇਟੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਕਾਫ਼ੀ ਸਾਲ ਪਹਿਲਾਂ ਸੱਤਾ ਨੂੰ ਇਕ ਝਗੜੇ ਦੌਰਾਨ ਗੋਲੀਆਂ ਲੱਗੀਆਂ ਸਨ ਪਰ ਉਦੋਂ ਕਾਫ਼ੀ ਮੁਸ਼ਕਲ ਨਾਲ ਉਸ ਨੂੰ ਮੌਤ ਦੇ ਮੂੰਹ ’ਚੋਂ ਬਾਹਰ ਕੱਢਿਆ ਗਿਆ ਸੀ।
ਕਾਲਜ ਦਾ ਪ੍ਰਧਾਨ ਨਿਯੁਕਤ ਕਰਨ ਵਾਲੇ ਆਗੂ ਨੇ ਫੇਸਬੁੱਕ ਤੋਂ ਹਟਾਈ ਪੋਸਟ
ਜਲੰਧਰ ਦੇ ਕਾਲਜਾਂ ਦੇ ਪ੍ਰਧਾਨ, ਚੇਅਰਮੈਨ ਤੇ ਮੀਤ ਪ੍ਰਧਾਨ ਬਣਨ ’ਤੇ ਆਪਣੀਆਂ ਅਹੁਦੇਦਾਰਾਂ ਨਾਲ ਫੋਟੋਆਂ ਪੋਸਟ ਕਰਨ ਵਾਲੇ ਆਗੂ ਨੇ ਸੱਤਾ ਹੱਤਿਆਕਾਂਡ ਤੋਂ ਬਾਅਦ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ। ਉਨ੍ਹਾਂ ਫੋਟੋਆਂ ’ਚ ਨਿਤਿਸ਼ ਉਰਫ ਗੁੱਲੀ ਦਾ ਨਾਂ ਸਿਰਫ਼ ਨਿਤਿਸ਼ ਲਿਖਿਆ ਹੋਇਆ ਹੈ, ਹਾਲਾਂਕਿ ਇਹ ਪੋਸਟ ਕਈ ਲੋਕਾਂ ਨੇ ਸੇਵ ਕਰਕੇ ਰੱਖ ਲਈ ਸੀ ਪਰ ਸਵਾਲ ਇਹ ਹੈ ਕਿ ਅਪਰਾਧਿਕ ਅਕਸ ਵਾਲੇ ਲੋਕਾਂ ਨੂੰ ਹੀ ਕਾਲਜਾਂ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ ਅਤੇ ਗਾਜ ਪੁਲਸ ’ਤੇ ਡੇਗ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਚੰਡੀਗੜ੍ਹ : 'ਰੋਜ਼ ਫੈਸਟੀਵਲ' 'ਚ ਹੈਲੀਕਾਪਟਰ ਦੇ ਝੂਟੇ ਲੈਣ ਵਾਲਿਆਂ ਨੂੰ ਨਿਰਾਸ਼ ਕਰ ਦੇਵੇਗੀ ਇਹ ਖ਼ਬਰ
NEXT STORY