ਮੋਗਾ (ਆਜ਼ਾਦ) : ਮੋਗਾ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਦੀ ਪਤਨੀ ਦਾ ਸਲੂਨ ਸੰਚਾਲਕ ਨੇ ਵਿਆਹ ਵਾਲੇ ਦਿਨ ਮੇਕਅਪ ਸਹੀ ਨਹੀਂ ਕੀਤਾ ਸੀ। ਉਕਤ ਵਿਅਕਤੀ ਨੇ ਆਪਣਾ ਬਦਲਾ ਲੈਣ ਲਈ ਸਲੂਨ ਸੰਚਾਲਕ ਤੋਂ ਡੇਢ ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਇਸ ਤੋਂ ਬਾਅਦ ਮੋਗਾ ਪੁਲਸ ਨੇ ਸਲੂਨ ਸੰਚਾਲਕ ਦਿਆਨੰਦ ਸੈਨ ਨਿਵਾਸੀ ਸਹਿਜ ਕਾਲੋਨੀ ਮੋਗਾ ਤੋਂ ਫਿਰੌਤੀ ਮੰਗਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਣਾ ਸਿਟੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸਲੂਨ ਸੰਚਾਲਕ ਨੇ ਕਿਹਾ ਕਿ ਉਸ ਨੂੰ ਬੀਤੀ 29 ਜਨਵਰੀ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਰਾਹੀਂ ਕਾਲ ਆਈ ਸੀ, ਜਿਸ 'ਚ ਇਕ ਅਣਜਾਣ ਵਿਅਕਤੀ ਵੱਲੋਂ ਉਸ ਨੂੰ ਡੇਢ ਲੱਖ ਰੁਪਏ ਦੀ ਫ਼ਿਰੌਤੀ ਦੇਣ ਲਈ ਕਿਹਾ ਗਿਆ। ਪੈਸੇ ਨਾ ਦੇਣ ’ਤੇ ਜਾਨੀ ਮਾਨੀ ਨੁਕਸਾਨ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ’ਤੇ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਪਾਣੀ ਤੇ ਬਿਜਲੀ ਦਾ ਬਿੱਲ ਭਰਨ ਲਈ ਦੇਣੀ ਪਵੇਗੀ ਫ਼ੀਸ
ਉਨ੍ਹਾਂ ਦੱਸਿਆ ਕਿ ਧਮਕੀ ਭਰੇ ਫੋਨ ਕਰਨ ਵਾਲੇ ਨੂੰ ਕਾਬੂ ਕਰਨ ਲਈ ਐੱਸ. ਪੀ. ਆਈ. ਅਜੈ ਰਾਜ ਸਿੰਘ, ਡੀ. ਐੱਸ. ਪੀ. ਸਿਟੀ ਗੁਰਸ਼ਰਨਜੀਤ ਸਿੰਘ ਅਤੇ ਥਾਣਾ ਸਿਟੀ ਸਾਊਥ ਦੇ ਮੁੱਖ ਅਫ਼ਸਰ ਅਮਨਦੀਪ ਸਿੰਘ ’ਤੇ ਆਧਾਰਿਤ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ, ਜਿਨ੍ਹਾਂ ਟੈਕਨੀਕਲ ਤਰੀਕੇ ਨਾਲ ਜਾਂਚ ਕਰਦਿਆਂ ਸਾਈਬਰ ਸੈੱਲ ਦੀ ਮਦਦ ਨਾਲ ਵਿਦੇਸ਼ੀ ਨੰਬਰਾਂ ਤੋਂ ਧਮਕੀ ਦੇਣ ਵਾਲੇ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਗੁਰੀ ਨਿਵਾਸੀ ਕੋਟ ਮੁਹੰਮਦ ਖਾਂ ਤਰਨਤਾਰਨ ਨੂੰ ਟਰੇਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਥਾਣੇਦਾਰ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਉਕਤ ਮਾਮਲੇ ਦੀ ਜਾਂਚ ਸਬੰਧੀ ਬਹੋਨਾ ਚੌਂਕ ਮੋਗਾ ਕੋਲ ਮੌਜੂਦ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਗੁਰਵਿੰਦਰ ਸਿੰਘ ਗੁਰੀ ਪਹਾੜਾ ਸਿੰਘ ਚੌਂਕ ਕੋਲ ਖੜ੍ਹਾ ਅਤੇ ਉਹ ਆਪਣੇ ਪਿੰਡ ਮਹਿਰੋਂ ਜਾਣ ਲਈ ਬੱਸ ਦੀ ਉਡੀਕ ਕਰ ਰਿਹਾ ਹੈ, ਜਿਸ ‘ਤੇ ਪੁਲਸ ਪਾਰਟੀ ਨੇ ਉਸ ਨੂੰ ਜਾ ਦਬੋਚਿਆ। ਉਕਤ ਮਾਮਲੇ 'ਚ ਗੁਰਵਿੰਦਰ ਸਿੰਘ ਗੁਰੀ ਅਤੇ ਉਸਦੀ ਪਤਨੀ ਹਰਜੀਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਮਨਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ, ਕਥਿਤ ਦੋਸ਼ੀ ਦੀ ਪਤਨੀ ਦੀ ਗ੍ਰਿਫ਼ਤਾਰੀ ਬਾਕੀ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ 'ਚ ਖਲਬਲੀ, ਜਾਣੋ ਕੀ ਹੈ ਪੂਰਾ ਮਾਜਰਾ
ਜਾਣੋ ਕੀ ਹੈ ਪੂਰਾ ਮਾਜਰਾ
ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਗੁਰਵਿੰਦਰ ਸਿੰਘ ਗੁਰੀ ਦੀ ਪਤਨੀ ਹਰਜੀਤ ਕੌਰ ਉਕਤ ਸਲੂਨ ਸੰਚਾਲਕ ਦੀ ਗਾਹਕ ਸੀ। ਵਿਆਹ ਵਾਲੇ ਦਿਨ ਉਹ ਤਿਆਰ ਹੋਣ ਲਈ ਸਲੂਨ ਗਈ ਸੀ ਪਰ ਸਲੂਨ ਮਾਲਕ ਨੇ ਉਸ ਨੂੰ ਚੰਗੀ ਤਰ੍ਹਾਂ ਟਰੀਟ ਨਹੀਂ ਕੀਤਾ। ਭੀੜ ਜ਼ਿਆਦਾ ਹੋਣ ਕਾਰਨ ਉਸ ਨੇ ਹਰਜੀਤ ਵੱਲ ਧਿਆਨ ਨਹੀਂ ਦਿੱਤਾ ਅਤੇ ਉਸ ਦਾ ਮੇਕਅਪ ਵੀ ਸਹੀ ਤਰੀਕੇ ਨਾਲ ਨਹੀਂ ਕੀਤਾ। ਇਸ ਕਾਰਨ ਉਸ ਦੇ ਮਨ 'ਚ ਸਲੂਨ ਮਾਲਕ ਖ਼ਿਲਾਫ਼ ਗੁੱਸਾ ਪਨਪ ਰਿਹਾ ਸੀ। ਇਸ ਤੋਂ ਬਾਅਦ ਗੁਰਵਿੰਦਰ ਨੇ ਆਪਣੀ ਪਤਨੀ ਦੇ ਮੋਬਾਇਲ ਫੋਨ ਤੋਂ ਹੀ ਸਲੂਨ ਮਾਲਕ ਨੂੰ ਧਮਕੀ ਭਰੇ ਮੈਸਜ ਕੀਤੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ 'ਚ ਖਲਬਲੀ, ਜਾਣੋ ਕੀ ਹੈ ਪੂਰਾ ਮਾਜਰਾ
NEXT STORY