ਧਨੌਲਾ, (ਰਵਿੰਦਰ)– ਕਾਲੇਕੇ ਪਿੰਡ ਦੀ ਹੱਡਾ-ਰੋਡ਼ੀ ਦਾ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਹਿੰਸਕ ਰੂਪ ਧਾਰ ਗਿਆ ਜਦੋਂ ਮੌਜੂਦਾ ਸਰਪੰਚ ਜਸਵਿੰਦਰ ਕੌਰ ਪਿੰਡ ਵਾਸੀਆਂ, ਨਾਇਬ ਤਹਿਸੀਲਦਾਰ ਅਤੇ ਪਟਵਾਰੀ ਕਾਨੂੰਨਗੋ ਨੂੰ ਲੈ ਕੇ ਉਕਤ ਜਗ੍ਹਾ ’ਤੇ ਕਬਜ਼ਾ ਕਰਨ ਲਈ ਪੁੱਜੀ। ਜਦੋਂ ਸਰਪੰਚ ਉਕਤ ਜਗ੍ਹਾ ’ਤੇ ਕਬਜ਼ਾ ਕਰਨ ਲਈ ਪੁੱਜੀ ਤਾਂ ਹੱਡਾ-ਰੋਡ਼ੀ ਨੇੜੇ ਵਸੇ ਘਰਾਂ ਦੇ ਲੋਕਾਂ, ਜਿਨ੍ਹਾਂ ਸਾਫ-ਸਫਾਈ ਕਰ ਕੇ ਉਥੋਂ ਹੱਡਾ-ਰੋਡ਼ੀ ਹਟਾ ਦਿੱਤੀ ਸੀ, ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਉਕਤ ਕਾਰਵਾਈ ਦਾ ਵਿਰੋਧ ਕੀਤਾ, ਜਿਸ ਕਾਰਨ ਸਥਿਤੀ ਤਣਾਅਪੂਰਣ ਹੋ ਗਈ। ਇਸ ਦੌਰਾਨ 2 ਧਿਰਾਂ ’ਚ ਹੋਏ ਟਕਰਾਅ ’ਚ ਜਿਥੇ 4 ਜਣੇ ਫੱਟੜ ਹੋ ਗਏ, ਉਥੇ 2 ਟਰੈਕਟਰਾਂ ਦਾ ਵੀ ਨੁਕਸਾਨ ਹੋ ਗਿਆ। ਪੁਲਸ ਪ੍ਰਸ਼ਾਸਨ ਦੇ ਉਸ ਥਾਂ ਤੋਂ ਵਾਪਸ ਆਉਣ ਤੋਂ ਬਾਅਦ ਦੋਵਾਂ ਧਿਰਾਂ ਵਿਚ ਤਕਰਾਰ ਉਸ ਸਮੇਂ ਵਧ ਗਿਆ ਜਦੋਂ ਕਿਸੇ ਨੇ ਕੋਈ ਬਲਦੀ ਹੋਈ ਚੀਜ਼ ਕਬਜ਼ਾ ਰੋਕਣ ਵਾਲੀ ਧਿਰ ਦੇ ਪਰਮਜੀਤ ਸਿੰਘ ਕੈਰੇਂ ’ਤੇ ਸੁੱਟ ਦਿੱਤੀ, ਜਿਸ ਕਾਰਨ ਉਸ ਦੀ ਬਾਂਹ ਕਾਫੀ ਸੜ ਗਈ। ਇਸ ਹਰਕਤ ਕਾਰਨ ਭਡ਼ਕੇ ਲੋਕਾਂ ਨੇ ਇੱਟਾਂ ਰੋਡ਼ੇ ਮਾਰਨੇ ਸ਼ੁਰੂ ਕਰ ਦਿੱਤੇ। ਦੋਵਾਂ ਧਿਰਾਂ ਦੀ ਪੱਥਰਬਾਜ਼ੀ ਕਾਰਨ 2 ਅੌਰਤਾਂ ਅਤੇ 2 ਮਰਦ ਜ਼ਖਮੀ ਹੋ ਗਏ ਅਤੇ 2 ਟਰੈਕਟਰਾਂ ਦਾ ਨੁਕਸਾਨ ਹੋ ਗਿਆ। ਜ਼ਖਮੀਅਾਂ ਨੂੰ 108 ਨੰ. ਐਂਬੂਲੈਂਸ ਦੇ ਰਜੇਸ਼ ਕੁਮਾਰ ਰੌਕੀ ਅਤੇ ਨਰਿੰਦਰਪਾਲ ਨੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ। 
