ਮਾਛੀਵਾੜਾ ਸਾਹਿਬ (ਟੱਕਰ) : ਬੁੱਧਵਾਰ ਸਵੇਰੇ 7 ਵਜੇ ਮਾਛੀਵਾੜਾ-ਕੁਹਾੜਾ ਰੋਡ 'ਤੇ ਸਥਿਤ ਧਾਗਾ ਫੈਕਟਰੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਇੱਕ ਔਰਤ ਰੁਕਮਾ (50) ਵਾਸੀ ਸ਼ਤਾਬਗੜ੍ਹ ਦੀ ਮੌਤ ਹੋ ਗਈ, ਜਦਕਿ ਬੱਸ ਵਿਚ ਸਵਾਰ ਇੱਕ ਪੁਰਸ਼ ਸਮੇਤ 13 ਹੋਰ ਔਰਤਾਂ ਜਖ਼ਮੀ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਪਿੰਡ ਸ਼ਤਾਬਗੜ੍ਹ ਤੇ ਬੁਰਜ ਪਵਾਤ ਤੋਂ ਜੋ ਔਰਤਾਂ ਪਿੰਡ ਭੱਟੀਆਂ ਨੇੜ੍ਹੇ ਇੱਕ ਧਾਗਾ ਫੈਕਟਰੀ ਵਿਚ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਲੈ ਕੇ ਜਾ ਰਹੀ ਸੀ ਅਤੇ ਇਸ ਬੱਸ ਵਿਚ ਕਰੀਬ 20 ਸਵਾਰੀਆਂ ਸਨ।

ਇਹ ਬੱਸ ਮਾਛੀਵਾੜਾ ਤੋਂ 2 ਕਿਲੋਮੀਟਰ ਦੂਰੀ 'ਤੇ ਕੁਹਾੜਾ ਰੋਡ 'ਤੇ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਵਿਚ ਬੈਠੇ ਕਰਮਚਾਰੀਆਂ ਅਨੁਸਾਰ ਇੱਕਦਮ ਅਵਾਰਾ ਪਸ਼ੂ ਬੱਸ ਅੱਗੇ ਆ ਗਿਆ, ਜਿਸ ਕਾਰਨ ਡਰਾਈਵਰ ਸੰਤੁਲਨ ਗੁਆ ਬੈਠਾ ਅਤੇ ਬੱਸ ਪਲਟ ਗਈ। ਇਸ ਹਾਦਸੇ ਕਾਰਨ ਸਾਰੀਆਂ ਸਵਾਰੀਆਂ ਜਖ਼ਮੀ ਹੋ ਗਈਆਂ। ਰਾਹਗੀਰਾਂ ਵਲੋਂ ਤੁਰੰਤ ਜਖ਼ਮੀ ਹੋਈਆਂ ਸਵਾਰੀਆਂ ਨੂੰ ਮਾਛੀਵਾੜਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਧਾਗਾ ਫੈਕਟਰੀ ਦੇ ਅਧਿਕਾਰੀ ਤੇ ਮਾਛੀਵਾੜਾ ਪੁਲਸ ਮੌਕੇ 'ਤੇ ਪਹੁੰਚ ਗਈ।

ਹਸਪਤਾਲ 'ਚ ਇਲਾਜ ਦੌਰਾਨ ਡਾਕਟਰਾਂ ਨੇ ਰੁਕਮਾ ਔਰਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਜੋ 14 ਜਖ਼ਮੀ ਸਨ, ਉਨ੍ਹਾਂ 'ਚੋਂ 4 ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਮਾਛੀਵਾੜਾ ਹਸਪਤਾਲ 'ਚ ਇੱਕਦਮ ਇੰਨਾ ਜਖ਼ਮੀ ਪੁੱਜਣ ਕਾਰਨ ਕੁਰਲਾਹਟ ਮਚੀ ਹੋਈ ਸੀ ਅਤੇ ਜ਼ਖ਼ਮੀ ਹੋਈਆਂ ਔਰਤਾਂ ਦਰਦ ਨਾਲ ਬੁਰੀ ਤਰ੍ਹਾਂ ਤੜਪ ਰਹੀਆਂ ਸਨ।

ਸਿਵਲ ਹਸਪਤਾਲ ਡਾਕਟਰਾਂ ਦੀ ਟੀਮ ਵਲੋਂ ਸਾਰੇ ਮਰੀਜ਼ਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਅਤੇ ਜਿਉਂ ਹੀ ਜਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਵੀ ਸੂਚਨਾ ਮਿਲਣ ਤੋਂ ਬਾਅਦ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਜਖ਼ਮੀਆਂ ਵਿਚ ਸ਼ਤਾਬਗੜ੍ਹ ਅਤੇ ਬੁਰਜ ਪਵਾਤ ਦੇ ਹੀ ਵਾਸੀ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।
ਹੁਣ ਜਲਿਆਂਵਾਲਾ ਬਾਗ 'ਚ ਹੋਇਆ ਕਰੇਗੀ ਪਰੇਡ (ਵੀਡੀਓ)
NEXT STORY