ਫਗਵਾੜਾ (ਜਲੋਟਾ)- ਫਗਵਾੜਾ ਵਿਚ ਅਣਪਛਾਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਨ ਤੋਂ ਬਾਅਦ ਕਾਤਲਾਂ ਨੇ ਉਸ ਦੀ ਲਾਸ਼ ਪਿੰਡ ਚਹੇੜੂ ਰੇਲਵੇ ਸਟੇਸ਼ਨ ਦੇ ਨੇੜੇ ਸੁੱਟ ਦਿੱਤੀ। ਜਾਣਕਾਰੀ ਮੁਤਾਬਕ ਜਿਸ ਅਣਪਛਾਤੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ, ਉਸ ਦੇ ਸਿਰ 'ਤੇ ਕਾਤਲਾਂ ਨੇ ਬੇਰਹਿਮੀ ਨਾਲ ਤੇਜ਼ਧਾਰ ਦਾਤਰਾਂ ਨਾਲ ਕਈ ਵਾਰ ਕੀਤੇ ਹਨ। ਕਤਲ ਦਾ ਸ਼ਿਕਾਰ ਹੋਏ ਨੌਜਵਾਨ ਦੀ ਉਮਰ 24-25 ਸਾਲ ਦੇ ਆਸਪਾਸ ਜਾਪ ਰਹੀ ਹੈ ਅਤੇ ਉਸ ਦੀ ਇਕ ਬਾਂਹ 'ਤੇ ਅੰਗਰੇਜ਼ੀ ਵਿਚ ਨਾਮ ਲਿਖੇ ਹੋਏ ਸ਼ਬਦਾਂ ਨਾਲ ਟੈਟੂ ਆਦਿ ਬਣੇ ਹੋਏ ਹਨ।
ਇਹ ਵੀ ਪੜ੍ਹੋ: ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੱਡਾ ਬਿਆਨ, ਰਾਜ ਸਭਾ ’ਚ ਜਾਵਾਂਗਾ ਪਰ ਸਰਗਰਮ ਸਿਆਸਤ ਤੋਂ ਰਹਾਂਗਾ ਦੂਰ
ਪੁਲਸ ਚੌਂਕੀ ਰੇਲਵੇ ਸਟੇਸ਼ਨ ਫਗਵਾੜਾ ਦੇ ਮੁਖੀ ਏ. ਐੱਸ. ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਇਸ ਦੀ ਪਛਾਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਅਣਪਛਾਤੇ ਕਾਤਲਾਂ ਖ਼ਿਲਾਫ਼ ਧਾਰਾ 302,201,34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇੰਝ ਜਾਪ ਰਿਹਾ ਹੈ ਕਿ ਨੌਜਵਾਨ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਿਸੇ ਹੋਰ ਥਾਂ 'ਤੇ ਕਰਕੇ ਕਾਤਲਾਂ ਨੇ ਉਸ ਦੀ ਲਾਸ਼ ਨੂੰ ਪਿੰਡ ਚਹੇੜੂ ਰੇਲਵੇ ਸਟੇਸ਼ਨ ਨੇੜੇ ਲਾਵਾਰਸ ਥਾਂ 'ਤੇ ਸੋਚੇ ਸਮਝੇ ਪਲੈਨ ਮੁਤਾਬਕ ਸੁੱਟਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮੌਕੇ 'ਤੇ ਖ਼ੂਨ ਦੇ ਨਿਸ਼ਾਨ ਵੀ ਵੇਖਣ ਨੂੰ ਨਹੀਂ ਮਿਲੇ ਹਨ । ਉਨ੍ਹਾਂ ਕਿਹਾ ਕਿ ਨੌਜਵਾਨ ਦੇ ਸਿਰ 'ਤੇ ਤੇਜ਼ਧਾਰ ਦਾਤਰਾਂ ਨਾਲ ਬਹੁਤ ਹੀ ਬੇਰਹਿਮੀ ਨਾਲ ਕਈ ਡੂੰਘੇ ਵਾਰ ਕੀਤੇ ਗਏ ਹਨ। ਇਹ ਪੁੱਛੇ ਜਾਣ 'ਤੇ ਕਿ ਇਹ ਕਤਲ ਕਿਉਂ ਕੀਤਾ ਗਿਆ ਹੋ ਸਕਦਾ ਹੈ ਉਨ੍ਹਾਂ ਕਿਹਾ ਕਿ ਹਾਲੇ ਤੱਕ ਕੀਤੀ ਗਈ ਪੁਲਸ ਜਾਂਚ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਸ ਵੱਲੋਂ ਕਤਲ ਕੀਤੇ ਗਏ ਨੌਜਵਾਨ ਦੀ ਅਸਲ ਪਛਾਣ ਨੂੰ ਲੈ ਕੇ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਬਟਾਲਾ ’ਚ ਵਾਪਰੀ ਬੇਅਦਬੀ ਦੀ ਘਟਨਾ, ਘਰ 'ਚ ਫਟੇ ਮਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ
ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਹੋਣ ਤੋਂ ਬਾਅਦ ਪੁਲਸ ਅਗਲੀ ਕਾਰਵਾਈ ਨੂੰ ਅੰਜਾਮ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ 72 ਘੰਟੇ ਬੀਤਨ ਤੋਂ ਬਾਅਦ ਵੀ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਨਹੀਂ ਹੁੰਦੀ ਹੈ ਤਾਂ ਪੁਲਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਤੈਅਸ਼ੁਦਾ ਕਾਨੂੰਨ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਕਤਲ ਕੀਤਾ ਗਿਆ ਅਣਪਛਾਤਾ ਨੌਜਵਾਨ ਇਲਾਕੇ ਵਿਚ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਹੋਵੇ। ਇਸ ਦੌਰਾਨ ਫਗਵਾੜਾ ਦੇ ਪਿੰਡ ਚਹੇੜੂ ਅਤੇ ਆਸ-ਪਾਸ ਦੇ ਪਿੰਡਾਂ ਵਿਚ ਨੌਜਵਾਨ ਦੇ ਬਹੁਤ ਹੀ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਬਾਅਦ ਪਿੰਡ ਵਾਸੀਆਂ ਵਿਚ ਕਾਤਲਾਂ ਨੂੰ ਲੈ ਕੇ ਭਾਰੀ ਡਰ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਪੁਲਸ ਵੱਲੋਂ ਕਤਲਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਕਤਲ ਕਾਂਡ 'ਚ ਪੁਲਸ ਹੱਥ ਲੱਗੇ ਅਹਿਮ ਸੁਰਾਗ, ਗ੍ਰਿਫ਼ਤਾਰ ਮੁਲਜ਼ਮਾਂ ਤੋਂ ਖੁੱਲ੍ਹੀਆਂ ਹੋਰ ਪਰਤਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਐੱਸ.ਟੀ.ਐੱਫ ਵੱਲੋਂ 2 ਸਵਾਰ ਨੌਜਵਾਨ ਹੈਰੋਇਨ ਸਮੇਤ ਕਾਬੂ
NEXT STORY