ਮੋਗਾ (ਆਜ਼ਾਦ) - ਥਾਣਾ ਸਿਟੀ ਸਾਊਥ ਮੋਗਾ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਕਾਰ 'ਚ ਬੈਠ ਕੇ ਜਬਰ-ਜ਼ਨਾਹ ਦੇ ਕਥਿਤ ਦੋਸ਼ੀ ਸਾਬਕਾ ਫੌਜੀ ਦੇ ਬੇਟੇ ਕੋਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਿਸ ਨੂੰ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਸਸਪੈਂਡ ਕਰ ਦਿੱਤਾ ਗਿਆ।
ਕੀ ਹੈ ਸਾਰਾ ਮਾਮਲਾ
ਜਾਣਕਾਰੀ ਅਨੁਸਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਵੀਰਪ੍ਰੀਤ ਸਿੰਘ ਨਿਵਾਸੀ ਪਿੰਡ ਖੋਸਾ ਕੋਟਲਾ ਨੇ ਕਿਹਾ ਕਿ ਮੈਨੂੰ 15 ਸਾਲ ਦੀ ਉਮਰ 'ਚ ਮੇਰੇ ਤਾਇਆ ਗੁਰਦੇਵ ਸਿੰਘ ਨੇ ਗੋਦ ਲਿਆ ਸੀ ਜਦਕਿ ਮੇਰਾ ਅਸਲੀ ਪਿਤਾ ਵੀਰ ਸਿੰਘ ਸਾਬਕਾ ਫੌਜੀ ਹੈ। ਪੰਜਾਬ ਸਰਕਾਰ ਵੱਲੋਂ ਮੇਰੇ ਪਿਤਾ ਨੂੰ ਸਾਬਕਾ ਫੌਜੀ ਹੋਣ ਕਰਕੇ ਗਾਰਡੀਨੈਂਸ ਆਫ ਗਵਰਨੈਂਸ (ਜੀ. ਓ. ਜੀ.) ਨਿਯੁਕਤ ਕੀਤਾ ਗਿਆ ਸੀ। ਮੇਰੇ ਪਿਤਾ ਨੇ ਪਿੰਡ ਦੀ ਮੌਜੂਦਾ ਪੰਚਾਇਤ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਦੀ ਅਸੈੱਸਮੈਂਟ ਕਰਵਾਈ ਸੀ, ਜਿਸ 'ਚ ਕਾਫੀ ਘਪਲਾ ਸਾਹਮਣੇ ਆਇਆ ਸੀ, ਜਿਸ ਕਾਰਨ ਕੁੱਝ ਵਿਅਕਤੀਆਂ ਵੱਲੋਂ ਮੇਰੇ ਪਿਤਾ ਨੂੰ ਝੂਠੇ ਕੇਸ 'ਚ ਫਸਾਉਣ ਦੀ ਯੋਜਨਾ ਤਹਿਤ ਜਸਵੀਰ ਕੌਰ ਨੂੰ ਮੇਰੇ ਪਿਤਾ ਦੇ ਪਿੱਛੇ ਲਾ ਦਿੱਤਾ।
ਉਨ੍ਹਾਂ ਦੇ ਖਿਲਾਫ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਝੂਠਾ ਮਾਮਲਾ ਦਰਜ ਕਰਵਾ ਕੇ ਜੇਲ ਭੇਜ ਦਿੱਤਾ ਸੀ। ਉਕਤ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਅਮਰੀਕ ਸਿੰਘ ਵੱਲੋਂ ਕੀਤੀ ਜਾ ਰਹੀ ਸੀ, ਜਿਸ ਨੇ ਇਸ ਮਾਮਲੇ 'ਚ ਸਾਡੀ ਮਦਦ ਕਰਨ ਦੇ ਬਦਲੇ 40 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਮੈਂ 20 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ। ਮੈਂ 6 ਜੁਲਾਈ, 2018 ਨੂੰ ਸਹਾਇਕ ਥਾਣੇਦਾਰ, ਜਿਸ ਨੇ ਸਾਡੀ ਮਦਦ ਕਰਨ ਲਈ ਰਿਸ਼ਵਤ ਮੰਗੀ ਸੀ, ਨੂੰ 15 ਹਜ਼ਾਰ ਰੁਪਏ ਦੇ ਦਿੱਤੇ , ਜਿਸ ਦੀ ਮੈਂ ਆਪਣੇ ਮੋਬਾਇਲ 'ਚ ਵੀਡੀਓ ਬਣਾ ਲਈ ਸੀ।
