ਤਰਨਤਾਰਨ (ਰਮਨ)- ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੂਰੇ ਹਲਕੇ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਸੁਰੱਖਿਆ ਪ੍ਰਬੰਧ ਕੀਤੇ ਜਾ ਚੁੱਕੇ ਹਨ, ਉਥੇ ਹੀ ਚੋਣ ਕਮਿਸ਼ਨ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਵੋਟਰਾਂ ਨੂੰ ਲੁਭਾਉਣ ਲਈ ਕਿਸੇ ਵੀ ਤਰ੍ਹਾਂ ਦਾ ਲਾਲਚ ਨਾ ਦਿੱਤਾ ਜਾਵੇ। ਜਿਸ ਦੇ ਚੱਲਦਿਆਂ ਵੱਖ-ਵੱਖ ਸਰਵਿਸ ਸਰਵੀਲੈਂਸ ਟੀਮਾਂ ਵੱਲੋਂ ਨਸ਼ਾ, ਸ਼ਰਾਬ ਦੀ ਸਪਲਾਈ ਅਤੇ ਨਕਦੀ ਉਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 11 ਨਵੰਬਰ ਨੂੰ ਹੋਣ ਜਾ ਰਹੀ ਚੋਣ ਦੇ ਚੱਲਦਿਆਂ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਤਰਨਤਾਰਨ ਸਮੇਤ ਉਸਦੇ ਨਾਲ ਲੱਗਦੇ ਤਿੰਨ ਕਿਲੋਮੀਟਰ ਦੇ ਦਾਇਰੇ ਵਿਚ ਸਾਰੇ ਸ਼ਰਾਬ ਠੇਕਿਆਂ 9 ਤੋਂ 11 ਨਵੰਬਰ ਤੱਕ ਬੰਦ ਰੱਖੇ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਵਾਰਸ ਪੰਜਾਬ ਜਥੇਬੰਦੀ ਦੇ ਇਲੈਕਸ਼ਨ ਇੰਚਾਰਜ ‘ਤੇ ਜਾਨਲੇਵਾ ਹਮਲਾ, ਭਿਆਨਕ ਅੱਗ 'ਚ ਝੁਲਸੇ
ਤਿੰਨ ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ
ਜ਼ਿਲਾ ਚੋਣਾਂ ਅਧਿਕਾਰੀ ਰਾਹੁਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਕਸਾਈਜ਼ ਕਮਿਸ਼ਨਰ ਪੰਜਾਬ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਸਾਰੇ ਵਿਧਾਨ ਸਭਾ ਹਲਕਾ ਤਰਨਤਾਰਨ ਅਤੇ ਇਸ ਦੇ ਨਾਲ ਲੱਗਦੇ ਤਿੰਨ ਕਿਲੋਮੀਟਰ ਦੀ ਹੱਦਬੰਦੀ ਵਿਚ ਸ਼ਰਾਬ ਦੇ ਠੇਕੇ 9 ਨਵੰਬਰ ਨੂੰ ਸ਼ਾਮ 6 ਵਜੇ ਤੋਂ ਲੈ ਕੇ 11 ਨਵੰਬਰ ਸ਼ਾਮ 6 ਵਜੇ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਦ ਕਿ 14 ਨਵੰਬਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਨੂੰ ਵੀ ਇਸੇ ਤਰ੍ਹਾਂ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਸ਼ਾ ਤਸਕਰਾਂ ਨੇ ਕੁੱਟ-ਕੁੱਟ ਮਾਰ'ਤਾ ਮੁੰਡਾ
ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਹੋਣ ਜਾ ਰਹੀ ਜ਼ਿਮਨੀ ਚੋਣ ਪੂਰੇ ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਸਬੰਧੀ ਸਖਤ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। 11 ਨਵੰਬਰ ਪੋਲਿੰਗ ਦਾ ਦਿਨ ਨਜ਼ਦੀਕ ਆਉਣ ਦੇ ਨਾਲ-ਨਾਲ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਪੂਰੀ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ, ਉਥੇ ਹੀ ਚੋਣ ਅਬਜਰਵਰ ਵੱਲੋਂ ਖਰਚੇ ਅਤੇ ਸਿਆਸੀ ਗਤੀਵਿਧੀਆਂ ਉਪਰ ਤਿੱਖੀ ਨਜ਼ਰ ਰੱਖਣ ਲਈ ਵਿਸ਼ੇਸ਼ ਟੀਮਾਂ ਦੀ ਗਿਣਤੀ ਹੋਰ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸਵੇਰੇ ਵੱਡੀ ਵਾਰਦਾਤ, ਅਕਾਲੀ ਆਗੂ ਨੂੰ ਮਾਰੀਆਂ ਗੋਲੀਆਂ
ਆਮ ਹੀ ਵੇਖਣ ਨੂੰ ਮਿਲਦਾ ਰਿਹਾ ਹੈ ਕਿ ਚੋਣਾਂ ਦੌਰਾਨ ਆਪਣੇ ਵੋਟਰਾਂ ਨੂੰ ਲੁਭਾਉਣ ਦੇ ਚੱਕਰ ਵਿਚ ਸਿਆਸੀ ਆਗੂ ਕਈ ਤਰ੍ਹਾਂ ਦੇ ਲਾਲਚ ਦਿੰਦੇ ਆ ਰਹੇ ਹਨ। ਇਸ ਦੌਰਾਨ ਵੋਟਰਾਂ ਨੂੰ ਖੁਸ਼ ਕਰਨ ਲਈ ਜਿੱਥੇ ਵੱਖ-ਵੱਖ ਕਿਸਮ ਦੀਆਂ ਪਾਰਟੀਆਂ ਦਾ ਲਾਲਚ ਦਿੱਤਾ ਜਾਂਦਾ ਰਿਹਾ ਹੈ, ਉਥੇ ਹੀ ਸ਼ਰਾਬ ਦੇ ਸ਼ੌਕੀਨ ਵੋਟਰਾਂ ਨੂੰ ਸ਼ਰਾਬ ਤੱਕ ਦੀ ਸਪਲਾਈ ਘਰਾਂ ਤੱਕ ਪਹੁੰਚਾਈ ਜਾਂਦੀ ਰਹੀ ਹੈ। ਇਨ੍ਹਾਂ ਗਤੀਵਿਧੀਆਂ ਉਪਰ ਤਿੱਖੀ ਨਜ਼ਰ ਰੱਖਦੇ ਹੋਏ ਚੋਣ ਅਬਜਰਵਰ ਵੱਲੋਂ ਐਕਸਾਈਜ਼ ਵਿਭਾਗ ਨੂੰ ਜਿੱਥੇ ਸਖਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹਲਕੇ ਵਿਚ ਠੇਕਿਆਂ ਉਪਰ ਅਤੇ ਆਮ ਲੋਕਾਂ ਵੱਲੋਂ ਖਰੀਦੀ ਜਾਣ ਵਾਲੀ ਸ਼ਰਾਬ ਨੂੰ ਬਣਾਏ ਗਏ ਨਿਯਮਾਂ ਦੇ ਅਨੁਸਾਰ ਹੀ ਵੇਚਿਆ ਜਾਵੇ। ਚੋਣ ਅਬਜਰਵਰਾਂ ਵੱਲੋਂ ਐਕਸਾਈਜ਼ ਵਿਭਾਗ ਨੂੰ ਇਹ ਆਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਥੋਕ ਤਾਦਾਤ ਵਿਚ ਸ਼ਰਾਬ ਦੀ ਸਪਲਾਈ ਨਾ ਹੋਣ ਦਿੱਤੀ ਜਾਵੇ ਅਤੇ ਜੇ ਅਜਿਹਾ ਹੁੰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਜ਼ਰੂਰ ਲਿਆਂਦੀ ਜਾਵੇ।
ਇਹ ਵੀ ਪੜ੍ਹੋ- ਕੰਬ ਜਾਣਾ ਸੀ ਪੰਜਾਬ, ਵਿਦੇਸ਼ੀ ਹਥਿਆਰਾਂ ਸਣੇ KLF ਨਾਲ ਜੁੜੇ ਦੋ ਮੁਲਜ਼ਮ ਗ੍ਰਿਫ਼ਤਾਰ, ਪਹਿਲਾਂ ਵੀ ਕਰ ਚੁੱਕੇ...
