ਹੁਸ਼ਿਆਰਪੁਰ(ਘੁੰਮਣ)-ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਕਿਹਾ ਕਿ ਬੱਸ ਅੱਡਾ ਹੁਸ਼ਿਆਰਪੁਰ, ਮਾਹਿਲਪੁਰ, ਗੜ੍ਹਸ਼ੰਕਰ, ਹਰਿਆਣਾ, ਗੜ੍ਹਦੀਵਾਲਾ, ਦਸੂਹਾ ਅਤੇ ਮੁਕੇਰੀਆਂ ਦੇ ਬਾਹਰ ਸੜਕਾਂ 'ਤੇ ਸਵਾਰੀ ਚੁੱਕਣ ਲਈ ਖੜ੍ਹੀਆਂ ਹੋਣ ਵਾਲੀਆਂ ਬੱਸਾਂ ਦੇ ਸਖਤੀ ਨਾਲ ਚਲਾਨ ਕੱਟੇ ਜਾਣ। ਸੜਕਾਂ ਦੇ ਆਲੇ-ਦੁਆਲੇ ਵਾਹਨ ਖੜ੍ਹੇ ਕਰਨ ਨਾਲ ਰਾਹਗੀਰਾਂ ਨੂੰ ਜਿਥੇ ਟਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਕਿਸੇ ਸਮੇਂ ਵੀ ਦੁਰਘਟਨਾ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਉਹ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਮਹੀਨੇ ਟਰੈਫਿਕ ਨਿਯਮ ਤੋੜਨ ਵਾਲਿਆਂ ਦੇ 4527 ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਪੂਰੀ ਤਰ੍ਹਾਂ ਨਾਲ ਜਾਣਕਾਰੀ ਹੋਣੀ ਚਾਹੀਦੀ ਹੈ। ਨੌਜਵਾਨ ਬਿਨਾਂ ਸੋਚੇ ਸਮਝੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਤੇਜ਼ ਗਤੀ ਨਾਲ ਵਾਹਨ ਚਲਾਉਂਦੇ ਹਨ, ਜਿਸ ਨਾਲ ਉਹ ਆਪਣੀ ਜਾਨ ਤਾਂ ਖਤਰੇ ਵਿਚ ਪਾਉਂਦੇ ਹੀ ਹਨ, ਦੂਜੇ ਵਾਹਨ ਚਾਲਕਾਂ ਲਈ ਵੀ ਹਾਦਸੇ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਗੈਰ -ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੇ ਬਾਹਰ ਸਾਈਲੈਂਸ ਜ਼ੋਨ ਸਬੰਧੀ ਬੋਰਡ ਲਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਕੂਲਾਂ ਵਿਚ ਪੜ੍ਹਦਿਆਂ ਬੱਚਿਆਂ ਅਤੇ ਇਲਾਜ ਅਧੀਨ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਘੁੰਮਣ ਵਾਲੇ ਆਵਾਰਾ ਪਸ਼ੂਆਂ ਦੀ ਰੋਕਥਾਮ ਲਈ ਵੀ ਇਕ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਜੋ ਆਵਾਰਾ ਪਸ਼ੂਆਂ ਕਾਰਨ ਸੜਕਾਂ 'ਤੇ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਵਾਹਨਾਂ 'ਤੇ ਪ੍ਰੈੱਸ਼ਰ ਹਾਰਨ ਦੀ ਵਰਤੋਂ ਕਰਨ ਵਾਲੇ ਵਾਹਨ ਚਾਲਕਾਂ ਦੇ ਵੀ ਸਖਤੀ ਨਾਲ ਚਲਾਨ ਕੱਟਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਨੌਜਵਾਨਾਂ ਵੱਲੋਂ ਸਾਇਲੈਂਸਰ ਤੋਂ ਬਗੈਰ ਚਲਾਏ ਜਾਣ ਵਾਲੇ ਮੋਟਰਸਾਈਕਲਾਂ ਦੇ ਚਲਾਨ ਕਰਨ ਲਈ ਵੀ ਕਿਹਾ।
ਇਸ ਮੌਕੇ ਐੱਸ. ਡੀ. ਐੱਮ. ਹੁਸ਼ਿਆਰਪੁਰ ਜਿਤੇਂਦਰ ਜ਼ੋਰਵਾਲ, ਐੱਸ. ਡੀ. ਐੱਮ. ਮੁਕੇਰੀਆਂ ਸ਼੍ਰੀਮਤੀ ਕੋਮਲ ਮਿੱਤਲ, ਐੱਸ. ਡੀ. ਐੱਮ. ਦਸੂਹਾ ਹਿਮਾਂਸ਼ੂ ਅਗਰਵਾਲ, ਜ਼ਿਲਾ ਟਰਾਂਸਪੋਰਟ ਅਫ਼ਸਰ ਸ਼੍ਰੀਮਤੀ ਜੀਵਨਜਗਜੋਤ ਕੌਰ, ਡੀ. ਐੱਸ. ਪੀ. (ਐੱਚ) ਜੰਗ ਬਹਾਦਰ ਸ਼ਰਮਾ, ਤਹਿਸੀਲਦਾਰ ਹੁਸ਼ਿਆਰਪੁਰ ਅਰਵਿੰਦ ਪ੍ਰਕਾਸ਼ ਵਰਮਾ, ਇੰਸਪੈਕਟਰ ਟ੍ਰੈਫਿਕ ਇੰਚਾਰਜ ਤਲਵਿੰਦਰ ਕੁਮਾਰ, ਮੈਂਬਰ ਅਸ਼ਵਨੀ ਕਪੂਰ, ਐੱਸ. ਕੇ. ਪੋਮਰਾ ਅਤੇ ਡਾ. ਵਿਭਾ ਗੁਪਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
'ਬਾਦਲ' ਦੀ ਬੀਮਾਰੀ ਕੈਪਟਨ ਨੂੰ ਪਈ ਭਾਰੀ
NEXT STORY