ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬੇ ਦੇ ਇਕੱਲੇ ਬਚੇ ਜਨਤਕ ਖੇਤਰ ਦੇ ਅਦਾਰੇ ਪੰਜਾਬ ਕਮਿਊਨੀਕੇਸ਼ਨਜ਼ ਲਿਮਟਿਡ (ਪਨਕੌਮ) (ਪੀ. ਐੱਸ. ਯੂ.) ਦਾ ਪੰਜਾਬ ’ਚ ਫੈਲੇ ਅੰਨ੍ਹੇ ਭ੍ਰਿਸ਼ਟਾਚਾਰ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਤਾਅਨਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਜਮਾਤ ਦੀ ਜ਼ਮੀਰ ਥੋੜ੍ਹੀ-ਬਹੁਤੀ ਵੀ ਜ਼ਿੰਦਾ ਹੈ ਤਾਂ ਪਨਕੌਮ ਦੇ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਉੱਤੇ ਮਿਸਾਲੀ ਕਾਰਵਾਈ ਕੀਤੀ ਜਾਵੇ ਤੇ ਕੰਪਨੀ ਨੂੰ ਸ਼ਰੇਆਮ ਲੁੱਟਣ ਵਾਲੇ ਅਫ਼ਸਰਾਂ ਤੇ ਅਧਿਕਾਰੀਆਂ ਦੀਆਂ ਨਾਮੀ ਤੇ ਬੇਨਾਮੀ ਜਾਇਦਾਦਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਪਾਰਟੀ ਹੈੱਡਕੁਆਰਟਰ ਤੋਂ ਤੱਥਾਂ ਤੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਜਾਰੀ ਬਿਆਨ ਰਾਹੀਂ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ 1990 ਦੇ ਦਹਾਕੇ 'ਚ ਇਲੈਕਟ੍ਰੋਨਿਕ ਟਾਊਨ (ਬਿਜਲਈ ਸ਼ਹਿਰ) ਵਜੋਂ ਜਾਣੇ ਜਾਂਦੇ ਮੋਹਾਲੀ (ਐੱਸ.ਏ.ਐੱਸ. ਨਗਰ) ’ਚ ਅੱਜ ਬਿਜਲਈ ਖੇਤਰ ਦਾ ਇਕੱਲਾ ਪੀ.ਐੱਸ.ਯੂ. ਬਚਿਆ ਹੈ ਪਰ ਭ੍ਰਿਸ਼ਟਾਚਾਰ ’ਚ ਲਿਪਤ ਬੇਲਗ਼ਾਮ ਅਫ਼ਸਰਸ਼ਾਹੀ ਇਸ ਇਕਲੌਤੇ ਅਦਾਰੇ ਨੂੰ ਵਿੱਤੀ ਤੌਰ ’ਤੇ ਬਰਬਾਦ ਕਰਨ’ਚ ਲੱਗੀ ਹੋਈ ਹੈ, ਜਿਸ ਕਾਰਨ ਉੱਥੇ ਪੱਕੇ ਅਤੇ ਕੱਚੇ (ਰੈਗੂਲਰ ਐਂਡ ਟੈਂਪਰੇਰੀ) ਕਰਮਚਾਰੀਆਂ ਦੇ ਸਾਹ ਸੁੱਕਦੇ ਜਾ ਰਹੇ ਹਨ ਕਿਉਂਕਿ ਜੇਕਰ ਜਨਤਕ ਖੇਤਰ ਦੇ ਦੂਸਰੇ ਅਦਾਰਿਆਂ ਵਾਂਗ ਪਨਕੌਮ ਵੀ ਬੰਦ ਹੋ ਜਾਂਦੀ ਹੈ ਤਾਂ ਨਾ ਸਿਰਫ ਉਨ੍ਹਾਂ ਦਾ ਰੁਜ਼ਗਾਰ ਵੀ ਖੁੱਸੇ ਤੇ ਹਰ ਮੁਲਾਜ਼ਮ ਦੇ ਬਕਾਇਆ ਖੜ੍ਹੇ ਲੱਖਾਂ ਰੁਪਏ ਦੇ ਭੱਤੇ ਵੀ ਡੁੱਬ ਜਾਣਗੇ ਕਿਉਂਕਿ ਪਹਿਲਾਂ ਬਾਦਲ ਸਰਕਾਰ, ਫਿਰ ਕੈਪਟਨ ਸਰਕਾਰ ਤੇ ਹੁਣ ਚੰਨੀ ਸਰਕਾਰ ਪਨਕੌਮ ਨੂੰ ਦੋਵੇਂ ਹੱਥੀਂ ਲੁੱਟ ਰਹੇ ਕਰੀਬ ਡੇਢ ਦਰਜਨ ਅਫ਼ਸਰਾਂ ਨੂੰ ਹੱਥ ਤੇ ਨੱਥ ਪਾਉਣ ’ਚ ਕੋਈ ਰੁਚੀ ਨਹੀਂ ਦਿਖਾ ਰਹੀ।
ਇਹ ਵੀ ਪੜ੍ਹੋ : ਸਿੱਧੂ ਦੇ ਹੱਕ ’ਚ ਡਟੇ ਨਵਤੇਜ ਚੀਮਾ, ਰਾਣਾ ਗੁਰਜੀਤ ਨੂੰ ਦਿੱਤਾ ਜਵਾਬ
ਮੀਤ ਹੇਅਰ ਨੇ ਪਨਕੌਮ ਦੇ 10 ਉੱਚ ਅਧਿਕਾਰੀਆਂ ਦੀਆਂ ਆਨ ਰਿਕਾਰਡ ਤਨਖ਼ਾਹਾਂ ਲੈਣ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਇਕ ਪਾਸੇ ਪ੍ਰਤੀ ਮਹੀਨਾ ਡੇਢ ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੋਂ ਵੱਧ ਤਨਖ਼ਾਹ ਲਏ ਜਾ ਰਹੇ ਹਨ, ਦੂਜੇ ਪਾਸੇ ਕੋਵਿਡ ਕਾਰਨ ਡਿਊਟੀ ਦੌਰਾਨ ਮਹਾਰਾਸ਼ਟਰ ਦੇ ਭੁਸਾਵਲ ’ਚ ਦਮ ਤੋੜਨ ਵਾਲੇ ਪੱਕੇ ਕਰਮਚਾਰੀ ਨਰੇਸ਼ ਕੁਮਾਰ ਦੇ ਪਰਿਵਾਰ ਨੂੰ ਨਾ ਤਾਂ ਨਿਯਮਾਂ ਮੁਤਾਬਿਕ ਬਣਦੀ ਪੂਰੀ ਗ੍ਰੈਚੁਟੀ ਰਾਸ਼ੀ ਦਿੱਤੀ ਅਤੇ ਨਾ ਹੀ ਨੌਕਰੀ ਦਿੱਤੀ ਹੈ, ਜਦਕਿ ਕੋਵਿਡ ਦੇ ਸਿਖਰ ’ਤੇ ਹੋਣ ਕਾਰਨ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਵੀ ਨਹੀਂ ਮਿਲ ਸਕੀ ਸੀ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਰਾਜਪਾਲ ਪੰਜਾਬ ਨਾਲੋਂ ਵੀ ਵੱਧ ਤਨਖ਼ਾਹਾਂ ਵਸੂਲ ਰਹੇ ਪਨਕੌਮ ਦੇ ਅਧਿਕਾਰੀ ਫ਼ਰਜ਼ੀ ਬਿੱਲਾਂ ਅਤੇ ਝੂਠੇ ਹਲਫ਼ੀਆ ਬਿਆਨਾਂ ਰਾਹੀਂ ਵੀ ਪਨਕੌਮ ਨੂੰ ਮੋਟਾ ਚੂਨਾ ਲਗਾ ਰਹੇ ਹਨ, ਜਿਸ ਦਾ ਖ਼ੁਲਾਸਾ ਕਿਸੇ ਸਾਧਾਰਨ ਵਿਅਕਤੀ ਜਾਂ ਸੰਸਥਾ ਦੇ ਨਹੀਂ, ਸਗੋਂ ਕੈਗ ਦੀਆਂ ਆਡਿਟ ਰਿਪੋਰਟਾਂ ਨੇ ਕੀਤਾ ਹੈ ਪਰ ਕਿਸੇ ਵੀ ਦੋਸ਼ੀ ਉੱਪਰ ਕੋਈ ਕਾਰਵਾਈ ਤਾਂ ਦੂਰ ਅਗਲੇਰੀ ਜਾਂਚ ਕਰਾਉਣੀ ਵੀ ਸਰਕਾਰ ਨੇ ਜ਼ਰੂਰੀ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ’ਚ ਸਰਗਰਮ ਲੈਂਡ ਮਾਫ਼ੀਆ ਵੀ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਦੀ ਸਰਪ੍ਰਸਤੀ ਕਰ ਰਿਹਾ ਹੈ ਤਾਂ ਕਿ ਜੇ.