ਲੁਧਿਆਣਾ (ਜ.ਬ.) : 22 ਸਾਲਾ ਇਕ ਨੌਜਵਾਨ ਨੇ ਮੰਗਲਵਾਰ ਨੂੰ ਜਲੰਧਰ ਬਾਈਪਾਸ ਕੋਲ ਚਿੜੀਆਘਰ ਦੇ ਪਾਰਕ ਵਿਚ ਕੀੜੇਮਾਰ ਦਵਾਈ ਨਿਗਲ ਲਈ। ਇਸ ਦੌਰਾਨ ਨੌਜਵਾਨ ਦੀ ਪ੍ਰੇਮਿਕਾ ਨੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਬਾਵਜੂਦ ਇਸ ਦੇ ਡਾਕਟਰ ਪ੍ਰੇਮੀ ਦੀ ਜਾਨ ਨਹੀਂ ਬਚਾ ਸਕੇ। ਅੱਜ ਦੋਵੇਂ ਵਿਆਹ ਕਰਨ ਵਾਲੇ ਸਨ। ਮ੍ਰਿਤਕ ਦੀ ਪਛਾਣ ਗਾਂਧੀ ਨਗਰ ਦੇ ਦੀਪਕ ਰਾਜਪੂਤ ਵਜੋਂ ਹੋਈ ਹੈ, ਜੋ ਥਾਣਾ ਦਰੇਸੀ ਵਿਚ ਵਾਲੰਟੀਅਰ ਵਜੋਂ ਤਾਇਨਾਤ ਸੀ। ਦੋਸ਼ ਹੈ ਕਿ ਇਕ ਨੌਜਵਾਨ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਕਥਿਤ ਤੌਰ ’ਤੇ ਗੁੰਮਰਾਹ ਕਰ ਕੇ ਪ੍ਰੇਮਿਕਾ ਖ਼ਿਲਾਫ਼ ਕਰ ਦਿੱਤਾ ਸੀ, ਜੋ ਇਸ ਵਿਆਹ ਦੇ ਲਈ ਸਹਿਮਤ ਨਹੀਂ ਸਨ।
ਇਹ ਵੀ ਪੜ੍ਹੋ : ਜਲੰਧਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਇਕ ਘੰਟੇ ਤਕ ਸੜਕ ’ਤੇ ਪਈ ਰਹੀ ਮੁੰਡੇ ਦੀ ਲਾਸ਼, ਲੋਕ ਬਣਾਉਂਦੇ ਰਹੇ ਵੀਡੀਓ
ਸ਼ਿਵਪੁਰੀ ਦੀ ਰਹਿਣ ਵਾਲੀ 24 ਸਾਲਾ ਮੇਘਾ ਨੇ ਦੱਸਿਆ ਕਿ ਉਹ ਚੌੜਾ ਬਾਜ਼ਾਰ ਵਿਚ ਇਕ ਸ਼ਾਪ ’ਤੇ ਕੰਮ ਕਰਦੀ ਹੈ। ਉਹ ਆਪਣੀ ਨਾਨੀ ਕੋਲ ਰਹਿੰਦੀ ਹੈ। ਉਸ ਦਾ 6 ਸਾਲ ਦਾ ਇਕ ਬੇਟਾ ਵੀ ਹੈ, ਉਸ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਚੁੱਕਾ ਹੈ। ਉਸ ਨੇ ਦੱਸਿਆ ਕਿ ਦੀਪਕ ਨਾਲ ਉਸ ਦੀ ਪਹਿਲੀ ਮੁਲਾਕਾਤ ਕਰੀਬ 6 ਮਹੀਨੇ ਪਹਿਲਾਂ ਹੋਈ ਸੀ। ਦੀਪਕ ਨੂੰ ਉਸ ਨੇ ਆਪਣੀ ਬੀਤੀ ਜ਼ਿੰਦਗੀ ਬਾਰੇ ਸਭ ਕੁਝ ਦੱਸ ਦਿੱਤਾ ਸੀ। ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਅੱਜ ਉਹ ਵਿਆਹ ਕਰਨ ਵਾਲੇ ਸਨ ਪਰ ਇਲਾਕੇ ਦੇ ਹੀ ਰਹਿਣ ਵਾਲੇ ਰਾਘਵ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਦੀਪਕ ਦੇ ਪਰਿਵਾਰ ਵਾਲਿਆਂ ਨੂੰ ਭੜਕਾ ਦਿੱਤਾ ਅਤੇ ਉਹ ਵਿਆਹ ਦੇ ਖ਼ਿਲਾਫ਼ ਹੋ ਗਏ। ਉਸ ਨੇ ਦੱਸਿਆ ਕਿ ਦੁਪਹਿਰ 3.15 ਵਜੇ ਉਸ ਨੂੰ ਦੀਪਕ ਦਾ ਫੋਨ ਆਇਆ ਕਿ ਉਹ ਜ਼ਹਿਰ ਨਿਗਲ ਕੇ ਜਾਨ ਦੇ ਰਿਹਾ ਹੈ। ਭੱਜ-ਦੌੜ ਵਿਚ ਐਕਟਿਵਾ ’ਤੇ ਉਹ ਟਾਈਗਰ ਸਫਾਰੀ ਦੇ ਚਿੜੀਆਘਰ ਵਿਚ ਪੁੱਜੀ। ਉਸ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਪਾਰਕ ਵਿਚ ਦੀਪਕ ਨੂੰ ਜ਼ਹਿਰ ਨਿਗਲ ਕੇ ਡਿੱਗਦੇ ਹੋਏ ਦੇਖਿਆ।
ਇਹ ਵੀ ਪੜ੍ਹੋ : ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ ’ਚ ਵੱਡਾ ਖ਼ੁਲਾਸਾ, ਫੋਨ ’ਚ ਮਿਲੀਆਂ ਵੀਡੀਓਜ਼ ਨੇ ਖੋਲ੍ਹੀ ਪਤਨੀ ਦੀ ਪੋਲ
ਮੇਘਾ ਨੇ ਦੱਸਿਆ ਕਿ ਉਸ ਨੇ 108 ਨੰਬਰ ’ਤੇ ਕਾਲ ਕਰਕੇ ਐਂਬੂਲੈਂਸ ਬੁਲਾਈ ਅਤੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੀਪਕ ਦੀ ਹਾਲਤ ਦੇਖ ਕੇ ਉਸ ਨੂੰ ਤੁਰੰਤ ਵੱਡੇ ਹਸਪਤਾਲ ਲਿਜਾਣ ਲਈ ਕਿਹਾ। ਇਸ ਸਥਿਤੀ ਵਿਚ ਉਹ ਬਹੁਤ ਘਬਰਾਈ ਹੋਈ ਸੀ ਅਤੇ ਖੁਦ ਨੂੰ ਲਾਚਾਰ ਮਹਿਸੂਸ ਕਰ ਰਹੀ ਸੀ। ਉਸ ਨੇ ਦੀਪਕ ਦੇ ਮਾਤਾ-ਪਿਤਾ ਨੂੰ ਕਈ ਵਾਰ ਕਾਲ ਕੀਤੀ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਅੰਤ ਵਿਚ ਉਸ ਨੇ ਦੀਪਕ ਦੇ ਜੀਜਾ ਮਨੂ ਨੂੰ ਫੋਨ ਕੀਤਾ, ਜੋ ਹਸਪਤਾਲ ਪੁੱਜਾ ਪਰ ਕੁਝ ਦੇਰ ਬਾਅਦ ਦੀਪਕ ਦੀ ਮੌਤ ਹੋ ਗਈ। ਹਸਪਤਾਲ ਸੂਤਰਾਂ ਦਾ ਕਹਿਣਾ ਹੈ ਕਿ ਦੀਪਕ ਨੇ ਜੋ ਕੀੜੇਮਾਰ ਦਵਾਈ ਨਿਗਲੀ ਸੀ, ਉਸ ਵਿਚ ਜ਼ਹਿਰ ਦੀ ਮਾਤਰਾ ਜ਼ਿਆਦਾ ਸੀ, ਜਿਸ ਕਾਰਨ ਉਹ ਬਚ ਨਹੀਂ ਸਕਿਆ।
ਇਹ ਵੀ ਪੜ੍ਹੋ : ਜਿਸ ਮਾਂ ਨੇ ਕੁੱਖੋਂ ਜੰਮਿਆ ਉਸੇ ਨਾਲ ਕਹਿਰ ਕਮਾ ਗਿਆ ਪੁੱਤ, ਹਥੌੜੇ ਮਾਰ ਬੇਰਹਿਮੀ ਨਾਲ ਕੀਤਾ ਕਤਲ
ਪਹਿਲਾਂ ਵੀ ਜਾਨ ਦੇਣ ਦਾ ਕੀਤਾ ਸੀ ਯਤਨ
