ਮੋਗਾ (ਆਜ਼ਾਦ) - ਤੇਜ਼ ਰਫ਼ਤਾਰ ਬੱਸ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਚਾਲਕ ਗੁਰਨਾਮ ਸਿੰਘ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ ਮੋਗਾ ਦੀ ਮੌਤ, ਜਦਕਿ ਇਕ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਨਾਮ ਸਿੰਘ, ਜੋ ਆਪਣੀ ਸਕੂਟਰੀ 'ਤੇ ਪਿੰਡ ਲੰਡੇਕੇ ਤੋਂ ਮੋਗਾ ਨੂੰ ਜਾ ਰਿਹਾ ਸੀ ਕਿ ਰਸਤੇ 'ਚ ਪੀ. ਆਰ. ਟੀ. ਸੀ. ਬੱਸ ਦੇ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਬੱਸ ਚਲਾਉਂਦਿਆਂ ਉਸ ਦੀ ਸਕੂਟਰੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਅਤੇ ਇਸ ਦੌਰਾਨ ਬੱਸ ਬੇਕਾਬੂ ਹੋ ਕੇ ਇਕ ਹੋਰ ਸਕੂਟਰੀ ਨਾਲ ਜਾ ਟਕਰਾਈ, ਜਿਸ ਨੂੰ ਸੋਨੂੰ ਨਿਵਾਸੀ ਮੋਗਾ ਚਲਾ ਰਿਹਾ ਸੀ। ਉਕਤ ਹਾਦਸੇ 'ਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਉਣਾ ਪਿਆ, ਜਿੱਥੇ ਗੁਰਨਾਮ ਸਿੰਘ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਮੋਗਾ 'ਚੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।
ਨਕਾਬਪੋਸ਼ ਲੁਟੇਰਿਆਂ ਨੇ ਚਾਕੂ ਮਾਰ ਕੇ ਵਿਅਕਤੀ ਨੂੰ ਕੀਤਾ ਜ਼ਖਮੀ
NEXT STORY