ਸਮਾਣਾ (ਅਨੇਜਾ) - ਨਾਰਸਿੰਗ ਕਾਲਜ ਦੀ ਵਿਦਿਆਰਥਣ ਨਾਲ ਪਿਆਰ ਕਰਨ 'ਚ ਨਾਕਾਮ ਰਹਿਣ 'ਤੇ ਭੜਕੇ ਕਾਲਜ ਦੇ ਸੁਰੱਖਿਆ ਗਾਰਡ ਨੇ ਬੀਤੀ ਰਾਤ 10 ਵਜੇ ਹੋਸਟਲ ਦੇ ਕਮਰੇ 'ਚ ਵੜ ਕੇ ਪਹਿਲਾਂ ਵਿਦਿਆਰਥਣ ਤੇ ਫਿਰ ਖੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੋਰ ਸੁਰੱਖਿਆ ਗਾਰਡਾਂ ਵੱਲੋਂ ਦੋਵਾਂ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲੈ ਜਾਇਆ ਗਿਆ ਜਿਥੇ ਵਿਦਿਆਰਥਣ ਦੀ ਨਾਜ਼ੁਕ ਹਾਲਤ ਨੂੰ ਦੇਖ ਦੇ ਹੋਏ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।
ਸੂਚਨਾ ਮਿਲਣ 'ਤੇ ਰਾਤ ਨੂੰ ਹੀ ਡੀ. ਐੱਸ. ਪੀ. ਸਮਾਣਾ ਰਾਜਵਿੰਦਰ ਸਿੰਘ ਰੰਧਾਵਾ ਤੇ ਸਦਰ ਪੁਲਸ ਮੁਖੀ ਹਰਸੰਦੀਪ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਘਟਨਾ ਸਥਾਨ 'ਤੇ ਸਥਿਤੀ ਦਾ ਜਾਇਜ਼ਾ ਲਿਆ ਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਵਿਦਿਆਰਥਣ ਦੇ ਕਮਰੇ ਦੀ ਜਾਂਚ ਉਪਰੰਤ ਕਮਰਾ ਸੀਲ ਕਰ ਦਿੱਤਾ ਹੈ।
ਵਿਦਿਆਰਥਣ ਨੇ ਬਲਾਕ ਕਰ ਦਿੱਤਾ ਸੀ ਬਲਬੀਰ ਦਾ ਮੋਬਾਇਲ ਨੰਬਰ
ਐੱਸ. ਐੱਚ. ਓ. ਸਦਰ ਥਾਣਾ ਹਰਸੰਦੀਪ ਸਿੰਘ ਨੇ ਚੰਡੀਗੜ੍ਹ ਪਹੁੰਚੇ ਕੇ ਜ਼ਖਮੀ ਵਿਦਿਆਰਥਣ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸਾਮਾਣਾ-ਪਟਿਆਲਾ ਰੋਡ 'ਤੇ ਸਥਿਤ ਆਦਰਸ਼ ਨਰਸਿੰਗ ਕਾਲਜ 'ਚ ਤਾਇਨਾਤ 28 ਸਾਲਾ ਸੁਰੱਖਿਆ ਗਾਰਡ ਬਲਵੀਰ ਸਿੰਘ ਵਾਸੀ ਪਿੰਡ ਚੌਹੰਟ ਕਾਲਜ 'ਚ ਬੀ. ਐੱਸ. ਸੀ. ਫਾਈਨਲ ਦੀ ਵਿਦਿਆਰਥਣ ਨਵਦੀਪ ਕੌਰ ਵਾਸੀ ਜ਼ਿਲਾ ਲੁਧਿਆਣਾ 'ਤੇ ਬੁਰੀ ਨਜ਼ਰ ਰੱਖਦਾ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਉਸ ਨੂੰ ਫੋਨ 'ਤੇ ਤੰਗ ਕਰ ਰਿਹਾ ਸੀ। ਇਸ ਤੋਂ ਤੰਗ ਆ ਕੇ ਨਵਦੀਪ ਕੌਰ ਨੇ ਸੁਰੱਖਿਆ ਗਾਰਡ ਦਾ ਮੋਬਾਇਲ ਨੰਬਰ ਬਲਾਕ ਕਰ ਦਿੱਤਾ ਸੀ। ਸ਼ੁੱਕਰਵਾਰ ਦੀ ਰਾਤ ਲਗਭਗ 10 ਵਜੇ ਸੁਰੱਖਿਆ ਗਾਰਡ ਕਿਸੇ ਹੋਰ ਗਾਰਡ ਦੀ ਬੰਦੂਕ ਲੈ ਕੇ ਹੋਸਟਲ 'ਚ ਵਿਦਿਆਰਥਣ ਦੇ ਕਮਰੇ 'ਚ ਚਲਾ ਗਿਆ ਅਤੇ ਨਵਦੀਪ ਕੌਰ ਨੂੰ ਗੋਲੀ ਮਾਰ ਦਿੱਤੀ ਜੋ ਉਸ ਦੇ ਮੂੰਹ 'ਤੇ ਲੱਗੀ ਅਤੇ ਉਹ ਬਿਸਤਰੇ 'ਤੇ ਡਿੱਗ ਗਈ। ਖੂਨ ਨਾਲ ਲੱਥਪਥ ਵਿਦਿਆਰਥਣ ਨੂੰ ਦੇਖ ਕੇ ਘਬਰਾਏ ਗਾਰਡ ਨੇ ਆਪਣੇ ਪੱਟ 'ਤੇ ਗੋਲੀ ਮਾਰ ਲਈ। ਸ਼ੋਰ-ਸ਼ਰਾਬਾ ਹੋਣ 'ਤੇ ਹੋਰ ਵਿਦਿਆਰਥਣਾਂ ਵੀ ਮੌਕੇ 'ਤੇ ਪਹੁੰਚ ਗਈਆਂ ਤੇ ਦੋਵਾਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ।

ਪੁਲਸ ਸੁਰੱਖਿਆ ਵਿਚ ਇਲਾਜ ਅਧੀਨ ਹੈ ਮੁਲਜ਼ਮ
ਵਿਦਿਆਰਥਣਾਂ ਦੇ ਬਿਆਨਾਂ 'ਤੇ ਪੁਲਸ ਨੇ ਸੁਰੱਖਿਆ ਗਾਰਡ ਬਲਵੀਰ ਸਿੰਘ ਖਿਲਾਫ ਧਾਰਾ 307, 458, 354, 120ਬੀ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾ ਕੇ ਉਸ 'ਤੇ ਪੁਲਸ ਦਾ ਪਹਿਰਾ ਲਾ ਦਿੱਤਾ ਹੈ। ਪੁਲਸ ਨੇ ਵਾਰਦਾਤ 'ਚ ਵਰਤੀ ਗਈ ਬੰਦੂਕ, ਕਾਰਤੂਸਾਂ ਦੇ ਖੋਲ ਤੋਂ ਇਲਾਵਾ ਗੋਲੀਆਂ ਤੇ ਹੋਰ ਜ਼ਰੂਰੀ ਸਬੂਤ ਇਕੱਠੇ ਕਰ ਕੇ ਆਪਣੇ ਕਬਜ਼ੇ 'ਚ ਲੈ ਲਏ ਹਨ। ਵਿਦਿਆਰਥਣ ਦੀ ਹਾਲਤ ਨਾਜ਼ਕ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰੇਖਾ ਅਗਰਵਾਲ ਨੇ ਖੁਦ ਕਰਵਾਈਆਂ ਸੱਟੇ ਦੀਆਂ ਦੁਕਾਨਾਂ ਬੰਦ
NEXT STORY