ਅੰਮ੍ਰਿਤਸਰ (ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵਾਂਗ ਸ਼੍ਰੋ੍ਮਣੀ ਕਮੇਟੀ ਵੀ ਇਕ ਸਿੱਟ ਬਣਾਏਗੀ, ਜੋ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗੀ। ਇਸ ਕਮੇਟੀ ’ਚ ਦੋ ਨੁਮਾਇੰਦੇ ਜਥੇਬੰਦੀਆਂ ’ਚੋਂ, ਦੋ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਦੋ ਪੰਥਕ ਵਿਦਵਾਨਾਂ ’ਚੋਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀ ਸਿੱਟ ਬਣਨ ਦੀ ਉਡੀਕ ਕਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਆਪਣੀ ਸਿੱਟ ਬਣਾਵਾਂਗੇ। ਜੋ ਪੁਲਸ ਨੇ ਤਫ਼ਤੀਸ਼ ਕਰਨੀ ਹੈ, ਉਹ ਉਸ ਦਾ ਆਪਣਾ ਸਿਸਟਮ ਹੈ। ਸਾਡੀ ਸਿੱਟ ਮੋਨੀਟਰੀ ਵਾਚ ਕਰੇਗੀ ਕਿ ਉਸ ’ਚ ਕੀ ਸੱਚ ਹੈ ਅਤੇ ਕੀ ਝੂਠ ਹੈ। ਉਸ ’ਚ 10-15 ਦਿਨ ਲੱਗ ਸਕਦੇ ਹਨ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਸੰਗਤ ਨੇ ਕੁੱਟ-ਕੁੱਟ ਕੇ ਮਾਰਿਆ (ਵੀਡੀਓ)
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਘਟਨਾ ਦੀ ਤਹਿ ਤੱਕ ਜਾਣ ਲਈ ਸੀ.ਸੀ.ਟੀ.ਵੀ. ਦ੍ਰਿਸ਼ ਦੇਖੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਦੇ ਕੈਮਰੇ ਖੰਗਾਲਣ ਲਈ ਗਠਿਤ ਕੀਤੀ ਜਾਣ ਵਾਲੀ ਕਮੇਟੀ ਕਾਰਜ ਕਰੇਗੀ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਘਟਨਾ ਵਾਲੇ ਦਿਨ ਸਵੇਰੇ 8:30 ਵਜੇ ਜਲ੍ਹਿਆਂਵਾਲਾ ਬਾਗ ਮਾਰਗ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ ਸੀ। ਇਸ ਦੌਰਾਨ ਉਹ ਪਹਿਲੀ ਵਾਰ ਕਰੀਬ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਪਰਿਕਰਮਾ ’ਚ ਦਾਖਲ ਹੋਣ ਲਈ ਆਇਆ ਪਰ ਵਾਪਸ ਮੁੜ ਗਿਆ। ਇਸ ਮਗਰੋਂ ਉਹ ਪਲਾਜ਼ਾ ਰਾਹੀਂ ਸ੍ਰੀ ਗੁਰੂ ਰਾਮਦਾਸ ਨਿਵਾਸ ਵਾਲੇ ਪਾਸੇ ਪੁੱਜਾ ਅਤੇ ਸਵੇਰੇ 9:38 ਵਜੇ ਲੰਗਰ ਘਰ ’ਚ ਦਾਖਲ ਹੋਇਆ। ਉਸ ਨੇ ਲੰਗਰ ਛਕਿਆ ਅਤੇ ਚਾਹ ਪੀਤੀ। ਇਥੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 10:19 ਵਜੇ ਪਰਿਕਰਮਾ ’ਚ ਦਾਖ਼ਲ ਹੋਇਆ। ਦੋਸ਼ੀ ਵਿਅਕਤੀ 10:34 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਅੰਦਰ ਪਹਿਲੀ ਵਾਰ ਪੁੱਜਾ। 10:37 ’ਤੇ ਹਰਿ ਕੀ ਪੌੜੀ ਦੇ ਉੱਪਰ ਗਿਆ ਅਤੇ 11:45 ਵਜੇ ਬਾਹਰ ਆਇਆ। ਇਸ ਮਗਰੋਂ ਉਹ ਫਿਰ ਸੱਚਖੰਡ ਅੰਦਰ ਦਾਖਲ ਹੋਇਆ ਅਤੇ 5:46 ’ਤੇ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ। ਐਡਵੋਕੇਟ ਧਾਮੀ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਸਪੱਸ਼ਟ ਹੋਇਆ ਕਿ ਉਹ ਡਰਿਆ ਹੋਇਆ ਸੀ ਅਤੇ ਸਾਰਾ ਦਿਨ ਮੂੰਹ ਨੀਵਾਂ ਕਰਕੇ ਚੱਲਦਾ ਰਿਹਾ। ਇਸ ਦੌਰਾਨ ਉਸ ਨੂੰ ਜੇਬਕਤਰਾ ਆਦਿ ਸਮਝ ਕੇ ਟਾਸਕ ਫੋਰਸ ਵਾਲਿਆਂ ਨੇ ਬਾਹਰ ਵੀ ਕੀਤਾ।
ਇਹ ਵੀ ਪੜ੍ਹੋ : ਸਿੱਧੂ ਦੇ ਹੱਕ ’ਚ ਡਟੇ ਨਵਤੇਜ ਚੀਮਾ, ਰਾਣਾ ਗੁਰਜੀਤ ਨੂੰ ਦਿੱਤਾ ਜਵਾਬ
ਉਨ੍ਹਾਂ ਕਿਹਾ ਕਿ ਸਾਫ ਨਜ਼ਰ ਆਉਂਦਾ ਹੈ ਕਿ ਦੋਸ਼ੀ ਮੰਦਭਾਵਨਾ ਨਾਲ ਹੀ ਆਇਆ ਸੀ ਅਤੇ ਪਿੱਛੋਂ ਮਿਲੀ ਟ੍ਰੇਨਿੰਗ ਅਨੁਸਾਰ ਕੰਮ ਕਰ ਰਿਹਾ ਸੀ। ਐਡਵੋਕੇਟ ਧਾਮੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਿੱਖ ਪੰਥ ਨੇ ਉਸ ਨੂੰ ਜੋ ਵੀ ਸਜ਼ਾ ਦਿੱਤੀ ਹੈ, ਉਹ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਅਤੇ ਸਰਕਾਰਾਂ ਵੱਲੋਂ ਇਨਸਾਫ ਨਾ ਦਿੱਤੇ ਜਾਣ ਕਰਕੇ ਦਿੱਤੀ ਹੈ। ਜੇਕਰ ਸਰਕਾਰਾਂ ਦੀ ਮਨਸ਼ਾ ਸਾਫ ਹੋਵੇ ਤਾਂ ਦੋਸ਼ੀ ਕਦੀ ਵੀ ਅਜਿਹੀਆਂ ਹਰਕਤਾਂ ਨਹੀਂ ਕਰ ਸਕਦੇ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਮੋੜ ਵਿਖੇ ਵਾਪਰੀ ਘਟਨਾ ਵਿਚ ਸਰਕਾਰ ਅਤੇ ਪੁਲਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਾਣਬੁੱਝ ਕੇ ਉਥੋਂ ਦੇ ਗ੍ਰੰਥੀ ਤੇ ਉਸ ਦੇ ਪਰਿਵਾਰ ਨੂੰ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਮਨਮਰਜ਼ੀ ਦੀਆਂ ਕਾਰਵਾਈ ਤੋਂ ਬਾਜ਼ ਆਉਣ, ਨਹੀਂ ਤਾਂ ਇਸ ਦੇ ਨਤੀਜੇ ਠੀਕ ਨਹੀਂ ਨਿਕਲਣਗੇ। ਇਸੇ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨਾਲ ਇਕ ਵੱਖਰੀ ਬੈਠਕ ਕਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੇ ਮਾਮਲੇ ਵਿਚ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਕੀਤੀ ਗਈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋੋ
ਪੰਜਾਬ ਸਰਕਾਰ ਵੱਲੋਂ ਵਪਾਰ ਤੇ ਉਦਯੋਗ ਨੂੰ ਵੱਡੀ ਰਾਹਤ, ਵੈਟ ਦੇ 40 ਹਜ਼ਾਰ ਲੰਬਿਤ ਕੇਸ ਰੱਦ
NEXT STORY