ਬੱਸੀ ਪਠਾਣਾਂ/ ਫਤਿਹਗੜ੍ਹ ਸਾਹਿਬ/ ਅਮਲੋਹ, (ਜ. ਬ.)—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਆਪਣੀ ਇਸ ਧਮਕੀ ਨੂੰ ਖੁਦ ਉਤੇ ਵੀ ਲਾਗੂ ਕਰਨ ਦੀ ਹਿੰਮਤ ਵਿਖਾਉਣ ਕਿ ਲੋਕ ਸਭਾ ਚੋਣਾਂ ਵਿਚ ਜੇਕਰ ਕੋਈ ਕਾਂਗਰਸੀ ਉਮੀਦਵਾਰ ਕਿਸੇ ਆਗੂ ਦੇ ਹਲਕੇ ਵਿਚ ਹਾਰਦਾ ਹੈ ਤਾਂ ਚੋਣਾਂ ਦੇ ਨਤੀਜੇ ਆਉਂਦੇ ਸਾਰ ਹੀ ਉਸ ਆਗੂ ਦੀ ਛੁੱਟੀ ਹੋ ਜਾਵੇਗੀ।
ਅਕਾਲੀ ਦਲ ਪ੍ਰਧਾਨ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਪਾਈ ਗਈ ਹਰ ਵੋਟ ਇਕ ਬੇਅਦਬੀ ਦੇ ਤੁਲ ਹੋਵੇਗੀ, ਕਿਉਂਕਿ ਅਜਿਹਾ ਕਰਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤੇ ਮੰਦਭਾਗੇ ਫੌਜੀ ਹਮਲੇ ਦਾ ਸਮਰਥਨ ਕਰਨ ਦੇ ਬਰਾਬਰ ਹੋਵੇਗਾ, ਜਿਸ ਵਿਚ ਸਿੱਖਾਂ ਦੇ ਸਭ ਤੋਂ ਉੱਚੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਲੀਆਮੇਟ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣਾ 1984 ਦੇ ਸਿੱਖ ਕਤਲੇਆਮ ਦੌਰਾਨ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲ ਕਰਨ ਵਾਲੇ ਕਾਤਲਾਂ ਨੂੰ ਵੋਟ ਪਾਉਣਾ ਹੋਵੇਗਾ। ਕੋਈ ਵੀ ਪੰਜਾਬੀ ਅਤੇ ਸਿੱਖ 1984 ਦੇ ਕਾਤਲਾਂ ਦੇ ਪੱਖ ਵਿਚ ਵੋਟ ਪਾ ਕੇ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਦਾ ਸਮਰਥਨ ਕਰਕੇ ਇੰਨੀ ਵੱਡੀ ਬੇਅਦਬੀ ਨਹੀਂ ਕਰੇਗਾ।
ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਅਕਾਲੀ-ਭਾਜਪਾ ਉਮੀਦਵਾਰ ਦੇ ਹੱਕ ਵਿਚ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਅਮਰਿੰਦਰ ਪਟਿਆਲਾ ਸੀਟ ਤੋਂ ਹਾਰ ਰਿਹਾ ਹੈ ਅਤੇ ਰਾਣੀ ਪਰਨੀਤ ਕੌਰ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਧਰਮਵੀਰ ਗਾਂਧੀ ਤੋਂ ਮਗਰੋਂ ਤੀਜੇ ਸਥਾਨ 'ਤੇ ਆਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀ ਉਮੀਦਵਾਰ ਦੀ ਪਟਿਆਲਾ ਤੋਂ ਜ਼ਮਾਨਤ ਜ਼ਬਤ ਹੋ ਜਾਵੇ ਤਾਂ ਲੋਕਾਂ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦਾ ਕਰਨ ਲਈ ਕਿਹਾ ਕਿ ਪ੍ਰਨੀਤ ਕੌਰ ਦੇ ਹਾਰਨ ਦੀ ਸੂਰਤ ਵਿਚ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼ੱਕ ਜਤਾਇਆ ਕਿ ਕੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾ ਕੇ ਮੁਕਰਨ ਵਾਲੇ ਮੁੱਖ ਮੰਤਰੀ ਵੱਲੋਂ ਕੀਤੇ ਕਿਸੇ ਵੀ ਵਾਅਦੇ ਦਾ ਹੁਣ ਪੰਜਾਬ ਦੇ ਲੋਕੀਂ ਇਤਬਾਰ ਕਰਨਗੇ। ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ ਸਾਲਾਂ ਦੌਰਾਨ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦੀ ਤੁਲਨਾ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਨਾਲ ਕਰਕੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਅਤੇ ਸਮਾਜ ਭਲਾਈ ਸਕੀਮਾਂ ਬਾਰੇ ਕਾਰਗੁਜ਼ਾਰੀ ਨੂੰ ਵੇਖਦਿਆਂ 2007 ਤੋਂ 2017 ਤਕ ਦੇ ਸਮੇਂ ਨੂੰ ਆਧੁਨਿਕ ਪੰਜਾਬ ਦੇ ਇਤਿਹਾਸ ਦਾ ਸੁਨਹਿਰੀ ਯੁੱਗ ਕਿਹਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ 1966 ਤੋਂ ਲੈ ਕੇ ਜਦੋਂ ਭਾਸ਼ਾ ਦੇ ਆਧਾਰ ਉਤੇ ਪੰਜਾਬੀ ਸੂਬਾ ਬਣਿਆ ਸੀ, ਇੱਥੇ ਹੋਏ ਸਾਰੇ ਵਿਕਾਸ ਕਾਰਜਾਂ ਸਾਰੇ ਡੈਮਾਂ, ਥਰਮਲ ਪਲਾਂਟਾਂ, ਚਾਰ-ਛੇ ਮਾਰਗੀ ਸੜਕਾਂ, ਘਰੇਲੂ ਅਤੇ ਕੌਮਾਂਤਰੀ ਹਵਾਈ ਅੱਡਿਆਂ, ਬਠਿੰਡਾ ਵਿਚ ਤੇਲ ਰਿਫਾਈਨਰੀ, ਏਮਜ਼, ਆਈ.ਐੱਸ.ਬੀ., ਆਈ.ਈ.ਟੀ. ਆਦਿ ਉੱਤੇ ਪ੍ਰਕਾਸ਼ ਸਿੰਘ ਬਾਦਲ ਦੀ ਮੋਹਰ ਲੱਗੀ ਹੈ। ਇਸੇ ਤਰ੍ਹਾਂ ਸੂਬੇ ਅੰਦਰ ਸਾਰੀਆਂ ਲੋਕ ਭਲਾਈ ਸਕੀਮਾਂ ਜਿਵੇਂ ਕਿਸਾਨਾਂ ਨੂੰ ਖੇਤੀ ਟਿਊਬਵੈੱਲਾਂ ਲਈ ਮੁਫਤ ਬਿਜਲੀ, ਗਰੀਬਾਂ ਅਤੇ ਦਲਿਤਾਂ ਨੂੰ 200 ਯੂਨਿਟ ਤਕ ਮੁਫਤ ਬਿਜਲੀ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਲੜਕੀਆਂ ਨੂੰ ਮੁਫਤ ਸਾਈਕਲ, ਨੌਜਵਾਨਾਂ ਨੂੰ ਮੁਫਤ ਸਪੋਰਟਸ ਕਿੱਟਾਂ, ਕਿਸਾਨਾਂ, ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਸਮੇਤ ਸਾਰੇ ਗਰੀਬਾਂ ਨੂੰ 50 ਹਜ਼ਾਰ ਤਕ ਦਾ ਮੁਫਤ ਇਲਾਜ, ਹਰ ਕੈਂਸਰ ਮਰੀਜ਼ ਲਈ ਡੇਢ ਲੱਖ ਰੁਪਏ ਤਕ ਦਾ ਮੁਫਤ ਇਲਾਜ ਅਤੇ ਮੁਫਤ ਟੈਸਟ ਆਦਿ ਇਹ ਸਭ ਸਹੂਲਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ। ਹੁਣ ਇਨ੍ਹਾਂ ਸਾਰੀਆਂ ਸਹੂਲਤਾਂ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੀ ਕਾਂਗਰਸ ਪੰਜਾਬ ਵਿਚ ਇਕ ਵੀ ਵੋਟ 'ਤੇ ਆਪਣਾ ਹੱਕ ਜਤਾ ਸਕਦੀ ਹੈ। ਇਸ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਦਾ ਵੀ ਆਪਣੀ ਪਾਰਟੀ ਅਤੇ ਆਗੂਆਂ ਤੋਂ ਮੋਹ ਭੰਗ ਹੋ ਚੁੱਕਿਆ ਹੈ।
ਲੋਕ ਸਭਾ ਚੋਣਾਂ 'ਚ 71 ਸਾਲ ਤੋਂ ਵੱਧ ਉਮਰ ਦੇ 11 ਉਮੀਦਵਾਰ
NEXT STORY