ਫਰੀਦਕੋਟ (ਜਗਤਾਰ) : ਅਜੇ ਵਿਆਹ ਦੇ ਚੂੜੇ ਦਾ ਰੰਗ ਵੀ ਫਿੱਕਾ ਨਹੀਂ ਸੀ ਹੋਇਆ ਕਿ ਸਹੁਰਿਆਂ ਨੇ ਨਵ-ਵਿਆਹੀ ਲਾੜੀ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਵੀ ਕੱਢ ਦਿੱਤਾ। ਜਿਸ ਤੋਂ ਬਾਅਦ ਲੜਕੀ ਇਨਸਾਫ ਲਈ ਜ਼ਿਲਾ ਪੁਲਸ ਮੁਖੀ ਦੇ ਦਫਤਰ ਬਾਹਰ ਧਰਨੇ 'ਤੇ ਬੈਠ ਗਈ। ਮਾਮਲਾ ਫਰੀਦਕੋਟ ਜ਼ਿਲੇ ਦੇ ਪਿੰਡ ਦੀਪ ਸਿੰਘ ਵਾਲਾ ਦਾ ਹੈ। ਲੜਕੀ ਸੁਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਲਗਭਗ 7 ਮਹੀਨੇ ਪਹਿਲਾਂ ਲਖਮੀਰ ਕੇ ਹਿਥਾੜ ਜ਼ਿਲਾ ਫਿਰੋਜ਼ਪੁਰ ਵਿਖੇ ਹੋਇਆ ਸੀ।

ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਸਹੁਰੇ ਉਸ ਨੂੰ ਦਾਜ-ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ ਅਤੇ ਲਗਭਗ 2 ਮਹੀਨੇ ਪਹਿਲਾਂ ਉਨ੍ਹਾਂ 10 ਲੱਖ ਰੁਪਏ ਦੀ ਮੰਗ ਕਰਦਿਆਂ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਸ ਨੇ ਫਰੀਦਕੋਟ ਪੁਲਸ ਕੋਲ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਪੁਲਸ ਵਲੋਂ ਢਿੱਲਾ ਰਵੱਈਆ ਅਪਨਾਇਆ ਗਿਆ। ਜਿਸ ਦੇ ਚੱਲਦੇ ਉਸ ਨੂੰ ਮਜਬੂਰ ਹੋ ਕੇ ਅੱਜ ਇਹ ਕਦਮ ਚੁੱਕਣਾ ਪਿਆ ਹੈ।

ਇਸ ਸੰਬੰਧੀ ਜਦੋਂ ਐੱਸ. ਪੀ. ਇਨਵੈਸਟੀਗੇਸ਼ਨ ਸੇਵਾ ਸਿੰਘ ਮੱਲ੍ਹੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਲੜਕੀ ਨਾਲ ਗੱਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਥਾਣਾ ਸਦਰ ਦੇ ਮੁੱਖ ਅਫਸਰ ਨੂੰ ਪੀੜਤ ਦੇ ਮਾਮਲੇ ਦੀ ਜਲਦ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਦੀ ਜਾਵੇਗੀ।
ਭਗਵੰਤ ਮਾਨ ਵਲੋਂ ਚੋਣ ਜ਼ਾਬਤੇ ਦਾ ਉਲੰਘਣ, ਨੋਟਿਸ ਜਾਰੀ (ਵੀਡੀਓ)
NEXT STORY