ਮੋਹਾਲੀ (ਰਾਣਾ)-25 ਅਗਸਤ ਨੂੰ ਪੰਚਕੂਲਾ ਸੀ. ਬੀ. ਆਈ. ਕੋਰਟ ਵਿਚ ਡੇਰਾ ਸੱਚਾ ਸੌਦਾ ਸਿਰਸਾ ਪ੍ਰਮੁੱਖ ਸੰਤ ਗੁਰਮੀਤ ਰਾਮ ਰਹੀਮ ਸਿੰਘ ਸਬੰਧੀ ਆਉਣ ਵਾਲੇ ਫੈਸਲੇ ਕਾਰਨ ਟ੍ਰਾਈਸਿਟੀ ਦੇ ਨਾਲ ਪੰਜਾਬ ਤੇ ਹਰਿਆਣਾ ਪੁਲਸ ਛਾਉਣੀ ਵਿਚ ਤਬਦੀਲ ਹੋ ਚੁੱਕਿਆ ਹੈ । ਪੂਰੇ ਸ਼ਹਿਰ ਵਿਚ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਨਾਲ ਹੀ ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਸਮਰਥਕਾਂ ਨੂੰ ਹਿਰਾਸਤ ਵਿਚ ਲੈਣਾ ਪਿਆ ਤਾਂ ਉਨ੍ਹਾਂ ਨੂੰ ਪੁਲਸ ਥਾਣੇ ਵਿਚ ਬਣੀਆਂ ਜੇਲਾਂ ਵਿਚ ਰੱਖਿਆ ਜਾਵੇਗਾ । ਸ਼ਹਿਰ ਵਿਚ ਪਹਿਲਾਂ 2000 ਪੁਲਸ ਜਵਾਨਾਂ ਦੀ ਨਿਯੁਕਤੀ ਕੀਤੀ ਗਈ ਸੀ, ਜਿਸ ਵਿਚ ਹੁਣ ਵਾਧਾ ਕਰ ਦਿੱਤਾ ਗਿਆ ਹੈ ।
ਹਰ ਜਗ੍ਹਾ ਨਾਕਾਬੰਦੀ : ਜਿਵੇਂ-ਜਿਵੇਂ 25 ਅਗਸਤ ਦੀ ਤਾਰੀਕ ਨੇੜੇ ਆ ਰਹੀ ਹੈ, ਉਸ ਦੇ ਕਾਰਨ ਪੰਚਕੂਲਾ ਵਿਚ ਸਮਰਥਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ । ਪੰਜਾਬ ਵਿਚ ਵੀ ਬਾਬੇ ਦੇ ਲੱਖਾਂ ਸਮਰਥਕ ਹਨ, ਜਿਨ੍ਹਾਂ ਨੂੰ ਰੋਕਣ ਲਈ ਮੋਹਾਲੀ ਤੇ ਪੂਰੇ ਜ਼ਿਲੇ ਵਿਚ ਅੰਦਰ ਆਉਣ ਤੇ ਬਾਹਰ ਜਾਣ ਵਾਲੇ ਰਸਤਿਆਂ 'ਤੇ ਪੁਲਸ ਨੇ ਨਾਕਾਬੰਦੀ ਕਰ ਦਿੱਤੀ ਹੈ । ਹਰੇਕ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੋਈ ਵੀ ਵਾਹਨ ਬਿਨਾਂ ਚੈਕਿੰਗ ਦੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ ।
ਸਾਰੇ ਹੋਟਲਾਂ ਵਾਲਿਆਂ ਨੂੰ ਹਦਾਇਤਾਂ : ਜ਼ਿਲਾ ਪ੍ਰਸ਼ਾਸਨ ਵਲੋਂ ਸਾਰੇ ਹੋਟਲਾਂ ਵਾਲਿਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਆਪਣੇ ਹੋਟਲ ਵਿਚ 2 ਵਿਅਕਤੀਆਂ ਤੋਂ ਜ਼ਿਆਦਾ ਕਿਸੇ ਨੂੰ ਰੂਮ ਨਹੀਂ ਦੇਣਗੇ ਤੇ ਨਾਲ ਹੀ ਸਾਰਿਆਂ ਦੇ ਅਸਲ ਦਸਤਾਵੇਜ਼ ਵੇਖ ਕੇ ਉਸਦੀ ਫੋਟੋ ਕਾਪੀ ਆਪਣੇ ਕੋਲ ਰੱਖਣਗੇ । ਪੁਲਸ ਵਲੋਂ ਲਾਏ ਨਾਕੇ 'ਤੇ ਜੇਕਰ ਜ਼ਿਆਦਾ ਵਿਅਕਤੀ ਪੈਦਲ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਤੇ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਕਿਥੇ ਤੇ ਕਿਸ ਕੰਮ ਲਈ ਜਾਣਾ ਹੈ । ਸਮਰਥਕਾਂ 'ਤੇ ਨਜ਼ਰ ਰੱਖਣ ਲਈ ਖੁਫੀਆਂ ਏਜੰਸੀ ਲੱਗੀ ਹੋਈ ਹੈ, ਜੋ ਹਰ ਮੂਵਮੈਂਟ 'ਤੇ ਨਜ਼ਰ ਰੱਖ ਰਹੀ ਹੈ ।