ਸੀ.ਟੀ., ਪਨਵਾਇਰ ਆਦਿ ਦੂਸਰੇ ਅਦਾਰਿਆਂ ਵਾਂਗ ਪਨਕੌਮ ਵੀ ਬੰਦ ਹੋਵੇ ਅਤੇ ਉਹ ਇਸ (ਪਨਕੌਮ) ਦੀ ਅਰਬਾਂ-ਖਰਬਾਂ ਰੁਪਏ ਦੀ ਸੋਨੇ ਵਰਗੀ ਜ਼ਮੀਨ/ਸੰਪਤੀ ਨੂੰ ਕੌਡੀਆਂ ਦੇ ਭਾਅ ਖ਼ਰੀਦ ਸਕਣ। ਮੀਤ ਹੇਅਰ ਨੇ ਦੱਸਿਆ ਕਿ 71 ਪ੍ਰਤੀਸ਼ਤ ਪੰਜਾਬ ਸਰਕਾਰ ਦੀ ਹਿੱਸੇਦਾਰੀ ਵਾਲੇ ਪੀ.ਐੱਸ.ਯੂ. ਅਦਾਰੇ ਪਨਕੌਮ ਕੋਲ ਮੋਹਾਲੀ ’ਚ ਹੀ 5 ਥਾਵਾਂ ’ਤੇ ਮੋਟੀ ਪ੍ਰਾਪਰਟੀ ਪਈ ਹੈ।
ਇਹ ਵੀ ਪੜ੍ਹੋ : ਸਿੱਖ ਜਥੇਬੰਦੀਆਂ ਨਾਲ ਮੀਟਿੰਗ ਮਗਰੋਂ ਹਰਜਿੰਦਰ ਧਾਮੀ ਦਾ ਵੱਡਾ ਫ਼ੈਸਲਾ, SGPC ਵੀ ਬਣਾਏਗੀ ਸਿੱਟ
ਮੀਤ ਹੇਅਰ ਨੇ ਪਨਕੌਮ ’ਚ ਚੱਲ ਰਹੀਆਂ ਧਾਂਦਲੀਆਂ ਅਤੇ ਉੱਚ-ਪੱਧਰੀ ਲੁੱਟ ਦੀ ਮਾਣਯੋਗ ਹਾਈਕੋਰਟ ਦੀ ਨਿਗਰਾਨੀ ਥੱਲੇ ਸਮਾਂਬੱਧ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜਨਤਕ ਖੇਤਰ ਦੇ ਇਸ ਇਕਲੌਤੇ ਅਦਾਰੇ ਨੂੰ ਬਚਾਉਣ ਲਈ ਜੇਕਰ ਚੰਨੀ ਸਰਕਾਰ ਨੇ ਕੋਈ ਪੁਖ਼ਤਾ ਕਦਮ ਨਾ ਚੁੱਕੇ ਤਾਂ 2022 ਵਿਚ ‘ਆਪ’ ਦੀ ਸਰਕਾਰ ਬਣਨ ’ਤੇ ਨਾ ਸਿਰਫ ਪਨਕੌਮ ਨੂੰ ਮੁੜ ਪੈਰਾਂ ਸਿਰ ਖੜ੍ਹਾ ਕੀਤਾ ਜਾਵੇਗਾ, ਸਗੋਂ ਇਸ ਨੂੰ ਲੁੱਟਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਦੀਆਂ ਸੰਪਤੀਆਂ ਜ਼ਬਤ ਕਰ ਕੇ ਲੁੱਟ ਦੀ ਵਸੂਲੀ ਕੀਤੀ ਜਾਵੇਗੀ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਦਿੱਲੀ ਦੇ ਸਿਹਤ ਮਾਡਲ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਕੇਜਰੀਵਾਲ ’ਤੇ ਚੁੱਕੇ ਵੱਡੇ ਸਵਾਲ
NEXT STORY