ਬੁਢਲਾਡਾ (ਬਾਂਸਲ, ਮਨਜੀਤ, ਗਰਗ) : ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਦੌਰਾਨ ਬੁਢਲਾਡਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਨੂੰ ਸੂਬੇ ਦੇ ਲੋਕ ਇਨ੍ਹਾਂ ਚੋਣਾਂ 'ਚ ਸਬਕ ਸਿਖਾਉਣ ਲਈ ਉਤਾਵਲੇ ਬੈਠੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ 1000 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਸਮੁੱਚਾ ਮੁਲਾਜ਼ਮ ਵਰਗ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਆ ਗਿਆ ਹੈ, ਜਿਸ ਕਰ ਕੇ ਵੋਟਾਂ ਮੰਗਣ ਆਏ ਕਾਂਗਰਸੀਆਂ ਪਾਸੋਂ ਲੋਕ ਇਹ ਪੁੱਛ ਰਹੇ ਹਨ ਕਿ ਪੰਜਾਬ ਦੇ ਲੋਕਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ, ਘਰ-ਘਰ ਨੌਕਰੀ ਦੇਣ, ਬੇਰੋਜ਼ਗਾਰਾਂ ਨੂੰ ਰੋਜ਼ਗਾਰ ਭੱਤਾ ਤੇ ਸਮਾਰਟ ਫੋਨ ਦੇਣ ਦੇ ਵਾਅਦੇ ਦਾ ਕੀ ਬਣਿਆ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਥਕ ਹਿਤੈਸ਼ੀ ਪਾਰਟੀ ਹੈ, ਜਿਸ ਨੇ ਆਪਣੀ ਸਰਕਾਰ 'ਚ ਹਰ ਵਰਗ ਦੇ ਲੋਕਾਂ ਲਈ ਨਵੀਆਂ-ਨਵੀਆਂ ਸਹੂਲਤਾਂ ਦਿੱਤੀਆਂ ਹਨ ਜਿਨ੍ਹਾਂ 'ਚ ਕਿਸਾਨਾਂ ਦਾ ਬਿਜਲੀ ਬਿੱਲ ਮੁਆਫ ਕਰਨਾ, ਆਟਾ-ਦਾਲ, ਸ਼ਗਨ ਸਕੀਮ, ਗਰੀਬ ਪਰਿਵਾਰਾਂ ਦੀ 200 ਯੂਨਿਟ ਮੁਆਫ ਕਰਨਾ ਆਦਿ ਸਕੀਮਾਂ ਅਕਾਲੀ-ਭਾਜਪਾ ਸਰਕਾਰ ਦੀਆਂ ਹੀ ਦੇਣ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਪੇਸ਼ ਕੀਤੇ ਗਏ ਚੋਣ ਮੈਨੀਫੈਸਟੋ ਦੀ ਜੇਕਰ ਗੱਲ ਕਰੀਏ ਤਾਂ ਕਾਂਗਰਸ ਸ਼ੁਰੂ ਤੋਂ ਹੀ ਗਰੀਬੀ ਹਟਾਓ ਦਾ ਨਾਅਰਾ ਲਾਉਂਦੀ ਆ ਰਹੀ ਹੈ। ਕਾਂਗਰਸ ਦੇਸ਼ ਦੀ ਸੱਤਾ 'ਤੇ ਕਾਬਜ਼ ਰਹਿਣ ਦੇ ਬਾਵਜੂਦ ਗਰੀਬੀ ਤੇ ਬੇਰੋਜ਼ਗਾਰੀ ਵਧੀ ਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ 'ਚ ਐੱਨ. ਡੀ. ਏ. ਦਾ ਹਿੱਸਾ ਹੈ।
ਇਸ ਮੌਕੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਗੁਰਦੀਪ ਸਿੰਘ ਟੋਡਰਪੁਰ, ਠੇਕੇਦਾਰ ਗੁਰਪਾਲ ਸਿੰਘ, ਦਰਸ਼ਨ ਸਿੰਘ ਰੱਲੀ ਤੋਂ ਇਲਾਵਾ ਅਨੇਕਾਂ ਅਕਾਲੀ ਆਗੂ ਹਾਜ਼ਰ ਸਨ। ਬੁਢਲਾਡਾ ਹਲਕੇ ਵਿਚ ਸੋਮਵਾਰ ਨੂੰ ਵੱਡੀ ਗਿਣਤੀ ਵਿਚ ਵੱਖ-ਵੱਖ ਪਾਰਟੀਆਂ ਵਿਚੋਂ ਅਕਾਲੀ ਦਲ 'ਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਬਿਕਰਮ ਸਿੰਘ ਮਜੀਠੀਆ ਨੇ ਸਿਰੋਪਾਓ ਭੇਟ ਕਰ ਕੇ ਸਨਮਾਨ ਕੀਤਾ ਅਤੇ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।
ਪੰਜਾਬ 'ਚ ਕਾਂਗਰਸ ਨੂੰ ਪਾਈ ਹਰ ਵੋਟ ਇਕ ਬੇਅਦਬੀ ਦੇ ਤੁਲ ਹੈ : ਸੁਖਬੀਰ ਬਾਦਲ
NEXT STORY