ਐੱਸ. ਪੀ. (ਸਿਟੀ-1) ਜਗਜੀਤ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਪੰਚਕੂਲਾ ਵਿਚ ਪੇਸ਼ੀ ਕਾਰਨ ਸ਼ਹਿਰ ਵਿਚ ਨਾਕਾਬੰਦੀ ਕਰ ਦਿੱਤੀ ਗਈ ਹੈ । ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਹਰ ਵਿਅਕਤੀ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਜੇਕਰ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਜਾਵੇਗਾ ਤਾਂ ਉਨ੍ਹਾਂ ਨੂੰ ਪੁਲਸ ਥਾਣਿਆਂ ਵਿਚ ਬਣੀਆਂ ਜੇਲਾਂ ਵਿਚ ਰੱਖਿਆ ਜਾਵੇਗਾ ।
ਕੁਰਾਲੀ, (ਬਠਲਾ)-ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਸਬੰਧਿਤ ਆਉਣ ਵਾਲੇ ਫੈਸਲੇ ਸਬੰਧੀ ਜਾਰੀ ਹਾਈ ਅਲਰਟ ਨੂੰ ਦੇਖਦਿਆਂ ਅੱਜ ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਾਹਲ ਵਲੋਂ ਜ਼ਿਲੇ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਕੁਰਾਲੀ-ਮੁੱਲਾਂਪੁਰ-ਚੰਡੀਗੜ੍ਹ ਮਾਰਗ 'ਤੇ ਐੱਸ. ਐੱਚ. ਓ. ਰਵਿੰਦਰਪਾਲ ਤੇ ਕੁਰਾਲੀ-ਸਿਸਵਾਂ ਮਾਰਗ 'ਤੇ ਐੱਸ. ਐੱਚ. ਓ. ਭਾਰਤ ਭੂਸ਼ਨ ਨੇ ਨਾਕੇ ਲਾ ਕੇ ਗੱਡੀਆਂ ਦੀ ਜਾਂਚ ਕੀਤੀ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਪ੍ਰਸ਼ਾਸਨ ਤਾਂ ਪੂਰੀ ਤਰ੍ਹਾਂ ਚੌਕਸ ਹੈ ਹੀ, ਇਸ ਤੋਂ ਇਲਾਵਾ ਸਮੂਹ ਮੋਹਤਬਰ ਵਿਅਕਤੀਆਂ ਦੀ ਗਠਿਤ ਕੀਤੀ 'ਪੀਸ ਕਮੇਟੀ' ਦੇ ਨੁਮਾਇੰਦੇ ਆਪੋ-ਆਪਣੇ ਇਲਾਕੇ 'ਚ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਉਹ ਲੋਕਾਂ ਨੂੰ ਸ਼ਾਂਤੀ ਤੇ ਭਾਈਚਾਰੇ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ ਲੋਕ ਅਮਨ-ਸ਼ਾਂਤੀ ਦੇ ਮਾਹੌਲ ਨੂੰ ਕਾਇਮ ਰੱਖਣ 'ਚ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ।
ਚੇਤਾਵਨੀ : ਹਾਲਾਤ ਖਰਾਬ ਹੋ ਸਕਦੇ ਹਨ, ਇਨ੍ਹਾਂ ਨਾਜ਼ੁਕ ਇਲਾਕਿਆਂ 'ਚ ਸਫਰ ਕਰਨ ਤੋਂ ਬਚੋ
NEXT STORY