ਮ੍ਰਿਤਕ ਦੇ ਜੀਜਾ ਮਨੂ ਨੇ ਸਿਵਲ ਹਸਪਤਾਲ ਵਿਚ ਮੀਡੀਆ ਨੂੰ ਦੱਸਿਆ ਕਿ ਰੱਖੜੀ ਤੋਂ ਕੁਝ ਦਿਨ ਪਹਿਲਾਂ ਵੀ ਦੀਪਕ ਨੇ ਖੁਦ ਦਾ ਐਕਸੀਡੈਂਟ ਕਰਕੇ ਆਪਣੀ ਜਾਨ ਦੇਣ ਦਾ ਯਤਨ ਕੀਤਾ ਸੀ, ਉਸ ਸਮੇਂ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਪਰ ਉਸ ਨੇ ਦੀਪਕ ਨੂੰ ਸਮਝਾਇਆ ਸੀ ਕਿ ਉਹ ਉਸ ਨਾਲ ਖੜ੍ਹਾ ਹੈ ਅਤੇ ਜਿਸ ਨਾਲ ਉਹ ਵਿਆਹ ਕਰਨਾ ਚਾਹੇਗਾ, ਉਸੇ ਨਾਲ ਹੋਵੇਗਾ। ਇਸ ਤੋਂ ਬਾਅਦ ਦੀਪਕ ਉਸ ਦੀ ਗੱਲ ਵੀ ਮੰਨ ਗਿਆ ਸੀ। ਉਸ ਨੇ ਦੱਸਿਆ ਕਿ ਦੀਪਕ 2 ਭੈਣਾਂ ਦਾ ਇਕਲੌਤਾ ਭਰਾ ਸੀ।
ਇਹ ਵੀ ਪੜ੍ਹੋ : ਪਟਿਆਲਾ ’ਚ ਵੱਡੀ ਵਾਰਦਾਤ, ਸਕੇ ਭਰਾਵਾਂ ਨੇ ਭੈਣਾਂ ਨੂੰ ਮਾਰੀਆਂ ਗੋਲ਼ੀਆਂ
ਰਾਘਵ ਨਾਲ ਹੋਇਆ ਸੀ ਝਗੜਾ
ਦੱਸਿਆ ਜਾਂਦਾ ਹੈ ਕਿ ਕੁਝ ਮਹੀਨੇ ਪਹਿਲਾਂ ਮੇਘਾ ਦਾ ਰਾਘਵ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਪਹਿਲਾਂ ਦੋਵਾਂ ਵਿਚ ਸਬੰਧ ਨਿੱਘੇ ਸਨ। ਝਗੜਾ ਇੰਨਾ ਵੱਧ ਗਿਆ ਸੀ ਕਿ ਦੇਰ ਰਾਤ ਨੂੰ ਪੁਲਸ ਬੁਲਾਉਣੀ ਪਈ ਸੀ। ਬਾਅਦ ਵਿਚ ਦੋਵੇਂ ਧਿਰਾਂ ਦਾ ਥਾਣੇ ਵਿਚ ਸਮਝੌਤਾ ਹੋ ਗਿਆ ਸੀ ਕਿਉਂਕਿ ਦੀਪਕ ਵਾਲੰਟੀਅਰ ਸੀ। ਉਸ ਨੇ ਇਸ ਕੇਸ ਵਿਚ ਮੇਘਾ ਦੀ ਮਦਦ ਕੀਤੀ ਸੀ, ਜਿਸ ਤੋਂ ਬਾਅਦ ਦੋਵੇਂ ਇਕ-ਦੂਜੇ ਦੇ ਕਰੀਬ ਆ ਗਏ ਸਨ।
ਪਰਿਵਾਰ ਵਾਲਿਆਂ ਨੇ ਲਾਇਆ ਕਤਲ ਦਾ ਦੋਸ਼
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੀਪਕ ਦਾ ਕਤਲ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਦੀਪਕ ਨੂੰ ਕਥਿਤ ਤੌਰ ’ਤੇ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਉਨ੍ਹਾਂ ਨੇ ਮੇਘਾ ਅਤੇ ਰਾਘਵ ’ਤੇ ਵੀ ਕਈ ਗੰਭੀਰ ਦੋਸ਼ ਲਗਾਏ ਹਨ। ਉਧਰ ਥਾਣਾ ਸਲੇਮ ਟਾਬਰੀ ਦੇ ਇੰਸਪੈਕਟਰ ਗੋਪਾਲ ਕ੍ਰਿਸ਼ਨ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੇਘਾ ਅਤੇ ਦੀਪਕ ਦੇ ਮੋਬਾਇਲ ਕਬਜ਼ੇ ਵਿਚ ਲੈ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਐੱਸ. ਐੱਫ. ਐੱਲ. ਭੇਜਿਆ ਜਾਵੇਗਾ। ਜਾਂਚ ਦੌਰਾਨ ਜੇਕਰ ਕੋਈ ਹੋਰ ਕਸੂਰਵਾਰ ਪਾਇਆ ਗਿਆ ਤਾਂ ਉਸ ਨੂੰ ਬਖਿਸ਼ਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਸਾਬਕਾ ਮੰਗੇਤਰ ਦੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ ’ਚ ਸਬ ਇੰਸਪੈਕਟਰ ’ਤੇ ਵੱਡੀ ਕਾਰਵਾਈ
ਤਫਤੀਸ਼ ਕਰਨ ਗਈ ਪੁਲਸ ਨਾਲ ਧੱਕਾ-ਮੁੱਕੀ
ਦੀਪਕ ਖੁਦਕੁਸ਼ੀ ਦੇ ਮਾਮਲੇ ਵਿਚ ਗਾਂਧੀ ਨਗਰ ਵਿਚ ਤਫਤੀਸ਼ ਕਰਨ ਲਈ ਗਈ ਸਲੇਮ ਟਾਬਰੀ ਪੁਲਸ ਨਾਲ ਦੇਰ ਰਾਤ ਦੋਸ਼ੀ ਰਾਘਵ ਦੇ ਪਰਿਵਾਰਕ ਮੈਂਬਰਾਂ ਨੇ ਧੱਕਾ- ਮੁੱਕੀ ਕੀਤੀ। ਜਿਸ ਵਿਚ ਥਾਣਾ ਇੰਚਾਰਜ ਗੋਪਾਲ ਕ੍ਰਿਸ਼ਨ ਦਾ ਮੋਬਾਇਲ ਡਿੱਗ ਗਿਆ, ਭਾਵੇਂਕਿ ਮੋਬਾਇਲ ਬਾਅਦ ਵਿਚ ਮਿਲ ਗਿਆ ਪਰ ਪੁਲਸ ਨੇ ਰਾਘਵ ਨੂੰ ਹਿਰਾਸਤ ਵਿਚ ਲੈ ਲਿਆ ਹੈ। ਗੋਪਾਲ ਨੇ ਦੱਸਿਆ ਕਿ ਉਹ ਪੁਲਸ ਟੀਮ ਨਾਲ ਖੁਦਕੁਸ਼ੀ ਦੇ ਮਾਮਲੇ ਵਿਚ ਤਹਿਕੀਕਾਤ ਕਰਨ ਲਈ ਗਏ। ਮ੍ਰਿਤਕ ਦਾ ਅਤੇ ਦੋਸ਼ੀ ਦਾ ਘਰ ਅੱਗੇ ਪਿੱਛੇ ਹੈ। ਪੁਲਸ ਇਸ ਮਾਮਲੇ ਵਿਚ ਰਾਘਵ ਦੇ ਪਿਤਾ ਦੀ ਭੂਮਿਕਾ ਦੀ ਪੜਤਾਲ ਕਰਨ ਗਈ ਸੀ ਪਰ ਮੁਲਜ਼ਮ ਦੇ ਪਰਿਵਾਰ ਵਾਲਿਆਂ ਨੇ ਹੰਗਾਮਾ ਕਰਦੇ ਹੋਏ ਪੁਲਸ ਟੀਮ ਨਾਲ ਹੱਥੋਪਾਈ ਕਰਦੇ ਹੋਏ ਸਰਕਾਰੀ ਡਿਊਟੀ ’ਚ ਵਿਘਨ ਪਾਇਆ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦੀਪਕ ਦਾ ਇਕ ਵੀਡੀਓ ਮੈਸੇਜ ਮਿਲਿਆ ਹੈ, ਜਿਸ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਰਾਘਵ ਨੂੰ ਠਹਿਰਾਇਆ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਹੁਰਾ ਪਰਿਵਾਰ ਤੋਂ ਦੁਖੀ ਜਵਾਈ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸਾਲ ਪਹਿਲਾਂ ਹੋਇਆ ਸੀ ਵਿਆਹ
NEXT STORY