ਕੀ ਸੀ ਜਬਰ-ਜ਼ਨਾਹ ਦਾ ਮਾਮਲਾ
ਚੌਕ ਸੇਖਾਂ ਮੋਗਾ ਨਿਵਾਸੀ ਇਕ 30 ਸਾਲਾ ਔਰਤ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ। ਉਸ ਦੀ ਮੁਲਾਕਾਤ ਸਾਬਕਾ ਫੌਜੀ ਵੀਰ ਸਿੰਘ ਨਾਲ ਹੋਈ ਤੇ ਉਸ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਮੈਨੂੰ ਕਿਸੇ ਚੰਗੇ ਕੰਮ ਲਵਾ ਦੇਵੇਗਾ ਅਤੇ ਨੌਕਰੀ ਦਾ ਝਾਂਸਾ ਦੇ ਕੇ ਉਸ ਨੇ ਮੇਰੇ ਨਾਲ ਨਾਜਾਇਜ਼ ਸਬੰਧ ਬਣਾਏ ਅਤੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਬੀਤੀ 3 ਮਈ, 2018 ਨੂੰ ਉਹ ਮੈਨੂੰ ਲੁਧਿਆਣੇ ਲੈ ਗਿਆ ਕਿ ਤੇਰੀ ਨੌਕਰੀ ਸਬੰਧੀ ਗੱਲਬਾਤ ਕਰਨੀ ਹੈ ਅਤੇ ਰਾਤ ਨੂੰ ਇਕ ਖਾਲੀ ਪਲਾਟ 'ਚ ਮੇਰੇ ਨਾਲ ਜਬਰ-ਜ਼ਨਾਹ ਕੀਤਾ, ਜਿਸ ਕਾਰਨ ਮੇਰੀ ਹਾਲਤ ਖਰਾਬ ਹੋ ਗਈ। ਇਸ ਤੋਂ ਬਾਅਦ ਮੈਂ ਇਹ ਸਾਰੀ ਗੱਲ ਜਸਵਿੰਦਰ ਕੌਰ ਨੂੰ ਦੱਸੀ ਤਾਂ ਉਸ ਨੇ ਮੈਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦੋਸ਼ੀ ਸਾਬਕਾ ਫੌਜੀ ਖਿਲਾਫ ਥਾਣਾ ਸਿਟੀ ਸਾਊਥ ਮੋਗਾ 'ਚ 5 ਮਈ, 2018 ਨੂੰ ਮਾਮਲਾ ਦਰਜ ਹੋਇਆ ਸੀ।
ਕੀ ਕਹਿਣੈ ਡੀ. ਐੱਸ. ਪੀ. ਸਿਟੀ ਦਾ
ਇਸ ਸਬੰਧੀ ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਖਿਲਾਫ ਰਿਸ਼ਵਤ ਲੈਣ ਦੇ ਮਾਮਲੇ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਕੀ ਕਹਿਣੈ ਕਥਿਤ ਦੋਸ਼ੀ ਥਾਣੇਦਾਰ ਦਾ
ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਸਾਜ਼ਿਸ਼ ਤਹਿਤ ਝੂਠੇ ਮਾਮਲੇ 'ਚ ਫਸਾਇਆ ਗਿਆ ਹੈ। ਉਸ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਸੱਚਾਈ ਸਾਰਿਆਂ ਦੇ ਸਾਹਮਣੇ ਆ ਸਕੇ।
ਛੇਤੀ ਸ਼ੁਰੂ ਹੋਵੇਗਾ ਵਿਜੀਲੈਂਸ ਪੋਰਟਲ
NEXT STORY