ਲੁਧਿਆਣਾ(ਹਿਤੇਸ਼)- ਜ਼ੋਨ-ਸੀ ਦੇ ਅਧੀਨ ਆਉਂਦੇ ਇਲਾਕੇ 'ਚ ਨਾਜਾਇਜ਼ ਰੂਪ ਨਾਲ ਬਣ ਰਹੀਆਂ ਦੁਕਾਨਾਂ ਨੂੰ ਤੋੜਨ ਗਏ ਬਿਲਡਿੰਗ ਇੰਸਪੈਕਟਰ ਨੂੰ ਕਾਲੋਨੀ ਮਾਲਕ ਵੱਲੋਂ ਬੰਦੀ ਬਣਾਉਣ ਦਾ ਮਾਮਲਾ ਨਗਰ ਨਿਗਮ ਗਲਿਆਰੇ 'ਚ ਦਿਨ ਭਰ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜਿਸ ਨੂੰ ਏ. ਟੀ. ਪੀ. ਵੱਲੋਂ ਪੁਲਸ ਫੋਰਸ ਨਾਲ ਮੌਕੇ 'ਤੇ ਛੁਡਵਾਉਣ ਦੀ ਖਬਰ ਹੈ। ਮਹਾਨਗਰ 'ਚ ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਕਰਨ ਗਏ ਨਗਰ ਨਿਗਮ ਮੁਲਾਜ਼ਮਾਂ ਦਾ ਵਿਰੋਧ ਹੋਣਾ ਆਮ ਗੱਲ ਹੋ ਗਈ ਹੈ, ਜਿਸ ਦੇ ਮੱਦੇਨਜ਼ਰ ਅਧਿਕਾਰੀਆਂ ਵੱਲੋਂ ਪੁਲਸ ਫੋਰਸ ਦੇ ਬਿਨਾਂ ਕੋਈ ਐਕਸ਼ਨ ਨਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ ਪਰ ਜ਼ੋਨ-ਸੀ ਦੀ ਬਿਲਡਿੰਗ ਬਰਾਂਚ ਦੇ ਮੁਲਾਜ਼ਮਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਨਕਸ਼ਾ ਪਾਸ ਕਰਵਾਏ ਬਿਨਾਂ ਕ੍ਰਿਸ਼ਨਾ ਇਨਕਲੇਵ ਦੇ ਨਾਂ ਨਾਲ ਇਕੋ ਵੇਲੇ ਬਣ ਰਹੀਆਂ ਦੁਕਾਨਾਂ ਤੋੜਨ ਗਏ ਬਿਲਡਿੰਗ ਇੰਸਪੈਕਟਰ ਦਾ ਨਾਜਾਇਜ਼ ਨਿਰਮਾਣ ਕਰਤਾਵਾਂ ਨਾਲ ਵਿਵਾਦ ਹੋ ਗਿਆ, ਜਿਸ ਨੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕਰਦਿਆਂ ਬਿਲਡਿੰਗ ਇੰਸਪੈਕਟਰ ਨੂੰ ਮੌਕੇ ਤੋਂ ਜਾਣ ਨਹੀਂ ਦਿੱਤਾ। ਇਸ ਦੀ ਸੂਚਨਾ ਜਦ ਏ. ਟੀ. ਪੀ. ਨੂੰ ਮਿਲੀ ਤਾਂ ਉਹ ਪੁਲਸ ਫੋਰਸ ਨੂੰ ਲੈ ਕੇ ਮੌਕੇ 'ਤੇ ਪਹੁੰਚੇ ਤੇ ਕਾਫੀ ਨੋਕ-ਝੋਕ ਤੋਂ ਬਾਅਦ ਇੰਸਪੈਕਟਰ ਨੂੰ ਵਾਪਸ ਲਿਆਂਦਾ ਗਿਆ। ਉਧਰ ਜ਼ੋਨ-ਸੀ ਦੇ ਸਟਾਫ ਦਾ ਦਾਅਵਾ ਹੈ ਕਿ ਬੁੱਧਵਾਰ ਨੂੰ ਡਾਬਾ, ਲੋਹਾਰਾ, ਗਿਆਸਪੁਰਾ, ਜੁਗਿਆਨਾ ਤੇ ਢੰਡਾਰੀ ਕਲਾਂ ਇਲਾਕੇ 'ਚ ਨਾਜਾਇਜ਼ ਨਿਰਮਾਣਾਂ 'ਤੇ 30 ਥਾਵਾਂ 'ਤੇ ਕਾਰਵਾਈ ਕੀਤੀ ਗਈ। ਜੋ ਸਾਰੇ ਨਿਰਮਾਣ ਰਿਹਾਇਸ਼ੀ ਇਲਾਕੇ 'ਚ ਕਮਰਸ਼ੀਅਲ ਬਿਲਡਿੰਗਾਂ ਦੇ ਰੂਪ 'ਚ ਹੋ ਰਹੇ ਸਨ, ਜਿਨ੍ਹਾਂ ਨੂੰ ਨਾਨ-ਕੰਪਾਊਂਡੇਬਲ ਕੈਟਾਗਰੀ 'ਚ ਆਉਣ ਕਾਰਨ ਤੋੜ ਦਿੱਤਾ ਗਿਆ ਹੈ।
ਕਿਰਾਏਦਾਰ ਦਾ ਸਾਮਾਨ ਬਾਹਰ ਸੁੱਟਣ 'ਤੇ 3 ਖਿਲਾਫ ਕੇਸ ਦਰਜ
NEXT STORY