ਭੜਕੇ ਲੋਕਾਂ ਨੇ ਕਾਨੂੰਨਗੋ ਅਤੇ ਪਟਵਾਰੀਆਂ ਨੂੰ ਘੇਰਿਆ
ਮੌਕੇ ਦੀ ਨਜ਼ਾਕਤ ਨੂੰ ਦੇਖਦਿਅਾਂ ਪ੍ਰਸ਼ਾਸਨ ਨੇ ਕਬਜ਼ੇ ਦਾ ਪ੍ਰੋਗਰਾਮ ਅੱਗੇ ਪਾ ਦਿੱਤਾ ਅਤੇ ਪੁਲਸ ਤੇ ਨਾਇਬ ਤਹਿਸਲੀਦਾਰ ਉਥੋਂ ਵਾਪਸ ਆ ਗਏ ਪਰ ਭੜਕੇ ਲੋਕਾਂ ਨੇ ਕਾਨੂੰਨਗੋ ਅਤੇ 2 ਪਟਵਾਰੀਆਂ ਦਾ ਘਿਰਾਓ ਕਰ ਲਿਆ ।
ਘਰਾਂ ’ਚ ਲੁਕੇ ਲੋਕ
ਪੱਥਰਬਾਜ਼ੀ ’ਚ ਜ਼ਿਆਦਾ ਲੋਕਾਂ ਦੇ ਫੱਟਡ਼ ਹੋਣ ਦੀ ਸੰਭਾਵਨਾ ਹੈ, ਜੋ ਪੁਲਸ ਦੀ ਸਥਿਤੀ ਤੋਂ ਡਰਦੇ ਘਰਾਂ ਵਿਚ ਹੀ ਲੁਕ ਗਏ। ਜ਼ਖਮੀ ਬਲਜੀਤ ਕੌਰ, ਪਰਮਜੀਤ ਸਿੰਘ ਕੈਰੇਂ, ਜਸਵੀਰ ਕੌਰ, ਸੁਖਦੇਵ ਸਿੰਘ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।
2 ਥਾਣਿਅਾਂ ਦੀ ਪੁਲਸ ਨੇ ਸੰਭਾਲਿਆ ਮੋਰਚਾ
ਖਬਰ ਲਿਖੇ ਜਾਣ ਤੱਕ ਪਿੰਡ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਸੀ। 2 ਥਾਣਿਆਂ ਦੇ ਮੁਖੀ ਪੂਰੀ ਫੋਰਸ ਨਾਲ ਸਥਿਤੀ ’ਤੇ ਨਜ਼ਰ ਰੱਖ ਰਹੇ ਸਨ, ਜੋ ਵੀ ਕੋਈ ਸ਼ੱਕੀ ਲੱਗਦਾ ਸੀ, ਉਸ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਸੀ। ਮੌਕੇ ’ਤੇ ਪੁੱਜੇ ਡੀ. ਐੱਸ. ਪੀ. ਰਜੇਸ਼ ਕੁਮਾਰ ਛਿੱਬਰ ਨੇ ਥਾਣਾ ਧਨੌਲਾ ਅਤੇ ਰੂਡ਼ਕੇ ਦੀ ਪੁਲਸ ਨੂੰ ਨਾਲ ਲੈ ਕੇ ਸਥਿਤੀ ’ਤੇ ਕਾਬੂ ਪਾਇਆ। ਛਿੱਬਰ ਨੇ ਕਿਹਾ ਕਿ ਕਾਨੂੰਨ ਅਤੇ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਮਾਮਲੇ ਦਾ ਹੱਲ ਕੱਢਿਆ ਜਾਵੇਗਾ।
ਚੋਰ ਗਿਰੋਹ ਦਾ 1 ਮੈਂਬਰ ਕਾਬੂ
NEXT STORY