ਇਸ ਦੌਰਾਨ ਜਿੱਥੇ ਐਕਸਾਈਜ਼ ਵਿਭਾਗ ਵੱਲੋਂ ਆਪਣੇ ਪੱਧਰ ਉਪਰ ਸ਼ਰਾਬ ਦੀ ਹੋ ਰਹੀ ਵਿਕਰੀ ਉਪਰ ਨਜ਼ਰ ਰੱਖੀ ਜਾ ਰਹੀ ਹੈ, ਉਥੇ ਹੀ ਵੱਖ-ਵੱਖ ਸਰਵੀਲੈਂਸ ਟੀਮਾਂ ਵੱਲੋਂ ਵੀ ਹਲਕੇ ਅੰਦਰ ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਘਰਾਂ ਵਿਚ ਕੱਢੀ ਜਾਣ ਵਾਲੀ ਦੇਸੀ ਸ਼ਰਾਬ ਦੀ ਸਪਲਾਈ ਅਤੇ ਵੋਟਰਾਂ ਤੱਕ ਪਹੁੰਚਾਉਣ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜ਼ਿਲਾ ਚੋਣ ਅਧਿਕਾਰੀ ਅਤੇ ਚੋਣ ਅਬਜਰਵਰ ਵੱਲੋਂ ਨਾਜਾਇਜ਼ ਤੌਰ ਉਪਰ ਹੋਣ ਵਾਲੀ ਸ਼ਰਾਬ ਦੀ ਵਿਕਰੀ ਅਤੇ ਸਪਲਾਈ ਸਬੰਧੀ ਸ਼ਿਕਾਇਤ ਕੰਟਰੋਲ ਰੂਮ ਉਪਰ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਨਾਲ ਹੀ ਇਸ ਸਬੰਧੀ ਸ਼ਿਕਾਇਤ ਸੀ ਵਿਜਿਲ ਐਪ ਉਪਰ ਵੀ ਕੀਤੀ ਜਾ ਸਕਦੀ ਹੈ, ਜਿੱਥੇ ਸ਼ਿਕਾਇਤ ਕਰਤਾ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਜ਼ਿਮਨੀ ਚੋਣ ਦੇ ਚੱਲਦਿਆਂ ਸ਼ਰਾਬ ਦੇ ਸਬੰਧ ਵਿਚ ਹਲਕੇ ਅੰਦਰ ਰੋਜ਼ਾਨਾ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਬੀਤੇ ਸਮੇਂ ਵਿਚ ਕਈ ਲੀਟਰ ਨਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਚੋਣ ਅਬਜਰਵਰ ਵੱਲੋਂ ਜਾਰੀ ਹੋਏ ਹੁਕਮਾਂ ਤਹਿਤ ਕਿਸੇ ਵੀ ਤਰ੍ਹਾਂ ਦੀ ਨਸ਼ੇ ਨਾਲ ਸਬੰਧਤ ਸਪਲਾਈ ਅਤੇ ਨਕਦੀ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਨਜ਼ਰ ਆ ਰਿਹਾ ਹੈ, ਜਿਨ੍ਹਾਂ ਵੱਲੋਂ ਰੋਜ਼ਾਨਾ ਦੂਸਰੇ ਜ਼ਿਲੇ ਤੋਂ ਆਉਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਜ਼ਿਲਾ ਚੋਣਾਂ ਅਧਿਕਾਰੀ ਅਤੇ ਚੋਣ ਅਬਜਰਵਰ ਵੱਲੋਂ ਸ਼ਰਾਬ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦੇ ਹੋਏ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਜੇ ਉਨ੍ਹਾਂ ਦੇ ਸਟਾਕ ਵਿਚ ਕਿਸੇ ਵੀ ਤਰ੍ਹਾਂ ਦਾ ਹੇਰ-ਫੇਰ ਪਾਇਆ ਗਿਆ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਵਿਚ ਕੋਈ ਵੀ ਦੇਰੀ ਨਹੀਂ ਲਗਾਈ ਜਾਵੇਗੀ। ਇਸ ਸਬੰਧੀ ਸ਼ਰਾਬ ਠੇਕੇਦਾਰਾਂ ਵੱਲੋਂ ਲਾਈਸੈਂਸ ਦੇ ਆਧਾਰ ਉਪਰ ਮੰਗਵਾਈ ਜਾਣ ਵਾਲੀ ਸ਼ਰਾਬ ਦਾ ਰਿਕਾਰਡ ਵੀ ਐਕਸਾਈਜ਼ ਵਿਭਾਗ ਦੇ ਈ.ਟੀ.ਓ ਵੱਲੋਂ ਰੋਜ਼ਾਨਾ ਚੈੱਕ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਨਵੇਂ MP ਰਾਜਿੰਦਰ ਗੁਪਤਾ ਦਾ ਸਹੁੰ ਚੁੱਕਣ ਮਗਰੋਂ 'ਐਕਸ਼ਨ ਮੋਡ'
NEXT STORY