ਬੁਢਲਾਡਾ (ਬਾਂਸਲ) : ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੁਢਲਾਡਾ ਫੇਰੀ ਦੌਰਾਨ ਪੈਸੇ ਦੇਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਏਕਤਾ ਪਾਰਟੀ ਦੇ ਲੀਡਰ ਅਤੇ ਪੀ. ਡੀ. ਏ. ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਟਿੰਕੂ ਪੰਜਾਬ ਦੇ ਘਰ ਪਹੁੰਚ ਕੇ ਇਸ ਮੰਦਭਾਗੀ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੈਸਿਆਂ ਦੇ ਜ਼ੋਰ 'ਤੇ ਵੋਟਰਾਂ ਨੂੰ ਪੈਸੇ ਵੰਡ ਕੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨਾ ਚਾਹੁੰਦੀ ਹੈ ਜੋ ਸਿੱਧੇ ਤੌਰ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪੈਸਿਆਂ ਦਾ ਆਦਾਨ-ਪ੍ਰਦਾਨ ਨਹੀਂ ਹੋਣਾ ਚਾਹੀਦਾ ਪਰ ਰਾਜਾ ਵੜਿੰਗ ਨੇ ਟਿੰਕੂ ਪੰਜਾਬ ਦੇ ਘਰ ਪਹੁੰਚ ਕੇ ਟਿੰਕੂ ਨੂੰ ਧੱਕੇ ਨਾਲ ਜਿਥੇ ਕਾਂਗਰਸ 'ਚ ਸ਼ਾਮਲ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਥੇ ਉਸ ਨੂੰ ਭ੍ਰਿਸ਼ਟ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਟਿੰਕੂ ਪੰਜਾਬ ਨੇ ਇਸ ਦਾ ਵਿਰੋਧ ਕੀਤਾ। ਅੱਜ ਇਥੇ ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਹੈ ਕਿ ਰਾਜਾ ਵੜਿੰਗ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਨ 'ਤੇ ਰੋਕ ਲਾਈ ਜਾਵੇ ਅਤੇ ਫੈਸਲੇ ਤੱਕ ਚੋਣ ਪ੍ਰਚਾਰ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀਡੀਓ ਵਾਇਰਲ ਦੇ ਲਿੰਕ ਅਪਲੋਡ ਕਰ ਕੇ ਭਾਰਤ ਚੋਣ ਕਮਿਸ਼ਨ, ਪੰਜਾਬ ਚੋਣ ਕਮਿਸ਼ਨ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ। ਦੂਸਰੇ ਪਾਸੇ ਨੋਡਲ ਅਫਸਰ ਸ਼ਿਕਾਇਤ ਲੋਕ ਸਭਾ ਚੋਣਾਂ ਬਠਿੰਡਾ-ਕਮ-ਤਹਿਸੀਲਦਾਰ ਬੁਢਲਾਡਾ ਨੇ ਟਿੰਕੂ ਪੰਜਾਬ ਨੂੰ ਇਕ ਨੋਟਿਸ ਜਾਰੀ ਕਰਕੇ ਪੈਸੇ ਦੇ ਕੇ ਵੋਟਾਂ ਖਰੀਦਣ ਸਬੰਧੀ 27 ਅਪ੍ਰੈਲ ਨੂੰ ਹਾਜ਼ਰ ਹੋ ਕੇ ਆਪਣਾ ਪੱਖ ਦੇਣ ਦੀ ਹਦਾਇਤ ਕੀਤੀ।
ਇਸ ਸਬੰਧੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੇ ਨਜ਼ਦੀਕੀ ਭਾਰਤ ਭੂਸ਼ਣ ਬਿੰਟਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਬੁਢਲਾਡਾ ਫੇਰੀ ਦੌਰਾਨ ਟਿੰਕੂ ਪੰਜਾਬ ਦੇ ਘਰ ਵਾਪਰੀ ਕਿਸੇ ਵੀ ਘਟਨਾ ਦਾ ਕਾਂਗਰਸ ਪਾਰਟੀ ਅਤੇ ਰਾਜਾ ਵੜਿੰਗ ਨਾਲ ਕੋਈ ਵਾਸਤਾ ਨਹੀਂ ਹੈ ਅਤੇ ਨਾ ਹੀ ਉਹ ਟਿੰਕੂ ਪੰਜਾਬ ਨੂੰ ਜਾਣਦੇ ਹਨ। ਇਹ ਸਭ ਕੁਝ ਵਿਰੋਧੀਆਂ ਵੱਲੋਂ ਲੋਕ ਸਭਾ ਬਠਿੰਡਾ ਅੰਦਰ ਵੜਿੰਗ ਦੇ ਪ੍ਰਚਾਰ ਅਤੇ ਉਨ੍ਹਾਂ ਦੇ ਹੱਕ 'ਚ ਚੱਲੀ ਲਹਿਰ ਕਾਰਨ ਬੌਖਲਾਹਟ ਦਾ ਨਤੀਜਾ ਹੈ। ਇਸ ਮਾਮਲੇ ਨੂੰ ਲੈ ਕੇ ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਨੇ ਕਿਹਾ ਕਿ ਕਾਂਗਰਸ ਦੀ ਚੜ੍ਹਤ ਨੂੰ ਦੇਖਦਿਆਂ ਇਹ ਵਿਰੋਧੀਆਂ ਦੀ ਚਾਲ ਅਤੇ ਬੌਖਲਾਹਟ ਦਾ ਨਤੀਜਾ ਹੈ।
ਦਸ ਦਿਨਾਂ ਦੀ 'ਆਪ' ਦੀ ਉਮੀਦਵਾਰੀ ਪਰ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਹੀ ਹੋਵੇਗੀ ਖਤਮ
NEXT STORY